ਚੰਡੀਗੜ੍ਹ, 24 ਅਪ੍ਰੈਲ 2021 - ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਅਤੇ ਮਿਸ਼ਨ ਦੇ ਸਮਰਪਿਤ ਗੁਰਸਿੱਖ ਗੋਬਿੰਦ ਸਿੰਘ ਦਾ ਅੱਜ 24 ਅਪ੍ਰੈਲ ਦੀ ਸਵੇਰ 3.20 ਵਜੇ ਜਲੰਧਰ (ਪੰਜਾਬ) ਵਿਖੇ ਦੇਹਾਂਤ ਹੋ ਗਿਆ। ਉਨਾਂ ਦੀ ਉਮਰ 86 ਸਾਲ ਸੀ। ਇਹ ਜਾਣਕਾਰੀ ਸੰਯੋਜਕ ਚੰਡੀਗੜ੍ਹ ਬ੍ਰਾਂਚ ਨੇ ਦਿਤੀ।
ਗੋਬਿੰਦ ਸਿੰਘ , ਜਿਨਾਂ ਨੂੰ ਸਾਰੇ ਪਿਆਰ ਨਾਲ ‘ਭਾਈਆ ਜੀ’ ਕਹਿੰਦੇ ਸਨ, ਉਹਨਾਂ ਦਾ ਜਨਮ 20 ਜੁਲਾਈ, 1935 ਨੂੰ ਜ਼ਿਲ੍ਹਾ ਜੇਹਲਮ ( ਹੁਣ ਪਾਕਿਸਤਾਨ ਵਿੱਚ ) ਵਿਖੇ ਹੋਇਆ । ਉਨਾਂ ਦੇ ਤਪ - ਤਿਆਗ ਅਤੇ ਯੋਗਦਾਨ ਨੂੰ ਮਿਸ਼ਨ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਬਾਬਾ ਗੁਰਬਚਨ ਸਿੰਘ ਵਲੋਂ ਬਣਾਈ ਗਈ 51 ਮੈਂਬਰੀ ਵਰਕਿੰਗ ਕਮੇਟੀ ਦੇ ਉਹ ਸੰਸਥਾਪਕ ਚੇਅਰਮੈਨ ਸਨ। ਸਾਲ 1987 ਵਿੱਚ ਬਾਬਾ ਹਰਦੇਵ ਸਿੰਘ ਨੇ ਉਹਨਾਂ ਨੂੰ ਸੰਤ ਨਿਰੰਕਾਰੀ ਮੰਡਲ ਦੇ ਜਨਰਲ ਸੈਕਟਰੀ ਦੀ ਸੇਵਾ ਸੌਂਪੀ। ਨਿਰੰਕਾਰੀ ਮਿਸ਼ਨ ਦੇ ਸਲਾਨਾ ਸੰਤ ਸਮਾਗਮਾਂ ਦੇ ਚੇਅਰਮੈਨ ਦੇ ਰੂਪ ਵਿੱਚ ਵੀ ਉਹ ਲਗਾਤਾਰ ਸੇਵਾਵਾਂ ਦਿੰਦੇ ਰਹੇ ਹਨ।
ਸਤਿਕਾਰਯੋਗ ਗੋਬਿੰਦ ਸਿੰਘ ਨੇ ਸੰਤ ਨਿਰੰਕਾਰੀ ਮੰਡਲ ਦੇ ਕਈ ਵਿਭਾਗਾਂ - ਜਿਵੇਂ ਜਮੀਨ ਅਤੇ ਭਵਨ ਨਿਰਮਾਣ , ਸਮਾਨਤਾ ਪ੍ਰਸ਼ਾਸਨ , ਬ੍ਰਾਂਚ ਪ੍ਰਸ਼ਾਸਨ ਅਤੇ ਸੰਯੋਜਨ ਆਦਿ ਵਿੱਚ ਬਹੁਤ ਹੀ ਪ੍ਰਭਾਵਸਾਲੀ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉਹਨਾਂ ਨੇ ਆਪਣੀਆਂ ਸਾਰੀਆਂ ਸੇਵਾਵਾਂ ਸਮਰਪਿਤ ਭਾਵ ਨਾਲ ਅਤੇ ਪੂਰੇ ਭਗਤੀ ਭਾਵ ਨਾਲ ਨਿਭਾਈਆਂ। ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਦੇ ਤੌਰ ਤੇ ਜਿਮੇਵਾਰੀ ਸੰਭਾਲਣ ਤੋਂ ਪਹਿਲਾਂ ਆਪ ਨੇ ਮਿਸ਼ਨ ਦੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਪਹਿਲੇ ਚੇਅਰਮੈਨ ਦੇ ਰੂਪ ਵਿੱਚ ਸੇਵਾ ਨਿਭਾਈ।
ਉਨਾਂ ਦੇ ਪਰਿਵਾਰ ਵਿਚ ਦੋ ਬੇਟੇ ਅਤੇ ਇੱਕ ਬੇਟੀ ਹਨ , ਆਪ ਜੀ ਦੀ ਪਤਨੀ ਚਰਨਜੀਤ ਕੌਰ ਜੀ, ਜੋ ਬਾਬਾ ਅਵਤਾਰ ਸਿੰਘ ਜੀ ਦੀ ਬੇਟੀ ਸਨ , ਨੇ 22 ਜਨਵਰੀ , 2009 ਵਿੱਚ ਆਪਣੇ ਨਸ਼ਵਰ ਸਰੀਰ ਦਾ ਤਿਆਗ ਕੀਤਾ ਸੀ।
ਗੋਬਿੰਦ ਸਿੰਘ ਨੇ ਆਪਣੇ ਮਹਾਨ ਅਧਿਆਤਮਿਕ ਜੀਵਨ ਨਾਲ ਮਨੁੱਖਤਾ ਦੀ ਸੇਵਾ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ ।