ਗੁਰਭਜਨ ਗਿੱਲ
ਲੁਧਿਆਣਾ: 12 ਅਕਤੂਬਰ 2019 - ਉੱਘੇ ਹਾਸ ਵਿਅੰਗ ਕਲਾਕਾਰ ਤੇ ਮਾਰਕਫੈੱਡ ਦੇ ਸੇਵਾ ਮੁਕਤ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਾਲ ਮੁਕੰਦ ਸ਼ਰਮਾ ਦੀਆਂ ਕਲਾ ਤੇ ਪੇਂਡੂ ਵਿਕਾਸ ਦੇ ਖੇਤਰ ਚ ਮਾਰਕਫੈੱਡ ਰਾਹੀਂ ਸ਼ਾਨਦਾਰ 32 ਸਾਲ ਲੰਮੀਆਂ ਸੇਵਾਵਾਂ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਉਨ੍ਹਾਂ ਦੀ ਜੀਵਨ ਸਾਥਣ ਡਾ: ਕੰਚਨ ਸ਼ਰਮਾ ਸਮੇਤ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਲ ਮੁਕੰਦ ਸ਼ਰਮਾ, ਡਾ: ਜਸਵਿੰਦਰ ਭੱਲਾ,ਡਾ: ਸੁਖਨੈਨ ਤੇ ਗੁਰਪ੍ਰੀਤ ਸਿੰਘ ਤੂਰ 1983 ਤੋਂ ਹੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਕਾਲ ਤੋਂ ਹੀ ਮੇਰੇ ਸੰਪਰਕ ਵਿੱਚ ਲਗਾਤਾਰ ਰਹੇ ਹਨ।
ਇਨ੍ਹਾਂ ਚਾਰ ਦੋਸਤਾਂ ਨੇ ਸਿਰਫ਼ ਆਪਸ ਚ ਹੀ ਨਹੀਂ, ਪੰਜਾਬ ਦੀ ਮਿੱਟੀ, ਕਲਾ, ਜ਼ਿੰਦਗੀ ਤੇ ਸਭਿਆਚਾਰ ਨਾਲ ਦੋਸਤੀ ਪੁਗਾਈ ਹੈ। ਮੇਰੇ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਏਨੀ ਲੰਮੀ ਸਾਂਝ ਕਾਰਨ ਮੈਂ ਵੀ ਨਿਰੰਤਰ ਕਾਰਜਸ਼ੀਲ ਰਹਿ ਸਕਿਆ ਹਾਂ। ਇਹ ਦੱਸਦਿਆਂ ਮੈਂ ਹਮੇਸ਼ਾਂ ਤਸੱਲੀ ਮਹਿਸੂਸ ਕੀਤੀ ਹੈ ਕਿ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੀ ਕਲਾ ਖੇਤਰ ਚ ਪਹਿਲੀ ਪੇਸ਼ਕਸ਼ ਛਣਕਾਟਾ-88 ਦਾ ਯੋਜਨਾਕਾਰ ਸ: ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਚ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਮੈਂ ਹੀ ਸਾਂ। ਮੈਨੂੰ ਮਾਣ ਹੈ ਕਿ ਪੰਜਾਬ ਦੇ ਵੱਖ ਵੱਖ ਰੁਤਬਿਆਂ ਤੇ ਕਾਰਜਸ਼ੀਲ ਰਹਿ ਕੇ ਵੀ ਇਹ ਚਾਰ ਜਣੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਆਪਣੇ ਅਧਿਆਪਕਾਂ ਨੂੰ ਨਹੀਂ ਭੁੱਲੇ।
ਬਾਲ ਮੁਕੰਦ ਨੇ ਮਾਰਕਫੈੱਡ ਨੂੰ ਨਵੇਂ ਨਵੇਲੇ ਸੁਪਨਿਆਂ ਦਾ ਹਾਣੀ ਸਿਰਫ਼ ਦੇਸ਼ ਚ ਹੀ ਨਹੀਂ ਸਗੋਂ ਬਦੇਸ਼ ਚ ਵੀ ਬਣਾਇਆ ਹੈ।
ਇਸ ਮੌਕੇ ਉਸਦੇ ਸਹਿਪਾਠੀ ਗੁਰਪ੍ਰੀਤ ਸਿੰਘ ਤੂਰ ਤੇ ਡਾ:,ਜਸਵਿੰਦਰ ਭੱਲਾਆਪਣੀਆਂ ਜੀਵਨ ਸਾਥਣਾਂ ਡਾ: ਰੁਪਿੰਦਰ ਕੌਰ ਤੂਰ ਤੇ ਪਰਮਦੀਪ ਕੌਰ ਭੱਲਾ ਤੋਂ ਇਲਾਵਾ ਗਲਾਡਾ ਦੇ ਅਸਟੇਟ ਅਫ਼ਸਰ ਸ: ਹਰਪ੍ਰੀਤ ਸਿੰਘ ਸੇਖੋਂ, ਡਾ: ਅਮਰਜੀਤ ਕੌਰ ਸੇਖੋਂ ਤੇ ਪ੍ਰੋ: ਰਵਨੀਤ ਕੌਰ ਗਿੱਲ ਆਪਣੀ ਬੇਟੀ ਅਸੀਸ ਕੌਰ ਸਮੇਤ ਹਾਜ਼ਰ ਸਨ।
ਸਨਮਾਨ ਹਾਸਲ ਕਰਨ ਉਪਰੰਤ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਇਸ ਦੇ ਅਧਿਆਪਕ ਹਮੇਸ਼ਾਂ ਹੀ ਸਾਨੂੰ ਸਭ ਨੂੰ ਪ੍ਰੇਰਨਾ ਤੇ ਪਿਆਰ ਨਾਲ ਸਿੰਜਦੇ ਰਹੇ ਹਨ ਜਿਸ ਕਾਰਨ ਅਸੀਂ ਆਪੋ ਆਪਣੇ ਖੇਤਰ ਚ ਧਰਤੀ ਮਾਂ ਦਾ ਕੁਝ ਕਰਜ਼ਾ ਮੋੜ ਸਕੇ ਹਾਂ। ਹੁਣ ਹੋਰ ਵੀ ਵਧੇਰੇ ਸ਼ਕਤੀ ਨਾਲ ਤੁਰਨਾ ਸਾਡਾ ਪੱਕਾ ਪ੍ਰਣ ਹੋਵੇਗਾ।