ਚੰਡੀਗੜ੍ਹ, 3 ਮਈ 2021 : ਉੱਘੇ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੇ ਜਨਮ ਦਿਨ ਉਤੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਨਾ ਨੂੰ ਵਧਾਈ ਦਿਤੀ ਹੈ ਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਸ੍ਰ ਚੰਨੀ ਨੇ ਆਖਿਆ ਕਿ ਸ੍ਰ ਗਿੱਲ ਨੇ ਆਪਣੀ ਕਲਮ ਰਾਹੀਂ ਦਰਜਨ ਤੋਂ ਵਧੀਕ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਕੇ ਮਾਂ ਬੋਲੀ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਗਿੱਲ ਪਰਿਵਾਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਸ੍ਰ ਗਿੱਲ ਅਨੇਕਾਂ ਲੇਖਕਾਂ ਤੇ ਕਲਾ ਨੂੰ ਪਿਆਰਨ ਵਾਲੇ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਦਾ ਸੋਮਾ ਬਣਦੇ ਆ ਰਹੇ ਹਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਪ੍ਰੋ ਯੋਗਰਾਜ ਨੇ ਆਖਿਆ ਕਿ ਸ੍ਰ ਗਿੱਲ ਨੇ ਕਵਿਤਾ ਦੇ ਨਾਲ ਨਾਲ ਬੜੇ ਪਿਆਰੇ ਗੀਤ ਵੀ ਲਿਖੇ, ਜੋ ਵਿਸ਼ਵ ਪ੍ਰਸਿੱਧ ਗਾਇਕਾਂ ਨੇ ਗਾਏ ਹਨ ਤੇ ਹਰਮਨ ਪਿਆਰੇ ਹੋਏ। ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋ ਗੁਰਭਜਨ ਗਿੱਲ ਬਹੁਪੱਖੀ ਲੇਖਕ ਹਨ ਤੇ ਆਪ ਨੇ ਕਾਲਮ ਨਵੀਸ ਦੇ ਤੌਰ ਉਤੇ ਵੀ ਕਲਮ ਅਜਮਾਈ ਹੈ। " ਕੈਮਰੇ ਦੀ ਅਖ ਬੋਲਦੀ" ਅਜੀਤ ਵਿਚ ਛਪਿਆ ਕਾਲਮ ਬੜਾ ਮਸ਼ਹੂਰ ਰਿਹਾ। ਅਜ ਪ੍ਰੋ ਗੁਰਭਜਨ ਗਿੱਲ ਨੂੰ ਕਲਾ ਪਰਿਸ਼ਦ ਦੇ ਨਾਲ ਨਾਲ ਉਨਾ ਦੇ ਪਾਠਕ ਵਰਗ ਤੇ ਚਹੇਤਿਆਂ ਨੇ ਵੀ ਜਨਮ ਦਿਨ ਦੀਆਂ ਮੁਬਾਰਕਾਂ ਦਿਤੀਆਂ ਹਨ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।