ਗੁਰਭਜਨ ਗਿੱਲ
ਲੁਧਿਆਣਾ: 18 ਦਸੰਬਰ 2019 - ਪ੍ਰਸਿੱਧ ਪੰਜਾਬੀ ਲੇਖਕ ਕਿਰਪਾਲ ਸਿੰਘ ਕਜ਼ਾਕ ਸਮੇਤ 23 ਲੇਖਕਾਂ ਨੂੰ ਇਸ ਵਾਰ ਸਾਹਿਤ ਅਕੈਡਮੀ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸਾਹਿਤ ਅਕੈਡਮੀ ਕਾਰਜਕਾਰੀ ਪ੍ਰੀਸ਼ਦ ਨੇ ਅੱਜ ਆਪਣੀ ਬੈਠਕ 'ਚ ਇਨ੍ਹਾਂ ਐਵਾਰਡਾਂ ਨੂੰ ਮਨਜ਼ੂਰੀ ਦਿੱਤੀ। ਕਿਰਪਾਲ ਕਜ਼ਾਕ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ 'ਅੰਤਹੀਣ' ਲਈ ਇਹ ਪੁਰਸਕਾਰ ਦਿੱਤਾ ਜਾਵੇਗਾ।
ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੂੰ ਅੰਗਰੇਜ਼ੀ 'ਚ ਗੈਰ-ਕਲਪਨਾ ਵਾਰਤਕ 'ਐਨ ਏਰਾ ਆਫ਼ ਡਾਰਕਨੈੱਸ' ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਉੱਥੇ ਹੀ ਹਿੰਦੀ 'ਚ ਨੰਦ ਕਿਸ਼ੋਰ ਆਚਾਰੀਆ ਨੂੰ ਉਨ੍ਹਾਂ ਦੀ ਕਵਿਤਾ 'ਛੀਲਤੇ ਹੋਏ ਅਪਨੇ ਕੋ' ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਰਤੀ ਸਾਹਿਤ ਅਕਾਡਮੀ ਨੇ ਕ੍ਰਿਪਾਲ ਕਜ਼ਾਕ ਨੂੰ ਪੁਰਸਕਾਰ ਦੇ ਕੇ ਆਪਣਾ ਮਾਣ ਵਧਾਇਆ ਹੈ - ਗੁਰਭਜਨ ਗਿੱਲ
ਕਜ਼ਾਕ ਨੂੰ ਇਹ ਪੁਰਸਕਾਰ ਮਿਲਣ ਤੇ ਮੁਬਾਰਕ ਦਿੰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਪਿਛਲੇ ਲਗਭਗ ਪੰਜਾਹ ਸਾਲ ਤੋਂ ਸਾਹਿਤ ਦੇ ਖੇਤਰ ਚ ਕਰਮਸ਼ੀਲ ਕਹਾਣੀਕਾਰ ਕ੍ਰਿਪਾਲ ਕਜ਼ਾਕ ਦੀ ਕਹਾਣੀ ਪੁਸਤਕ ਅੰਤਹੀਣ ਨੂੰ ਇਹ ਸਨਮਾਨ ਮਿਲਣਾ ਨਿਰੋਲ ਲਿਆਕਤ ਦਾ ਆਦਰ ਹੈ। ਉਹ ਸਿਰਜਕ ਵਜੋਂ ਸਾਡੇ ਸਾਰਿਆਂ ਦੇ ਦਿਲਾਂ ਚ ਵਸਦੇ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਕ੍ਰਿਪਾਲ ਕਜ਼ਾਕ ਜੀ ਦੀਆਂ 12 ਪੁਸਤਕਾਂ ਛਪ ਚੁੱਕੀਆਂ ਹਨ।