ਲੁਧਿਆਣਾ: 9 ਫਰਵਰੀ 2021 - ਦੇਸ਼ ਵੰਡ ਮਗਰੋਂ ਰਾਵੀ ਪਾਰੋਂ ਆ ਕੇ ਲੁਧਿਆਣਾ ਚ ਵੱਸੇ ਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਪੇਸ਼ਕਾਰ ਸ਼੍ਰੀ ਸੰਤ ਰਾਮ ਖੀਵਾ ਦਾ ਲੁਧਿਆਣਾ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ।
ਸੰਤ ਰਾਮ ਖੀਵਾ ਉਸਤਾਦ ਗੀਤਕਾਰ ਤੇ ਗਾਇਕ ਨਰਿੰਦਰ ਖੇਦੀ ਕਰਤਾਰਪੁਰ ਵਾਲਿਆਂ ਦੇ ਸ਼ਾਗਿਰਦ ਸਨ। ਆਕਾਸ਼ਵਾਣੀ ਜਲੰਧਰ ਤੋਂ ਲੋਕ ਸੰਗੀਤ ਪੇਸ਼ਕਾਰੀਆਂ ਲਈ ਉਹ ਪ੍ਰਵਾਣਿਤ ਕਲਾਕਾਰ ਸਨ।
ਚੋਟੀ ਦੀਆਂ ਲੋਕ ਗਾਇਕਾਵਾਂ ਰਣਜੀਤ ਕੌਰ,ਸਵਰਨ ਲਤਾ, ਮਹਿੰਦਰਜੀਤ ਸੇਖੋਂ, ਸੁਰਜੀਤ ਕੌਰ,ਸਨੇਹ ਲਤਾ, ਸੁਰਿੰਦਰ ਸੋਨੀਆ ਨਾਲ ਵੀ ਖੀਵਾ ਜੀ ਦੋਗਾਣਾ ਗਾਇਕੀ ਪੇਸ਼ ਕਰਦੇ ਰਹੇ। ਸੰਗੀਤ ਉਸਤਾਦ ਵਜੋਂ ਆਪ ਦੇ ਸ਼ਾਗਿਰਦਾਂ ਵਿੱਚ ਫ਼ਕੀਰ ਚੰਦ ਪਤੰਗਾ,ਸੁਰਿੰਦਰ ਸੋਨੀਆ ਤੇ ਸੁਨੀਤਾ ਭੱਟੀ ਪ੍ਰਮੁੱਖ ਹਨ। ਭੰਗੜੇ ਵਿੱਚ ਸੈਂਕੜੇ ਨੌਜਵਾਨਾਂ ਨੂੰ ਅਗਵਾਈ ਦਿੱਤੀ ਜਿੰਨਘਾਂ ਚੋਂ ਉਨ੍ਹਾਂ ਦੇ ਭਤੀਜੇ ਟਹਿਲ ਸਿੰਘ ਖੀਵਾ ਪ੍ਰਮੁੱਖ ਹਨ।
ਲੁਧਿਆਣਾ ਨੂੰ ਸੰਗੀਤ ਦੀ ਰਾਜਧਾਨੀ ਬਣਾਉਣ ਵਿੱਚ ਸੰਤ ਰਾਮ ਖੀਵਾ ਦਾ ਵੀ ਬਹੁਤ ਵੱਡਾ ਯੋਗਦਾਨ ਸੀ।
ਪੰਜਾਬ ਵਿੱਚ ਭੰਗੜੇ ਨੂੰ ਮੁੜ ਸੁਰਜੀਤ ਕਰਨ ਵਾਲੇ ਮੋਢੀਆਂ ਵਿੱਚੋਂ ਉਸਤਾਦ ਭਾਨਾ ਰਾਮ ਢੋਲੀ ਸੁਨਾਮੀ ਦੇ ਭਣੇਵੇਂ ਸਨ ਸੰਤ ਰਾਮ ਖੀਵਾ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਸੰਤ ਰਾਮ ਨੇ ਸੰਦੀਤ ਤੇ ਲੋਕ ਨਾਚ ਭੰਗੜੇ ਨੂੰ ਅਪਣਾਇਆ।
ਉੱਘੇ ਲੋਕ ਗਾਇਕ ਪੰਮੀ ਬਾਈ ਨੇ ਖੀਵਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ ਉਸਤਾਦ ਭਾਨਾ ਰਾਮ ਦੇ ਸ਼ਾਗਿਰਦ ਮਨੋਹਰ ਦੀਪਕ ਦੀ ਸੰਗਤ ਸਦਕਾ ਸੰਤ ਰਾਮ ਖੀਵਾ ਹਰ ਸਾਲ ਮੁੰਬਈ ਵਿੱਚ ਪੰਜਾਬ ਤੋਂ ਸਭਿਆਚਾਰਕ ਟਰੁੱਪ ਲੈ ਕੇ ਲਗ ਪਗ 40 ਸਾਲ ਜਾਂਦੇ ਰਹੇ।
ਸੰਤ ਰਾਮ ਖੀਵਾ ਜੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਭਜਨ ਮਾਨ, ਪੰਮੀ ਬਾਈ, ਜਸਬੀਰ ਜੱਸੀ,ਭੰਗੜਾ ਕਲਾਕਾਰ ਮਾਸਟਰ ਹਰਭਜਨ ਸਿੰਘ, ਜੋਗਾ ਸਿੰਘ ਸੇਖੋਂ, ਜਸਵਿੰਦਰ ਸੁਨਾਮੀ, ਪ੍ਰੋ: ਮੇਜਰ ਸਿੰਘ ਚੱਠੇ ਸੇਖਵਾਂ, ਹਰਵਿੰਦਰ ਸਿੰਘ ਬਾਜਵਾ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਨਿਰਮਲ ਜੌੜਾ, ਉੱਘੇ ਲੇਖਕ ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ,ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੀ ਸੰਤ ਰਾਮ ਖੀਵਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17 ਫਰਵਰੀ ਨੂੰ ਗੁਰਦੁਆਰਾ ਭਾਈ ਵਾਲਾ ਸਾਹਿਬ ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ।