ਹਰਦਮ ਮਾਨ
ਸਰੀ, 22 ਜਨਵਰੀ 2020 - ਵੈਨਕੂਵਰ ਵਿਚਾਰ ਮੰਚ ਵੱਲੋਂ ਕੈਨੇਡਾ ਦੇ ਪੰਜਾਬੀ ਚਿਤਰਕਾਰਾਂ ਦੀ ਕਲਾ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਦਾ ਕਾਰਜ ਕਰ ਰਹੀ ਡਾ. ਦਲਜੀਤ ਕੌਰ ਨਾਲ ਪੰਜਾਬ ਭਵਨ ਸਰੀ ਵਿਖੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਮੰਚ ਦੇ ਬੁਲਾਰੇ ਅੰਗਰੇਜ਼ ਬਰਾੜ ਦੇ ਸਵਾਗਤੀ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ ਅਤੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਮੰਚ ਦੀ ਸਥਾਪਨਾ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨੇ ਡਾ. ਦਲਜੀਤ ਕੌਰ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਬਹੁਤ ਹੀ ਸ਼ਿੱਦਤ ਨਾਲ ਕਲਾ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਚਿਤਰਕਾਰਾਂ ਉਪਰ ਵਡਮੁੱਲਾ ਖੋਜ ਕਾਰਜ ਕਰ ਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।
ਡਾ. ਦਲਜੀਤ ਕੌਰ ਨੇ ਆਪਣੇ ਮਿਸ਼ਨ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਪੰਜਾਬੀ ਆਰਟਿਸਟ ਦੁਨੀਆਂ ਦੇ ਹਰ ਕੋਨੇ ਵਿਚ ਹਨ ਪਰ ਫੇਰ ਵੀ ਅਸੀਂ ਫਾਈਨ ਆਰਟ ਵਿਚ ਹੋਰਨਾਂ ਤੋਂ ਪਿੱਛੇ ਹਾਂ। ਏਨੇ ਉਚਕੋਟੀ ਦੇ ਪੰਜਾਬੀ ਆਰਟਿਸਟ ਹੋਏ ਹਨ ਪਰ ਅਫਸੋਸ ਹੈ ਕਿ ਸਾਡੇ ਸਮਾਜ ਵਿਚ, ਏਥੋਂ ਤੱਕ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੱਕ ਉਨ੍ਹਾਂ ਦੀ ਕੋਈ ਪਛਾਣ ਨਹੀਂ। ਇਸੇ ਮਕਸਦ ਨੂੰ ਲੈ ਕੇ ਹੀ ਉਨ੍ਹਾਂ ਆਪਣਾ ਕਾਰਜ ਸ਼ੁਰੂ ਕੀਤਾ ਅਤੇ ਕੈਨੇਡਾ ਦੇ ਚੋਣਵੇਂ ਪੰਜਾਬੀ ਆਰਟਿਸਟਾਂ, ਜਿਨ੍ਹਾਂ ਵਿਚ ਸੋਹਣ ਸਿੰਘ ਕਾਦਰੀ, ਆਰ. ਐਸ. ਰਣੀਆਂ, ਮਨਜੀਤ ਸਿੰਘ ਚਾਤ੍ਰਿਕ, ਜਰਨੈਲ ਸਿੰਘ ਆਰਟਿਸਟ, ਜੀਤ ਔਲਖ, ਸਰਿੰਦਰ ਧਾਲੀਵਾਲ, ਬਲਜੀਤ ਸਿੰਘ ਗਿੱਲ ਸ਼ਾਮਲ ਹਨ, ਨੂੰ ਆਪਣੀ ਪਹਿਲੀ ਖੋਜ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਹਰ ਮਨੁੱਖ ਨੂੰ ਜ਼ਿੰਦਗੀ ਮਾਣਨ ਦੇ ਹੱਕ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਘਰੋਂ ਬਾਹਰ ਨਿਕਲ ਹੀ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਇਸ ਸਬੰਧ ਵਿਚ ਸ੍ਰੀ ਗੁਰੂ ਨਾਨਕ ਜੀ ਦੀ ਉਦਾਹਰਣ ਦਿੰਦਿਆਂ ਡਾ. ਦਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਘਰੋਂ ਬਾਹਰ ਨਿਕਲ ਕੇ ਹੀ ਦੁਨੀਆਂ ਦੇ ਵਿਸ਼ਾਲ ਗਿਆਨ ਨਾਲ ਸਾਨੂੰ ਮਾਲੋਮਾਲ ਕੀਤਾ ਹੈ।
ਪ੍ਰਸਿੱਧ ਪੰਜਾਬੀ ਕਵੀ ਅਜਮੇਰ ਰੋਡੇ ਨੇ ਡਾ. ਦਲਜੀਤ ਕੌਰ ਦੇ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬੀ ਚਿਤਰਕਾਰਾਂ ਦੀ ਅਮੂਕ ਕਲਾ ਨੂੰ ਪ੍ਰਦਰਸ਼ਿਤ ਕਰਨ ਅਤੇ ਲੋਕਾਂ ਤੀਕ ਪੁਚਾਉਣ ਦੀ ਇਹ ਪਹਿਲੀ ਕੋਸ਼ਿਸ਼ ਹੈ ਅਤੇ ਇਸ ਬੇਹੱਦ ਔਖੇ ਕਾਰਜ ਲਈ ਉਹ ਵਧਾਈ ਦੇ ਪਾਤਰ ਹਨ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਡਾ. ਦਲਜੀਤ ਕੌਰ ਦੇ ਇਸ ਕਾਰਜ ਨੇ ਦਰਸਾ ਦਿੱਤਾ ਹੈ ਕਿ ਉਹ ਜਨੂੰਨ ਦੀ ਹੱਦ ਤੱਕ ਕਲਾ ਨੂੰ ਪਿਆਰਦੇ, ਸਤਿਕਾਰਦੇ ਅਤੇ ਮਾਣਦੇ ਹਨ।
ਇਸ ਮੌਕੇ ਮੰਚ ਵੱਲੋਂ ਡਾ. ਦਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਨਦੀਮ ਪਰਮਾਰ, ਕਵਿੰਦਰ ਚਾਂਦ, ਰਣਜੀਤ ਸਿੰਘ ਨਿੱਝਰ, ਸੁਖਵਿੰਦਰ ਚੋਹਲਾ, ਹਰਦਮ ਮਾਨ, ਬਿੰਦੂ ਮਠਾੜੂ, ਕ੍ਰਿਸ਼ਨ ਬੈਕਟਰ ਅਤੇ ਕੁਲਦੀਪ ਸਿੰਘ ਬਾਸੀ ਸ਼ਾਮਲ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com