ਲੁਧਿਆਣਾ: 20 ਸਤੰਬਰ 2019 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਅਧਿਆਪਕ ਦਿਲਜੀਤਪਾਲ ਸਿੰਘ ਬਰਾੜ ਦੇ ਮੈਨੀਟੋਬਾ ਸੂਬੇ ਦੇ ਸ਼ਹਿਰ ਵਿਨੀਪੈਗ ਤੋਂ ਐੱਮ ਐੱਲ ਏ ਚੁਣੇ ਜਾਣ ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪੀ ਏ ਯੂ ਲੁਧਿਆਣਾ ਵਿਖੇ ਰਖਵਾਏ ਅਖੰਡ ਪਾਠ ਸਾਹਿਬ ਤੇ ਕੀਰਤਨ ਸਮਾਗਮ ਵਿੱਚ ਸ਼ਾਮਿਲ ਹੋਣ ਉਪਰੰਤ ਸੀਨੀਅਰ ਨਗਰ ਪਾਰਸ਼ਦ ਮਮਤਾ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਖੇਤੀ ਯੂਨੀਵਰਸਿਟੀ ਸਿਰਫਂ ਗਿਆਨ ਵਿਗਿਆਨ ਦਾ ਹੀ ਨਹੀਂ ਸਗੋਂ ਜੀਵਨ ਜਾਚ ਸਿਖਾਉਣ ਦਾ ਵੀ ਪੰਜਾਬ ਦਾ ਪਰਮੁੱਖ ਕੇਂਦਰ ਹੈ।
ਇਹੀ ਕਾਰਨ ਹੈ ਕਿ ਡਾ: ਦਿਲਜੀਤਪਾਲ ਲਿੰਘ ਬਰਾੜ ਨੇ ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਅਸੈਂਬਲੀ ਚੋਣ ਜਿੱਤ ਕੇ ਲੋਕ ਪ੍ਰਤੀਨਿਧ ਬਣਨ ਦਾ ਮਾਣ ਹਾਸਲ ਕੀਤਾ ਹੈ।
ਮਮਤਾ ਆਸ਼ੂ ਨੂੰ ਗੁਰਦਵਾਰਾ ਕਮੇਟੀ ਦੇ ਪ੍ਰਤੀਨਿਧ ਸ: ਦਲਜੀਤ ਸਿੰਘ ,ਡਾ: ਅਨਿਲ ਸ਼ਰਮਾ, ਡਾ: ਦਿਲਜੀਤਪਾਲ ਸਿੰਘ ਬਰਾੜ ਦੇ ਪਿਤਾ ਜੀ ਸ: ਮੰਗਲ ਸਿੰਘ ਬਰਾੜ ਤੇ ਮਾਤਾ ਜੀ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪੀਏ ਯੂ ਦੇ ਸੇਵਾ ਮੁਕਤ ਅਧਿਆਪਕ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਿਲਜੀਤਪਾਲ ਸਰਬ ਗੁਣਾਂ ਦੀ ਗੁਥਲੀ ਸੀ। ਉਹ ਯੂਨੀਵਰਸਿਟੀ ਪੜ੍ਹਦਿਆਂ ਪੜ੍ਹਾਉਂਦਿਆਂ ਆਗਿਆਕਾਰ ਵਿਦਿਆਰਥੀ, ਭੰਗੜਾ ਕਲਾਕਾਰ, ਵਿਗਿਆਨੀ ਤੇ ਸਮਾਜਿਕ ਦਰਦ ਸਮਝਣ ਵਾਲਾ ਸੁਚੇਤ ਨੌਜਵਾਨ ਸੀ। ਉਸਨੂੰ ਇਨ੍ਹਾਂ ਗੁਣਾਂ ਨੇ ਹੀ ਵਿਧਾਇਕ ਬਣਾਇਆ ਹੈ।
ਪੰਜਾਬ ਖੇਤੀ ਯੂਨੀ: ਸਥਿਤ ਖੇਤੀਬਾੜੀ ਕਾਲਿਜ ਦੇ ਡੀਨ ਡਾ: ਸੁਰਿੰਦਰ ਸਿੰਘ ਕੁੱਕਲ ਨੇ ਦੱਸਿਆ ਕਿ ਡਾ: ਦਿਲਜੀਤਪਾਲ ਤੇ ਡਾ: ਗੁਰਰੀਤਪਾਲ ਬਰਾੜ ਦੋਹਾਂ ਵੀਰਾਂ ਤੋਂ ਇਲਾਵਾ ਤੋਂ ਇਲਾਵਾ ਦਿਲਜੀਤਪਾਲ ਦੀ ਜੀਵਨ ਸਾਥਣ ਨਵਨੀਤ ਕੌਰ ਵੀ ਇਸ ਯੂਨੀਵਰਸਿਟੀ ਦੀ ਲਾਇਕ ਵਿਦਿਆਰਥੀ ਰਹੀ ਹੈ।
ਦਿਲਜੀਤਪਾਲ ਬਰਾੜ ਦੇ ਪਿਤਾ ਜੀ ਸ: ਮੰਗਲ ਸਿੰਘ ਬਰਾੜ ਨੇ ਵੀ ਸੰਬੋਧਨ ਕਰਦਿਆਂ ਉਸ ਦੇ ਅਧਿਆਪਕਾਂ ਤੇ ਯੂਨੀਵਰਸਿਟੀ ਮਾਹੌਲ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਡਾ: ਦਿਲਜੀਤਪਾਲ ਸਿੰਘ ਬਰਾੜ ਦੇ ਮਾਪਿਆਂ, ਸਕੂਲ ਅਧਿਆਪਕ ਸ਼੍ਰੀ ਜਗਨ ਨਾਥ ਰੁਪਾਣਾ ਨੂੰ ਡੀਨ ਖੇਤੀਬਾੜੀ ਕਾਲਿਜ ਡਾ: ਸ ਸ ਕੁੱਕਲ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉੱਘੇ ਵਿਦਵਾਨ ਡਾ: ਰਣਜੀਤ ਸਿੰਘ, ਰਵਿੰਦਰ ਰੰਗੂਵਾਲ, ਪੀ ਏ ਯੂ ਟੀਚਰਜ਼ ਅਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਕਿੰਗਰਾ, ਡਾ: ਦੀਦਾਰ ਸਿੰਘ ਭੱਟੀ, ਡਾ: ਜਸਵਿੰਦਰ ਭੱਲਾ, ਡਾ: ਅਪਮਿੰਦਰ ਸਿੰਘ ਬਰਾੜ,ਸ: ਕੰਵਲਜੀਤ ਸਿੰਘ , ਅਰਥ ਸ਼ਾਸਤਰੀ ਡਾ: ਸੁਖਪਾਲ ਸਿੰਘ ਤੋਂ ਇਲਾਵਾ ਅਨੇਕ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਉਪਰੰਤ ਵਿਦਿਆਰਥੀਆਂ ਵੱਲੋਂ ਆਪ ਪਕਾਇਆ ਗੁਰੂ ਕਾ ਲੰਗਰ ਵਰਤਾਇਆ ਗਿਆ।
ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਜੀ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਸ਼ਬਦਾਂ ਨਾਲ ਜੋੜ ਕੇ ਨਿਹਾਲ ਕੀਤਾ। ਇਸ ਸਮਾਗਮ ਵਿੱਚ ਡਾ: ਦਿਲਜੀਤਪਾਲ ਸਿੰਘ ਦੇ ਅਧਿਆਪਕ, ਸਹਿਪਾਠੀ, ਵਿਦਿਆਰਥੀ ਅਤੇ ਪੁਰਾਣੇ ਸਹਿਕਰਮੀ ਵੱਡੀ ਗਿਣਤੀ ਚ ਸ਼ਾਮਿਲ ਹੋਏ।