ਚੰਡੀਗੜ੍ਹ, 18 ਮਈ 2021 : ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕਰੋਨਾ ਕਾਰਨ ਵਿਛੋੜਾ ਦੇ ਗਏ ਲੋਕ ਮੁਖੀ ਕਲਮਕਾਰ ਮਹਿੰਦਰ ਸਾਥੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਥੀ ਸਚਮੁੱਚ ਹੀ ਆਪਣੇ ਸਮਾਜ ਵਿਚ ਦੱਬੇ ਕੁਚਲੇ ਤੇ ਮਿਹਨਤਕਸ਼ ਲੋਕਾਂ ਦਾ ਸੱਚਾ ਸਾਥੀ ਤੇ ਹਮਦਰਦ ਸੀ। ਡਾ ਪਾਤਰ ਨੇ ਪੰਜਾਬ ਕਲਾ ਪਰਿਸ਼ਦ ਵਲੋਂ ਸਾਥੀ ਨੂੰ ਸ਼ਰਧਾਂਜਲੀ ਦਿੰਦਿਆਂ ਉਨਾ ਦੇ ਪਰਿਵਾਰ ਨਾਲ ਹਮਦਰਦੀ ਜਿਤਾਈ ਹੈ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਮਹਿੰਦਰ ਸਾਥੀ ਆਪਣੀਆਂ ਲਿਖਤਾਂ ਸਦਕਾ ਅਮਰ ਰਹੇਗਾ।
ਉਹ ਪ੍ਰਪੱਕ ਸ਼ਾਇਰ ਦੇ ਨਾਲ ਨਾਲ ਮਿਲਣਸਾਰ ਮਨੁੱਖ ਸੀ। ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਸਾਥੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਖਿਆ ਹੈ ਕਿ "ਮਿਸ਼ਾਲਾਂ ਬਾਲਕੇ ਚਲਣਾ" ਜਿਹੀ ਅਮਰ ਰਚਨਾ ਕਰਨ ਵਾਲਾ ਇਹ ਸ਼ਾਇਰ ਸਵੈਮਾਨ ਤੇ ਅਣਖ ਵਾਲਾ ਜਿਊੜਾ ਸੀ, ਜਿਸ ਨੇ ਮੋਗਾ ਸ਼ਹਿਰ ਵਿਚ ਰਹਿੰਦੇ ਹੋਏ ਆਪਣੀ ਕਾਵਿ ਕਲਾ ਦਾ ਲੋਹਾ ਦੂਰ ਦੂਰ ਤੀਕ ਮਨਵਾਇਆ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਸਾਥੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਾਥੀ ਨਾ ਭੁੱਲਣ ਵਾਲੀ ਸਖਸ਼ੀਅਤ ਦਾ ਮਾਲਕ ਸੀ। ਹੈ। ਉਹ ਮਿਲਾਪੜਾ ਇਨਸਾਨ ਤੇ ਵਿਦਵਾਨ ਕਵੀ ਸੀ। ਪੰਜਾਬ ਕਲਾ ਪਰਿਸ਼ਦ ਅਜ ਉਨਾ ਦੇ ਵਿਛੋੜੇ ਉਤੇ ਸਿਜਦਾ ਕਰਦਿਆਂ ਅਫਸੋਸ ਪ੍ਰਗਟ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।