ਪ੍ਰਸਿੱਧ ਇਤਹਾਸਕਾਰ ਪ੍ਰੋ. ਜੇ. ਐੱਸ. ਗਰੇਵਾਲ ਦੇ ਫ਼ੌਤ ਹੋਣ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੋਕ ਮਤਾ
ਪਟਿਆਲਾ, 12 ਅਗਸਤ 2022 - ਪੰਜਾਬੀ ਮੂਲ ਦੇ ਉੱਘੇ ਇਤਹਾਸਕਾਰ ਪ੍ਰੋ.ਜੇ.ਐੱਸ. ਗਰੇਵਾਲ ਦੇ ਫ਼ੌਤ ਹੋਣ ਉੱਤੇ ਪੰਜਾਬੀ ਯੂਨੀਵਰਸਿਟੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।
ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵਿਖੇ ਚਲਦੇ ਇੱਕ ਪ੍ਰੋਗਰਾਮ ਦੌਰਾਨ ਪ੍ਰੋ. ਜੇ. ਐੱਸ. ਗਰੇਵਾਲ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
ਜਿ਼ਕਰਯੋਗ ਹੈ ਕਿ ਪ੍ਰੋ. ਜੇ. ਐੱਸ. ਗਰੇਵਾਲ ਪੰਜਾਬੀ ਯੂਨੀਵਰਸਿਟੀ ਨਾਲ ਵੱਖ-ਵੱਖ ਰੂਪਾਂ ਵਿੱਚ ਜੁੜੇ ਰਹੇ ਹਨ। ਉਹ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ 'ਵਿਜ਼ਟਿੰਗ ਪ੍ਰੋਫ਼ੈਸਰ' ਵਜੋਂ ਅਤੇ ਯੂਨੀਵਰਸਿਟੀ ਵਿਖੇ ਹੀ ਸਥਿਤ 'ਵਰਲਡ ਪੰਜਾਬੀ ਸੈਂਟਰ' ਵਿੱਚ ਮੋਢੀ ਡਾਇਰੈਕਟਰ ਵਜੋਂ ਕਾਰਜਸ਼ੀਲ ਰਹੇ ਹਨ। ਪੰਜਾਬੀ ਯੂਨੀਵਰਸਿਟੀ ਵਿਖੇ ਉਨ੍ਹਾਂ ਵੱਲੋਂ ਦਿੱਤੇ ਗਏ ਵੱਖ-ਵੱਖ ਭਾਸ਼ਣਾਂ ਵਿੱਚੋਂ ਸੰਪਾਦਿਤ ਸਮੱਗਰੀ ਨੂੰ ਯੂਨੀਵਰਸਿਟੀ ਵੱਲੋਂ ਦੋ ਭਾਗਾਂ ਵਿੱਚ ਪੁਸਤਕ ਰੂਪ ਵਿੱਚ ਛਾਪਿਆ ਵੀ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਿਰਫ਼ ਪੰਜਾਬੀ ਯੂਨੀਵਰਸਿਟੀ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਲਈ ਇੱਕ ਮੰਦਭਾਗਾ ਦਿਨ ਹੈ ਜਦੋਂ ਅਸੀਂ ਇੱਕ ਕੌਮਾਂਤਰੀ ਪੱਧਰ ਦਾ ਆਪਣਾ ਇੱਕ ਵੱਡਾ ਇਤਿਹਾਸਕਾਰ ਖੋ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਅਤੇ ਵਿਸ਼ੇਸ਼ਕਰ ਸਿੱਖ ਇਤਿਹਾਸ ਵਿੱਚ ਉਨ੍ਹਾਂ ਨੇ ਬਹੁਤ ਪਾਏਦਾਰ ਕੰਮ ਕੀਤਾ ਹੈ ਜੋ ਮਿਆਰ ਅਤੇ ਮਿਕਦਾਰ ਪੱਖੋਂ ਬੇਹੱਦ ਸ਼ਲਾਘਾਯੋਗ ਹੈ। ਅਜਿਹੀ ਸ਼ਖ਼ਸੀਅਤ ਦਾ ਵਿਛੋੜਾ ਸੱਚਮੁੱਚ ਅਸਹਿ ਹੁੰਦਾ ਹੈ। ਉਨ੍ਹਾਂ ਦੇ ਇਸ ਦੁਨੀਆਂ ਉੱਤੋਂ ਚਲੇ ਜਾਣ ਨਾਲ ਪੰਜਾਬੀ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਟੀ ਵੱਲੋਂ ਪ੍ਰੋ. ਜੇ. ਐੱਸ. ਗਰੇਵਾਲ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਨਾਲ ਜੁੜੀਆਂ ਵੱਖ-ਵੱਖ ਯਾਦਾਂ ਨੂੰ ਤਾਜ਼ਾ ਕਰਨ ਲਈ ਅਗਲੇ ਹਫ਼ਤੇ ਬੁੱਧਵਾਰ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਨਾਲ ਪ੍ਰੋ. ਗਰੇਵਾਲ ਦੀ ਸਾਂਝ ਬਾਰੇ ਗੱਲ ਕਰਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਹਾਲੇ ਪਿਛਲੇ ਸਾਲ 2021 ਦੌਰਾਨ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਸਮੇਂ ਕਰਵਾਏ ਗਏ ਆਨਲਾਈਨ ਪ੍ਰੋਗਰਾਮ ਵਿੱਚ ਜਦੋਂ ਪ੍ਰੋ. ਗਰੇਵਾਲ ਨੂੰ ਮੁੱਖ ਬੁਲਾਰੇ ਦੇ ਰੂਪ ਵਿੱਚ ਸਿ਼ਰਕਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ ਖੁਸ਼ੀ ਸਹਿਤ ਸਵੀਕਾਰਦਿਆਂ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਆਪਣੀ ਸਾਂਝ ਬਾਰੇ ਗੱਲਬਾਤ ਕੀਤੀ ਗਈ ਸੀ।
ਜਿ਼ਕਰਯੋਗ ਹੈ ਕਿ ਪ੍ਰੋ. ਜੇ. ਐੱਸ. ਗਰੇਵਾਲ ਮੱਧਕਾਲ ਅਤੇ ਆਧੁਨਿਕ ਭਾਰਤੀ ਇਤਿਹਾਸ ਦੇ ਖੇਤਰ ਵਿੱਚ ਇੱਕ ਕੌਮਾਂਤਰੀ ਸ਼ਖ਼ਸੀਅਤ ਸਨ। ਇਤਿਹਾਸ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ 60 ਦੇ ਕਰੀਬ ਪੁਸਤਕਾਂ ਪ੍ਰਕਾਸਿ਼ਤ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਮੋਨੋਗਰਾਫ਼, ਲੇਖ ਸੰਗ੍ਰਹਿ, ਫ਼ਾਰਸੀ ਦੇ ਵੱਖ-ਵੱਖ ਸਰੋਤ ਅਤੇ ਸੰਪਾਤਿਕ ਪੁਸਤਕਾਂ ਸ਼ਾਮਿਲ ਸਨ। ਉਨ੍ਹਾਂ ਵੱਲੋ 100 ਤੋਂ ਵਧੇਰੇ ਖੋਜ ਪੱਤਰ ਪ੍ਰਕਾਸਿ਼ਤ ਕਰਵਾਏ ਗਏ। 1963 ਵਿੱਚ ਯੂਨੀਵਰਸਿਟੀ ਆਫ਼ ਲੰਡਨ ਤੋਂ ਇਤਿਹਾਸ ਵਿਸ਼ੇ ਉੱਤੇ ਪੀ-ਐੱਚ.ਡੀ. ਕਾਰਨ ਵਾਲੇ ਪ੍ਰੋ. ਗਰੇਵਾਲ 1964 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਫ਼ੈਕਲਟੀ ਮੈਂਬਰ ਬਣੇ।
1969 ਵਿੱਚ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮੌਕੇ ਉਨ੍ਹਾਂ ਵੱਲੋਂ 'ਗੁਰੂ ਨਾਨਕ ਇਨ ਹਿਸਟਰੀ' ਨਾਮਕ ਪ੍ਰਸਿੱਧ ਪੁਸਤਕ ਪ੍ਰਕਾਸਿ਼ਤ ਕਰਵਾਈ ਗਈ ਜਿਸ ਕਾਰਨ ਉਨ੍ਹਾਂ ਨੂੰ 1971 ਵਿੱਚ ਡੀ. ਲਿਟ ਦੀ ਡਿਗਰੀ ਪ੍ਰਾਪਤ ਹੋਈ। 1980 ਵਿੱਚ ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਵੱਲੋਂ ਆਪਣੀ 'ਨਿਊ ਕੈਂਬਰਿਜ ਹਿਸਟਰੀ ਆਫ਼ ਇੰਡੀਆ' ਲੜੀ ਲਈ ਸਿੱਖਾਂ ਬਾਰੇ ਲਿਖਣ ਲਈ ਸੱਦਾ ਦਿੱਤਾ ਗਿਆ।
ਪ੍ਰੋ. ਜੇ. ਐੱਸ. ਗਰੇਵਾਲ ਦੀਆਂ ਪ੍ਰਾਪਤੀਆਂ ਦੀ ਲੜੀ ਬੇਹੱਦ ਲੰਬੀ ਹੈ। ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਮੌਕੇ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੀ ਹੈ।