ਲੇਖਕ ਐੱਸ ਬਲਵੰਤ ਦੇ ਅਚਨਚੇਤ ਦੁਨੀਆ ਤੋਂ ਤੁਰ ਜਾਣ ਤੇ ਦੁੱਖ ਦਾ ਪ੍ਰਗਟਾਵਾ
ਫਗਵਾੜਾ, 20 ਅਗਸਤ 2021 - ਪੰਜਾਬੀ ਕਾਲਮਨਵੀਸ ਮੰਚ, ਸਕੇਪ ਸਾਹਤਿਕ ਸੰਸਥਾ ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਸਾਂਝੇ ਤੌਰ 'ਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਸਿਧ ਲੇਖਕ ਅਤੇ ਨਾਮਵਰ ਲੇਖਕ ਐੱਸ ਬਲਵੰਤ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ 'ਚ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਭਾਸ਼ਾ ਵਿਭਾਗ ਵਲੋਂ ਐਲਾਨੇ ਪੰਜਾਬੀ ਸਾਹਿੱਤ ਅਕਾਦਮੀ ਪੁਰਸਕਾਰ ਜੇਤੂ ਐੱਸ ਬਲਵੰਤ ਨੂੰ ਯਾਦ ਕੀਤਾ ਗਿਆ। ਉਹ ਸਕੇਪ ਸਾਹਿਤਕ ਸੰਸਥਾ ਅਤੇ ਪੰਜਾਬੀ ਕਾਲਮਨਵੀਸ ਮੰਚ ਦੇ ਮੌਜੂਦਾ ਮੈਂਬਰ ਵੀ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰੋ. ਜਸਵੰਤ ਗੰਡਮ, ਪ੍ਰਿ. ਗੁਰਮੀਤ ਸਿੰਘ ਪਲਾਹੀ, ਨਾਮਵਰ ਸਾਹਿਤਕਾਰ ਰਵਿੰਦਰ ਚੋਟ ਨੇ ਕੀਤੀ। ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕੇ ਐੱਸ ਬਲਵੰਤ ਨਿੱਘੇ ਸੁਭਾਅ ਦੇ ਮਿਲਾਪੜੇ ਇਨਸਾਨ ਸਨ ਅਤੇ ਬਹੁਤ ਸਾਰੇ ਨਾਮਵਰ ਪੰਜਾਬੀ ਅਤੇ ਹਿੰਦੀ ਲੇਖਕਾਂ ਨੂੰ ਉਨ੍ਹਾਂ ਨੇ ਛਾਪਿਆ ਹੈ। ਰਵਿੰਦਰ ਚੋਟ ਨੇ ਦਸਿਆ ਕੇ ਐੱਸ ਬਲਵੰਤ ਸੰਸਥਾ ਦੇ ਮੁੱਢਲੇ ਮੈਂਬਰਾਂ ਚੋ ਇੱਕ ਸਨ ਅਤੇ ਉਹਨਾਂ ਦੀ ਹਾਲ 'ਚ ਆਈ ਪੁਸਤਕ ''ਕਦਮਾਂ ਦੇ ਨਿਸ਼ਾਨ" ਦੀ ਘੁੰਡ ਚੁਕਾਈ ਅਤੇ ਬਾਅਦ 'ਚ ਉਸ ਉਪਰ ਗੋਸ਼ਟੀ ਕਰਵਾਉਣ ਦਾ ਸੁਭਾਗ ਵੀ ਸੰਸਥਾ ਨੂੰ ਪ੍ਰਾਪਤ ਹੋਇਆ ਹੈ।
ਪ੍ਰੋ. ਗੰਡਮ ਨੇ ਕਿਹਾ ਕੇ ਐੱਸ ਬਲਵੰਤ ਲੇਖਕਾਂ 'ਚ ਬਹੁਤ ਹਰਮਨ ਪਿਆਰੇ ਸਨ, ਉਹਨਾਂ ਦੇ ਜਾਣ ਨਾਲ ਬਰਤਾਨੀਆਂ ਚੋਂ ਪੰਜਾਬੀ ਲੇਖਕਾਂ ਦੀ ਪਹਿਲੀ ਪੀੜੀ ਸਮਾਪਤ ਹੋ ਗਈ ਹੈ। ਇਸ ਮੀਟਿੰਗ ਵਿੱਚ ਐੱਸ ਬਲਵੰਤ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਕੋਮਲ, ਕਰਮਜੀਤ ਸਿੰਘ ਸੰਧੂ, ਮਨੋਜ ਫਗਵਾੜਵੀ, ਐਸ.ਐਲ. ਵਿਰਦੀ, ਐਸ ਐਸ ਛੀਨਾ, ਸ਼ਿਆਮ ਸੁੰਦਰ ਦੀਪਤੀ, ਦੀਦਾਰ ਸਿੰਘ ਛੇਤਰਾ, ਗੁਰਚਰਨ ਸਿੰਘ ਨੂਰਪੁਰ, ਲਛਕਰ ਢੰਡਵਾੜਵੀ, ਸੁਖਦੇਵ ਸਿੰਘ ਗੰਢਵਾ, ਮਨਦੀਪ ਸਿੰਘ, ਪਰਵਿੰਦਰ ਜੀਤ ਸਿੰਘ, ਸੁਖਵਿੰਦਰ ਸਿੰਘ, ਕਮਲੇਸ਼ ਸੰਧੂ, ਉਰਮਲਜੀਤ ਸਿੰਘ, ਲਾਲੀ ਕਰਤਾਰਪੁਰੀ, ਦਰਸ਼ਨ ਨੰਦਰਾ, ਭਜਨ ਵਿਰਕ, ਸੋਢੀ ਸੱਤੋਵਾਲੀ, ਓਮ ਪ੍ਰਕਾਸ਼ ਸੰਦਰ, ਸੀਤਲ ਰਾਮ ਬੰਗਾ, ਮਲਕੀਤ ਸਿੰਘ ਅਪਰਾ, ਗਿਆਨ ਸਿੰਘ ਸਾਬਕਾ ਡੀਪੀਆਰਓ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਆਦਿ ਸ਼ਾਮਿਲ ਸਨ।