17 ਜੁਲਾਈ ਨੂੰ ਭੋਗ ’ਤੇ ਵਿਸ਼ੇਸ਼: MLA ਸ਼ੈਰੀ ਕਲਸੀ ਦੇ ਵਿਛੜੇ ਸਾਥੀ ਉਪਦੇਸ਼ ਕੁਮਾਰ ਨੂੰ ਯਾਦ ਕਰਦਿਆਂ
ਚੰਡੀਗੜ੍ਹ, 16 ਜੁਲਾਈ 2022 - ਉਪਦੇਸ਼ ਕੁਮਾਰ ਜਿਸਨੂੰ ਪਿਆਰ ਨਾਲ ਉਸਦੇ ਦੋਸਤ ਅੱਪੂ ਕਹਿੰਦੇ ਸਨ ਅੱਜ ਉਸ ਨਮਿਤ ਅੰਤਿਮ ਅਰਦਾਸ ਹੈ। ਭਰ ਜਵਾਨੀ ਵਿੱਚ ਉਪਦੇਸ਼ ਦੇ ਤੁਰ ਜਾਣ ਨਾਲ ਜਿਥੇ ਉਸਦੇ ਪਰਿਵਾਰ ’ਤੇ ਕਹਿਰ ਟੁੱਟਿਆ ਹੈ ਓਥੇ ਉਸਦੇ ਰਿਸਤੇਦਾਰਾਂ, ਦੋਸਤਾਂ ਅਤੇ ਸਨੇਹੀਆਂ ਲਈ ਵੀ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਉਪਦੇਸ਼ ਕੁਮਾਰ ਦਾ ਜਨਮ ਪਿਤਾ ਅਸ਼ੋਕ ਕੁਮਾਰ ਅਤੇ ਮਾਤਾ ਪ੍ਰਵੇਸ਼ ਕੁਮਾਰੀ ਦੇ ਘਰ 15 ਜਨਵਰੀ 1983 ਨੂੰ ਹੋਇਆ ਸੀ। ਉਪਦੇਸ਼ ਦੋ ਭੈਣਾ ਵਿਜੇਤਾ ਅਤੇ ਏਕਤਾ ਦਾ ਇਕਲੌਤਾ ਭਰਾ ਸੀ। ਉਸਨੇ 12ਵੀਂ ਤੱਕ ਪੜ੍ਹਾਈ ਬੀ.ਵੀ.ਐੱਨ ਸਕੂਲ ਅਤੇ ਖਾਲਸਾ ਸਕੂਲ ਬਟਾਲਾ ਤੋਂ ਕੀਤੀ। ਉਸ ਤੋਂ ਬਾਅਦ ਉਹ ਆਪਣੀਆਂ ਪਰਿਵਾਰਕ ਜੁੰਮੇਵਾਰੀਆਂ ਨਿਭਾਉਣ ਲਈ ਦਸਾਂ-ਨਹੂੰਆਂ ਦੀ ਕਿਰਤ ਕਰਨ ਲੱਗਾ।
ਉਪਦੇਸ਼ ਕੁਮਾਰ ਦੇ ਸੁਭਾਅ ਵਿੱਚ ਲੋਕ ਸੇਵਾ ਦਾ ਜਜਬਾ ਜਮਾਂਦਰੂ ਸੀ ਅਤੇ ਅਕਸਰ ਹੀ ਲੋੜਵੰਦਾਂ ਦੇ ਹੱਕਾਂ ਦੀ ਅਵਾਜ਼ ਉਠਾਉਂਦਾ ਰਹਿੰਦਾ ਸੀ। ਗਰੀਬ ਅਤੇ ਲੋੜਵੰਦਾਂ ਵਿਅਕਤੀਆਂ ਦੀ ਮਦਦ ਕਰਨ ਵਾਲਾ ਉਪਦੇਸ਼ ਕੁਮਾਰ ਸੰਨ 2013 ਵਿੱਚ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਵਲੰਟੀਅਰ ਵਜੋਂ ਜੁੜ ਗਿਆ। ਸ਼ੈਰੀ ਕਲਸੀ ਅਤੇ ਉਪਦੇਸ਼ ਦੀ ਜੋੜੀ ਨੇ ਬਟਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਉੱਪਰ ਲਿਜਾਣ ਵਿੱਚ ਦਿਨ-ਰਾਤ ਕੰਮ ਕੀਤਾ। ਹਰ ਚੋਣ ਵਿੱਚ ਉਪਦੇਸ਼ ਨੇ ਪਾਰਟੀ ਦਾ ਡਟ ਕੇ ਸਮਰਥਨ ਕੀਤਾ। ਸਾਲ 2022 ਵਿੱਚ ਬਟਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਅਮਨ ਸ਼ੇਰ ਸਿੰਘ ਕਲਸੀ ਨੂੰ ਜਿਤਾਉਣ ਵਿੱਚ ਉਪਦੇਸ਼ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਉਹ ਵਿਧਾਇਕ ਸ਼ੈਰੀ ਕਲਸੀ ਦੇ ਸਭ ਤੋਂ ਖਾਸ ਸਾਥੀਆਂ ਵਿਚੋਂ ਇੱਕ ਸੀ। ਵਿਧਾਇਕ ਸ਼ੈਰੀ ਕਲਸੀ ਨੇ ਉਪਦੇਸ਼ ਕੁਮਾਰ ਨੂੰ ਮਾਣ ਦਿੰਦਿਆਂ ਉਸਨੂੰ ਆਪਣਾ ਪੀ.ਏ. ਨਿਯੁਕਤ ਕੀਤਾ, ਜਿਸਨੂੰ ਉਪਦੇਸ਼ ਨੇ ਬੜੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਇਆ।
9 ਤੇ 10 ਜੁਲਾਈ 2022 ਦੀ ਦਰਮਿਆਨੀ ਰਾਤ ਨੂੰ ਬਟਾਲਾ ਸ਼ਹਿਰ ਦੇ ਬਾਈਪਾਸ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਉਪਦੇਸ਼ ਕੁਮਾਰ ਆਪਣੇ ਦੋ ਹੋਰ ਸਾਥੀਆਂ ਸੁਨੀਲ ਸੋਢੀ ਅਤੇ ਗੁਰਲੀਨ ਸਿੰਘ ਕਲਸੀ ਦੇ ਨਾਲ ਅਕਾਲ ਚਲਾਣਾ ਕਰ ਗਿਆ। ਇਹ ਖਬਰ ਬਹੁਤ ਦੁੱਖਦਾਈ ਸੀ ਅਤੇ ਜਿਸਨੇ ਵੀ ਉਪਦੇਸ਼ ਦੇ ਚਲਾਣੇ ਬਾਰੇ ਸੁਣਿਆ ਉਹ ਧੁਰ ਅੰਦਰ ਤੱਕ ਰੋਇਆ। ਹਰ ਕੋਈ ਉਸ ਨੇਕ ਇਨਸਾਨ ਦੀ ਇਮਾਨਦਾਰੀ ਅਤੇ ਮਿੱਠ-ਬੋਲੜੇ ਸੁਭਾਅ ਕਰਕੇ ਉਸਨੂੰ ਯਾਦ ਕਰ ਰਿਹਾ ਹੈ।
ਉਪਦੇਸ਼ ਕੁਮਾਰ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ 17 ਜੁਲਾਈ 2022 ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਥਿਤ ਦਾਣਾ ਮੰਡੀ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਕੀਤਾ ਜਾ ਰਿਹਾ ਹੈ।