ਗੁਰਦਾਸ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਅਸ਼ੋਕ ਵਰਮਾ
ਬਠਿੰਡਾ,15 ਮਈ, 2020 : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ,ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਜਿੰਨਾਂ ਨੂੰ ਦਾਸ ਜੀ ਕਿਹਾ ਜਾਂਦਾ ਸੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨਾਂ ਦਾ ਬੀਤੀ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਿਹਾਂਤ ਹੋ ਗਿਆ ਸੀ।
ਉਹ ਪਿਛਲੇ ਕਈ ਦਿਨਾਂ ਤੋਂ ਉੱਥੇ ਦਾਖਲ ਸਨ ਅਤੇ ਉਨਾਂ ਦੀ ਸਿਹਤ ਨੂੰ ਦੇਖਦਿਆਂ ਉਨਾਂ ਨੂੰ ਆਈ.ਸੀ.ਯੂ ਵਿੱਚ ਰੱਖਿਆ ਗਿਆ ਸੀ ਜਿੱਥੇ ਅੱਜ ਉਨਾਂ ਅੰਤਮ ਸਾਹ ਲਿਆ। ਇਸ ਤੋਂ ਪਹਿਲਾਂ ਸਾਬਕਾ ਉੱਪ ਮੁੱਖ ਮੰਤਰੀ ਸਖਬੀਰ ਸਿੰਘ ਬਾਦਲ ਨੇ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨਾਲ ਉਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਦੋਵਾਂ ਭਰਾਵਾਂ ਨੇ ਦਾਸ ਜੀ ਦੀ ਚਿਤਾ ਨੂੰ ਅਗਨੀ ਦਿਖਾਈ ਤਾਂ ਮਹੌਲ ਪੂਰੀ ਤਰਾਂ ਭਾਵੁਕ ਦਿਖਾਈ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਦੇ ਸਦੀਵੀ ਵਿਛੋੜੇ ਕਾਰਨ ਅੱਜ ਪੂਰੀ ਤਰਾਂ ਗਮਗੀਨ ਸਨ। ਅੰਤਮ ਵਿਦਾਇਗੀ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚਾ ਬਾਦਲ ਪ੍ਰੀਵਾਰ ਅਤੇ ਦੋਵਾਂ ਪ੍ਰੀਵਾਰਾਂ ਦੇ ਬੱਚੇ ਵੀ ਹਾਜਰ ਸਨ।
ਵਿੱਤ ਮੰਤਰੀ ਨੂੰ ਪਿਛਲੇ ਕਰੀਬ ਦੋ ਮਹੀਨਿਆਂ ਦੌਰਾਨ ਇਹ ਵੱਡਾ ਸਦਮਾ ਹੈ। ਇਸ ਤੋਂ ਪਹਿਲਾਂ 19 ਮਾਰਚ ਨੂੰ ਉਨਾਂ ਦੇ ਮਾਤਾ ਅਤੇ ਦਾਸ ਜੀ ਦੀ ਧਰਮਪਤਨੀ ਹਰਮੰਦਰ ਕੌਰ ਬਾਦਲ ਅਕਾਲ ਚਲਾਣਾ ਕਰ ਗਏ ਸਨ। ਦੱਸਿਆ ਜਾਂਦਾ ਹੈ ਕਿ ਪਤਨੀ ਦੇ ਦਿਹਾਂਤ ਉਪਰੰਤ ਦਾਸ ਜੀ ਕਾਫ਼ੀ ਸਦਮੇ ਵਿੱਚ ਹਨ। ਹਾਲਾਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨਾਂ ਨਾਲ ਅਫਸੇਸ ਕਰਨ ਲਈ ਆਉਣ ਵਾਲਿਆਂ ਨੂੰ ਕਰੋਨਾ ਵਾਇਰਸ ਦੇ ਮੱਦੇਨਜ਼ਰ ਅੰਤਮ ਸਸਕਾਰ ‘ਤੇ ਨਾ ਆਉਣ ਦੀ ਅਪੀਲ ਕੀਤੀ ਸੀ ,ਫਿਰ ਵੀ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸ ਦੇ ਆਗੂਆਂ ਅਤੇ ਮਰਹੂਮ ਗੁਰਦਾਸ ਬਾਦਲ ਦੇ ਪ੍ਰਸੰਸਕਾਂ ਨੇ ਪਹੁੰਚ ਕੇ ਆਪਣੇ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਵਿਜੇਇੰਦਰ ਸਿੰਗਲਾ, ਵਿਧਾਇਕ ਕੁਲਬੀਰ ਸਿੰਘ ਜੀਰਾ, ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਦਲਜੀਤ ਸਿੰਘ ਚੀਮਾ, ਸਾਕਾ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ, ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ, ਐਸਐਸਪੀ ਬਠਿੰਡਾ ਡਾ ਨਾਨਕ ਸਿੰਘ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਰਾਜ ਬਚਨ ਸਿੰਘ ਸੰਧੂ ,ਐਸਐਸਪੀ ਫਰੀਦਕੋਟ ਮਨਜੀਤ ਸਿੰਘ ਢੇਸੀ ਅਤੇ ਡੀਸੀ ਮੁਕਤਸਰ ਐਨ ਕੇ ਅਰਵਿੰਦ ਕੁਮਾਰ ਹਾਜਰ ਸਨ।
ਦੱਸਣਯੋਗ ਹੈ ਕਿ ਗੁਰਦਾਸ ਸਿੰਘ ਬਾਦਲ ਦਾ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਜਿਆਦਾ ਪਿਆਰ ਸੀ। ਪਿੰਡ ’ਚ ਦੋਵਾਂ ਨੂੰ ਦਾਸ ਅਤੇ ਪਾਸ਼ ਦੀ ਜੋੜੀ ਆਖਿਆ ਜਾਂਦਾ ਸੀ। ਦੋਵਾਂ ਸਿਆਸੀ ਆਗੂਆਂ ਦੇ ਪੁੱਤਰਾਂ ਦੇ ਸਿਆਸੀ ਰਾਹ ਵੱਖ ਹੋਣ ਦੇ ਬਾਵਜੂਦ ਉਨਾਂ ਨੈ ਆਪਣੇ ਪਿਆਰ ਤੇ ਰਾਜਨੀਤੀ ਦਾ ਪ੍ਰਛਾਵਾਂ ਕਦੇ ਵੀ ਨਹੀਂ ਪੈਣ ਦਿੱਤਾ ਅਤੇ ਉਹ ਅਕਸਰ ਹੀ ਕਦੇ ਪ੍ਰੀਵਾਰਕ ਸਮਾਗਮਾਂ ਜਾਂ ਜਨਮ ਦਿਨ ਆਦਿ ’ਚ ਮਿਲਦੇ ਜੁਲਦੇ ਰਹਿੰਦੇ ਸਨ। ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ’ਚ ਉਨਾਂ ਦਾ ਸਰਕਾਰ ਤੇ ਕਾਫੀ ਪ੍ਰਭਾਵ ਹੁੰਦਾ ਸੀ। ਖਾਸ ਤੌਰ ‘ਤੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਦੇ ਗ੍ਰਹਿ ਵਿਭਾਗ ’ਚ ਗੁਰਦਾਸ ਸਿੰਘ ਬਾਦਲ ਦੀ ਤੂਤੀ ਬੋਲਦੀ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਦਾਸ ਜੀ ਨੇ ਸਰਗਰਮ ਸਿਆਸਤ ਤੋਂ ਪਾਸਾ ਵੱਟ ਲਿਆ ਸੀ ਫਿਰ ਉਨਾਂ ਦਾ ਅਸਰ ਜਿਓਂ ਦਾ ਤਿਓਂ ਕਾਇਮ ਰਿਹਾ । ਉਨਾਂ ਦੇ ਕਦਰਦਾਨਾਂ ਦੀ ਕਤਾਰ ਬਹੁਤ ਲੰਬੀ ਸੀ ਜੋਕਿ ਅੱਜ ਅਪੀਲਾਂ ਦੇ ਬਾਵਜੂਦ ਦੇਖਣ ਨੂੰ ਮਿਲੀ। ਰੌਚਕ ਤੱਥ ਹੈ ਕਿ ਸਿਆਸੀ ਰਾਹ ਵੱਖਰਾ ਹੋਣ ਦੇ ਬਾਵਜੂਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਦਾਸ ਜੀ ਤੋਂ ਆਸ਼ੀਰਵਾਦ ਲਿਆ ਸੀ।