ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪ੍ਰੋ. ਸੰਧੂ ਵਰਿਆਣਵੀ ਦੀ ਨਿਯੁਕਤੀ ਦਾ ਸਵਾਗਤ
ਕੇਂਦਰੀ ਪੰਜਾਬੀ ਲਿਖਾਰੀ ਸਭਾ (ਸੇਖੋਂ) ਦੇ ਕਾਰਜਕਾਰੀ ਪ੍ਰਧਾਨ ਥਾਪੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ
ਬਾਬੂਸ਼ਾਹੀ ਨੈਟਵਰਕ
ਔੜ, 9 ਸੰਤਬਰ,2022 - ਉੱਘੇ ਸਾਹਿਤਕਾਰ ਪ੍ਰੋ. ਸੰਧੂ ਵਰਿਆਣਵੀ ਨੂੰ ਕੇਂਦਰੀ ਪੰਜਾਬੀ ਲਿਖਾਰੀ ਸਭਾ (ਸੇਖੋਂ) ਦੇ ਕਾਰਜਕਾਰੀ ਪ੍ਰਧਾਨ ਥਾਪੇ ਜਾਣ ’ਤੇ ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਸਾਰਿਆਂ ਨੇ ਭਾਰੀ ਗਿਣਤੀ ’ਚ ਇਕੱਤਰ ਹੋ ਕੇ ਪ੍ਰੋ. ਸੰਧੂ ਵਰਿਆਣਵੀ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਨਿਯੁਕਤੀ ਨੂੰ ਸਾਹਿਤਕ ਸੇਵਾਵਾਂ ਦੀਆਂ ਸਮਰਪਿਤ ਭਾਵਨਾਵਾਂ ਦਾ ਸਨਮਾਨ ਦੱਸਿਆ।
ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਕਤ ਨਿਯੁਕਤੀ ਵਜੋਂ ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ ਵਿੱਚ ਸੂਬਾਈ ਪੱਧਰ ਅਤੇ ਸਰਹੱਦੋਂ ਪਾਰ ਵੀ ਸਾਹਿਤ ਦੇ ਬਹੁਪੱਖੀ ਵਿਕਾਸ ਲਈ ਉਪਰਾਲੇ ਹੋਰ ਜ਼ੋਰ ਫ਼ਡ਼ਣਗੇ। ਸੰਸਥਾ ਦੇ ਸੰਸਥਾਪਕ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਵੀ ਇਸ ਨਿਯੁਕਤੀ ਨੂੰ ਸਾਹਿਤਕ ਖੇਤਰ ਦਾ ਮਾਣ ਦੱਸਿਆ। ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਇਸ ਸਵਾਗਤ ਦੌਰਾਨ ਅਹੁਦੇਦਾਰਾਂ ਨੇ ਪ੍ਰੋ. ਸੰਧੂ ਵਰਿਅਣਵੀ ਵਲੋਂ ਵੱਖ ਵੱਖ ਸਾਹਿਤਕ ਸਭਾਵਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਮੁੱਚੀ ਕਾਰਜਗਾਰੀ ਨੂੰ ਵੀ ਯਾਦ ਕੀਤਾ।
ਇਸ ਮੌਕੇ ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ ਕੇਂਦਰੀ ਪੰਜਾਬੀ ਲਿਖਾਰੀ ਸਭਾ (ਸੇਖੋਂ) ਦੇ ਬੈਨਰ ਹੇਠ ਮਿਲੀ ਨਵੀਂ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਜਿਸ ਲਈ ਉਹਨਾਂ ਸਾਹਿਤਕ ਸਭਾਵਾਂ ਦਾ ਉਚੇਚਾ ਸਹਿਯੋਗ ਮੰਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਔਡ਼ ਉਹਨਾਂ ਦੀ ਮੁੱਢਲੀ ਸਾਹਿਤਕ ਕਰਮ ਭੂਮੀ ਹੈ ਜਿਸ ਦੇ 40 ਸਾਲ ਦੇ ਸਫ਼ਰ ਦੌਰਾਨ ਦਰਜਨਾਂ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਅਤੇ ਦਰਜ਼ਨਾ ਲੇਖਕ ਪੈਦਾ ਕਰਨ ਦਾ ਮਾਣ ਵੀ ਹਾਸਲ ਹੋਇਆ। ਇਸ ਮੌਕੇ ਨਵਜੋਤ ਸਾਹਿਤ ਸੰਸਥਾ ਦੇ ਮੈਂਬਰਾਂ ਵਿੱਚ ਪਿਆਰਾ ਲਾਲ ਬੰਗਡ਼, ਬਿੰਦਰ ਮੱਲ੍ਹਾ ਬੇਦੀਆਂ, ਦਵਿੰਦਰ ਸਕੋਹਪੁਰੀ, ਸੁੱਚਾ ਰਾਮ ਜਾਡਲਾ, ਮੱਖਣ ਬਖ਼ਲੌਰ, ਰੇਸ਼ਮ ਕਰਨਾਣਵੀ, ਰਜਨੀ ਸ਼ਰਮਾ, ਚਮਨ ਮੱਲਪੁਰੀ, ਪ੍ਰਹਲਾਦ ਅਟਵਾਲ, ਅਮਰਜੀਤ ਜਿੰਦ, ਨੀਰੂ ਜੱਸਲ, ਹਰਬੰਸ ਕੌਰ, ਦਵਿੰਦਰ ਬੇਗ਼ਮਪੁਰੀ, ਹਰਮਿੰਦਰ ਹੈਰੀ , ਰਾਮ ਲਾਲ ਕਟਾਰੀਆ, ਹਰੀ ਕ੍ਰਿਸ਼ਨ ਪਟਵਾਰੀ, ਗੁਰਦੀਪ ਸਿੰਘ ਲਸਾਡ਼ਾ ਆਦਿ ਸ਼ਾਮਲ ਸਨ।