ਨੌਜਵਾਨ ਲੇਖਕ ਮਨਜਿੰਦਰ ਮਾਖਾ ਹੋਏ ਪਾਠਕਾਂ ਤੇ ਲੇਖਕਾਂ ਦੇ ਰੂਬਰੂ
ਚੰਡੀਗੜ੍ਹ, 6 ਸਤੰਬਰ 2022 - ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਰਹਿਨੁਮਾਈ ਹੇਠ ਪੰਜਾਬ ਕਲਾ ਭਵਨ ਵਿਖੇ ਬੂਟਾ ਬੁੱਕ ਸੈਂਟਰ ਵਲੋਂ ਆਰੰਭ ਕੀਤੇ "ਆਓ ਮਿਲੀਏ" ਲੜੀਵਾਰ ਸਾਹਿਤਕ ਪ੍ਰੋਗਰਾਮ ਤਹਿਤ ਇਕ ਆਥਣ ਸਮੇਂ ਨੌਜਵਾਨ ਲੇਖਕ ਮਨਜਿੰਦਰ ਮਾਖਾ ਨਾਲ ਰੂਬਰੂ ਕੀਤਾ ਗਿਆ। ਮਾਖਾ ਨੇ ਆਪਣੇ ਨਾਵਲ 'ਬਲੱਡ ਲਾਈਨ' ਦੀ ਸਿਰਜਣਾ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਹਰ ਸਮੇਂ ਸ਼ਬਦ ਕਲਾ ਨੂੰ ਸਮਰਪਿਤ ਰਹਿੰਦਾ ਹੈ ਤੇ ਨਾਵਲ ਦੇ ਪਾਤਰਾਂ ਨਾਲ ਜਦੋ ਜਹਿਦ ਕਰਦਾ ਰਿਹਾ। ਇਸ ਮੌਕੇ ਉਸਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ, ਉਨਾਂ ਦੀ ਕਵਿਤਾ ਅਨੰਦ ਮੰਗਲ ਖੂਬ ਸਲਾਹੀ ਗਈ ।
ਮਾਖਾ ਨੇ ਆਪਣੇ ਨੇੜਲੇ ਦੋਸਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ ਤੇ ਉਹ ਭਾਵੁਕ ਹੋਇਆ। ਮਾਖਾ ਦਾ ਪੁਸਤਕਾਂ ਦੇ ਸੈਟ ਤੇ ਮਾਣ ਪੱਤਰ ਨਾਲ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡਾ ਲਾਭ ਸਿੰਘ ਖੀਵਾ ਨੇ ਕਰਦਿਆਂ ਆਖਿਆ ਕਿ ਇਸ ਵੇਲੇ ਨੌਜਵਾਨ ਲੇਖਕਾਂ ਨੂੰ ਲਾਮਬੰਦ ਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਉਘੇ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਾਹਿਤਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਬਰਨਾਲਾ ਤੋਂ ਆਏ ਕਹਾਣੀਕਾਰ ਪਰਮਜੀਤ ਮਾਨ ਤੇ ਪੰਜਾਬ ਸਰਕਾਰ ਦੇ ਡਿਪਟੀ ਐਡਵੋਕੇਟ ਜਨਰਲ ਸਰਬਜੀਤ ਚੀਮਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ।
ਇਸ ਸਮੇਂ ਪੰਜਾਬੀ ਦੇ ਲੇਖਕ ਤੇ ਪਾਠਕ ਭਰਵੀਂ ਗਿਣਤੀ ਵਿਚ ਪੁੱਜੇ। ਜਿਲਾ ਭਾਸ਼ਾ ਅਫਸਰ ਮੋਹਾਲੀ ਡਾ ਦਵਿੰਦਰ ਬੋਹਾ, ਕਹਾਣੀਕਾਰ ਹਰਪ੍ਰੀਤ ਚਨੂੰ, ਪ੍ਰੋ ਦਿਲਬਾਗ, ਗੁਰਜੰਟ ਸਿੰਘ, ਬੂਟਾ ਸਿੰਘ, ਸਮੇਤ ਕਈ ਹਸਤੀਆਂ ਆਈਆਂ ਤੇ ਧੰਨਵਾਦ ਬੂਟਾ ਬੁਕ ਸੈਂਟਰ ਵਲੋਂ ਕੀਤਾ ਗਿਆ। ਪੰਜਾਬ ਆਰਟਸ ਕੌਂਸਲ ਦੇ ਮੀਡੀਆ ਅਫਸਰ ਨਿੰਦਰ ਘੁਗਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਆਏ ਲੇਖਕਾਂ ਦਾ ਸਵਾਗਤ ਕੀਤਾ ਤੇ ਹਲਕੇ ਫੁਲਕੇ ਅੰਦਾਜ ਵਿੱਚ ਸਾਹਿਤਕ ਬਾਤਾਂ ਪਾਈਆਂ। ਬੂਟਾ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਦਰਵਾੜਾ ਹੋਇਆ ਕਰੇਗਾ ਤੇ ਕਹਾਣੀਕਾਰ ਜਸਪਾਲ ਮਾਨਖੇੜਾ ਇਸ ਪ੍ਰੋਗਰਾਮ ਦੇ ਸਰਪ੍ਰਸਤ ਹੋਣਗੇ।