ਸੋਗੀ ਖਬਰ: ਪੰਜਾਬੀ ਦੇ ਲੋਕ ਪੱਖੀ ਸਾਹਿਤਕਾਰ ਅਮਰਜੀਤ ਸੂਫੀ ਨਹੀਂ ਰਹੇ
ਬਾਬੂਸ਼ਾਹੀ ਨੈਟਵਰਕ
ਸਰੀ , 21 ਅਕਤੂਬਰ 2022- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਬੱਸੀਆਂ ਕਸਬੇ ਨਾਲ ਸਬੰਧਤ ਅਤੇ ਕੈਨੇਡਾ 'ਚ ਲੰਮੇ ਸਮੇਂ ਤੋਂ ਸਾਹਿਤ ਖੇਤਰ 'ਚ ਸੇਵਾਵਾਂ ਨਿਭਾਉਣ ਵਾਲੇ ਨਾਮਵਰ ਲੇਖਕ, ਕਵੀ ਅਤੇ ਲੋਕਪੱਖੀ ਸਿਆਸਤ ਨੂੰ ਪ੍ਰਣਾਈ ਸ਼ਖ਼ਸੀਅਤ ਅਮਰਜੀਤ ਸੂਫ਼ੀ ਸਦੀਵੀ ਵਿਛੋੜਾ ਦੇ ਗਏ ਹਨ। ਲੋਕ ਹੱਕਾਂ ਲਈ ਸਮਰਪਤ ਸਾਹਿਤਕਾਰਾਂ ਦੀ ਢਾਣੀ ਵਿੱਚ ਆਪ ਦਾ ਨਾਂ ਮੋਢਿਆਂ ਵਿੱਚ ਲਿਆ ਜਾਂਦਾ ਹੈ। ਸੂਫ਼ੀ ਸਾਹਿਬ ਦੀ ਉਮਰ ਕਰੀਬ ਬਿਆਸੀ ਵਰ੍ਹਿਆਂ ਦੀ ਸੀ। ਉਹ ਸੱਤਰਵਿਆਂ 'ਚ ਪਰਿਵਾਰ ਸਮੇਤ ਕੈਨੇਡਾ ਆਏ ਸਨ, ਜਿੱਥੇ ਦੋ ਧੀਆਂ ਅਤੇ ਦੋ ਪੁੱਤਰਾਂ ਸਮੇਤ ਵੱਡੀ ਪਰਿਵਾਰਕ ਫੁਲਵਾੜੀ ਦੇ ਮੋਹਰੀ ਬਣ ਕੇ ਰਹੇ। ਆਪ ਦੀ ਪਤਨੀ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਕੋਵਿਡ ਦੀ ਸ਼ਿਕਾਇਤ ਕਾਰਨ ਬਿਮਾਰ ਰਹੇ ਅਤੇ ਹਫ਼ਤਾ ਕੁ ਪਹਿਲਾਂ ਨਿਮੋਨੀਆ ਹੋਣ ਕਾਰਨ ਹਸਪਤਾਲ ਦਾਖਲ ਰਹੇ, ਜਿੱਥੇ ਬੀਤੇ ਦਿਨੀਂ ਚਲਾਣਾ ਕਰ ਗਏ।
ਕੈਨੇਡਾ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਗੁਰਵਿੰਦਰ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਸੰਨ 1976 ਵਿਚ ਆਪ ਨੇ 'ਲੋਕਤਾ' ਮਾਸਿਕ ਪੱਤਰ ਕੱਢਿਆ, ਜਿਸ ਵਿਚ ਸਮਕਾਲੀ ਮੀਡੀਏ ਦੀ ਨਫ਼ਰਤੀ ਪਹੁੰਚ ਅਤੇ ਹਕੂਮਤੀ ਜਬਰ ਖ਼ਿਲਾਫ਼ ਅਮਰਜੀਤ ਸੂਫ਼ੀ ਨੇ ਬੇਬਾਕੀ ਨਾਲ, ਜ਼ੋਰਦਾਰ ਸ਼ਬਦਾਂ ਵਿੱਚ ਲੇਖ ਲਿਖੇ।ਆਪ ਨੇ ਕਵਿਤਾ, ਨਾਵਲ ਅਤੇ ਅਨੁਵਾਦ ਖੇਤਰ ਵਿਚ ਵਡਮੁੱਲੀਆਂ ਰਚਨਾਵਾਂ ਦਿੱਤੀਆਂ। ਆਪ ਨੇ ਪੁਸਤਕ ਸਿਮਲ ਰੁਖੁ ਸਰਾਇਰਾ (ਨਾਵਲ), ਲਹਿੰਦੇ ਪੰਜਾਬ ਦੀ ਜਿਆਰਤ (ਸਫਰਨਾਮਾ), ਹੋਚੀ ਮਿੰਨ (ਜੀਵਨੀ), ਪਿਰੀਆ (ਲੰਬੀ ਕਵਿਤਾ) ਤੇ ਇਨਕਲਾਬੀ ਯੋਧਾ ਮੈਡਮ ਕਾਮਾ (ਜੀਵਨੀ) ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ ਅਤੇ ਪੰਜਾਬੀਅਤ ਦਾ ਹੋਕਾ ਦਿਤਾ।
ਮੈਨੂੰ ਮਾਣ ਹੈ ਕਿ ਜਦੋਂ ਵੀ ਅਮਰਜੀਤ ਸੂਫ਼ੀ ਜੀ ਨਾਲ ਗੱਲਬਾਤ ਕੀਤੀ, ਉਨ੍ਹਾਂ ਸਦਾ ਹੀ ਬੇਹੱਦ ਉਤਸ਼ਾਹਤ ਹੋ ਕੇ ਅਹਿਮ ਜਾਣਕਾਰੀ ਦਿੱਤੀ। ਕੁਝ ਸਮਾਂ ਪਹਿਲਾਂ ਉਨ੍ਹਾਂ ਇੱਕ ਲੰਮੀ ਕਵਿਤਾ ਦੇ ਰੂਪ 'ਚ ਲਿਖੀ ਕਿਤਾਬ "ਪਿਰਿਆ" ਪਿਆਰ ਸਹਿਤ ਦਿੰਦਿਆ ਕਿਹਾ ਕਿ ਆਪਣੇ ਮਿੱਤਰ ਅਮਰੀਕ ਖਡਾਲੀਆ ਅਤੇ ਅਨੀਤਾ ਦੀ ਛੋਟੀ ਧੀ ਪਿਰਿਆ ਦੇ ਵਿਛੋੜੇ ਨੂੰ ਸਮਰਪਤ ਇਹ ਲੰਮੀ ਕਵਿਤਾ ਵਾਲੀ ਕਿਤਾਬ ਦਰਦਭਰੀ ਦਾਸਤਾਨ ਹੈ। ਲੰਮੇ ਸਮੇਂ ਤੋਂ ਭਾਵੇਂ ਉਹ ਕੈਨੇਡਾ ਵਿਚ ਰਹਿ ਰਹੇ ਹਨ, ਪਰ ਭਾਰਤ ਵਿਚ ਲੋਕ ਸਰੋਕਾਰਾਂ ਨਾਲ ਲਗਾਤਾਰ ਜੁੜੇ ਹੋਏ ਸਨ। ਉਹ ਬਹੁਤ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਸਮਰਪਿਤ ਮੈਗਜ਼ੀਨ ਕੱਢੇ ਅਤੇ ਕਿਤਾਬਾਂ ਵੀ ਲਿਖੀਆਂ, ਜਦੋਂ ਵੀ ਗੱਲਬਾਤ ਹੋਈ, ਹਮੇਸ਼ਾਂ ਚੜ੍ਹਦੀ ਕਲਾ ਵਿੱਚ ਨਜ਼ਰ ਆਉਂਦੇ ਸਨ।
ਸਿਆਸਤ, ਸਾਹਿਤ ਅਤੇ ਸਮਕਾਲੀ ਹਾਲਾਤ ਬਾਰੇ ਲਗਾਤਾਰ ਟਿੱਪਣੀਆਂ ਕਰਨ ਵਾਲੇ ਅਮਰਜੀਤ ਸੂਫੀ ਜੀ ਦਾ ਵਿਛੋੜਾ ਸਾਹਿਤ ਜਗਤ ਲਈ ਵੱਡਾ ਘਾਟਾ ਹੈ। ਆਪ ਜੀ ਦਾ ਸਸਕਾਰ 23 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਸਮਸ਼ਾਨਘਾਟ ਡੈਲਟਾਂ ਵਿਖੇ ਹੋਏਗਾ ਅਤੇ ਉਸ ਤੋਂ ਮਗਰੋਂ ਬਾਅਦ ਦੁਪਹਿਰ 12 ਵਜੇ ਗੁਰਦੁਆਰਾ ਨਾਨਕਸਰ ਰਿਚਮੰਡ ਵਿਖੇ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ। ਅਮਰਜੀਤ ਸੂਫ਼ੀ ਜੀ ਦੀ ਲੋਕਪੱਖੀ ਘਾਲਣਾ ਨੂੰ ਪ੍ਰਣਾਮ ਕਰਦੇ ਹਾਂ। ਮੇਰਾ ਯਤਨ ਹੋਏਗਾ ਕਿ ਆਉਂਦੇ ਸਮੇਂ, ਅਮਰਜੀਤ ਸੂਫੀ ਦੀਆਂ ਪੱਤਰਕਾਰੀ ਨਾਲ ਸਬੰਧਤ ਲਿਖਤਾਂ ਨੂੰ ਆਧਾਰ ਬਣਾ ਕੇ ਸਮਕਾਲੀ ਮੀਡੀਏ ਦੀ ਸੱਚਾਈ ਬਿਆਨ ਕਰ ਸਕਾਂ। ਉਨ੍ਹਾਂ ਨੂੰ ਕੈਨੇਡਾ ਦੇ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ।