ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ 11ਵੀਂ ਬਰਸੀ ਅੱਜ 14 ਮਈ ਨੂੰ
ਸਾਫਟਵੇਅਰ ਇੰਜਨੀਅਰ ਅਤੇ ਪੋਸਟ ਗਰੈਜੂਏਟ ਮਾਸਟਰ ਮਹਿੰਦਰ ਸਿੰਘ ਸਨ ਇਲਾਕੇ ਦੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਸੰਗਰੂਰ 14 ਮਈ 2022- ਅੱਜ 14 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ 11ਵੀਂ ਬਰਸੀ ਹੈ। ਜੋ ਐੱਮ ਏ ਪੋਲੀਟੀਕਲ ਸਾਇੰਸ, ਬੀਐਸਈ, ਬੀਐਡ ਪਡ਼੍ਹਾਈ ਕਰਕੇ ਓਸ ਜ਼ਮਾਨੇ ਦੇ ਇਲਾਕੇ ਦੇ ਸਭ ਤੋਂ ਵੱਧ ਪਡ਼੍ਹੇ ਲਿਖੇ ਵਿਅਕਤੀ ਸਨ।ਬਤੌਰ ਸਾਇੰਸ ਅਤੇ ਮੈਥ ਟੀਚਰ ਦੇ ਤੌਰ ਤੇ ਵੱਖ-ਵੱਖ ਸਕੂਲਾਂ ਚ ਸੇਵਾ ਨਿਭਾਈ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ।
ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ
ਇਸ ਦੇ ਨਾਲ ਹੀ ਉਹ ਪ੍ਰੋਫ਼ੈਸ਼ਨਲ ਕਾਮੇਡੀਅਨ ਬਣ ਗਏ। ਭਗਵੰਤ ਦੀ ਸਭ ਤੋਂ ਪਹਿਲੀ ਕਾਮੇਡੀ ਅਤੇ ਪੈਰੋਡੀ ਗਾਣਿਆਂ ਦੀ ਟੇਪ 1992 ਵਿੱਚ 'ਗੋਭੀ ਦੀਏ ਕੱਚੀਏ ਵਪਾਰਨੇ ਆਈ' ਅਤੇ ਉਹ ਕਾਮੇਡੀ ਦੀ ਦੁਨੀਆਂ ਵਿੱਚ ਛਾ ਗਏ।
12ਵੀਂ ਕਰਨ ਤੋਂ ਬਾਅਦ ਉਨ੍ਹਾਂ ਬੀ ਕਾਮ ਪਹਿਲ ਵਿੱਚ ਦਾਖਲਾ ਲਿਆ ਪਰ ਕਾਮੇਡੀ ਦੇ ਪ੍ਰੋਫੈਸ਼ਨਲ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ।
1992 ਤੋਂ 2013 ਤੱਕ ਉਨ੍ਹਾਂ ਨੇ ਕਾਮੇਡੀ ਦੀਆਂ 25 ਐਲਬਮਜ਼ ਰਿਕਾਰਡ ਕਰਵਾਈਆਂ ਅਤੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ 5 ਗਾਣਿਆਂ ਦੀਆਂ ਟੇਪਾਂ ਰਿਲੀਜ਼ ਕੀਤੀਆਂ।
ਭਗਵੰਤ ਮਾਨ ਨੇ 1994 ਤੋਂ 2015 ਤੱਕ 13 ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ।
ਜੁਗਨੂੰ, ਝੰਡਾ ਸਿੰਘ, ਬੀਬੋ ਭੂਆ ਤੇ ਪੱਪੂ ਪਾਸ ਵਰਗੇ ਕਾਮੇਡੀ ਪਾਤਰ ਭਗਵੰਤ ਮਾਨ ਦੀ ਦੇਣ ਹਨ।
ਜਗਤਾਰ ਜੱਗੀ ਅਤੇ ਰਾਣਾ ਰਣਬੀਰ ਨਾਲ ਜੋੜੀ ਬਣਾਕੇ ਕਾਮੇਡੀ ਕਰਦੇ ਰਹੇ ਭਗਵੰਤ ਮਾਨ ਨੇ 'ਜੁਗਨੂੰ ਮਸਤ ਮਸਤ' ਵਰਗੇ ਕਾਮੇਡੀ ਟੀਵੀ ਸ਼ੌਅ ਅਤੇ 'ਨੋ ਲਾਇਫ਼ ਵਿਦ ਵਾਇਫ਼' ਵਰਗੇ ਸਟੇਜ ਸ਼ੌਅ ਕੀਤੇ।
ਗਾਇਕ ਕਰਮਜੀਤ ਅਨਮੋਲ ਨੂੰ ਕਾਮੇਡੀ ਸ਼ੌਅ ਨਾਲ ਜੋੜਨ ਤੇ ਅਦਾਕਾਰੀ ਵੱਲ ਲਿਆਉਣ ਵਾਲੇ ਵੀ ਭਗਵੰਤ ਮਾਨ ਹੀ ਸਨ।
ਕਰਮਜੀਤ ਅਨਮੋਲ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੇ ਹੀ ਦੋਸਤ ਹਨ ਅਤੇ ਇਸ ਵੇਲੇ ਪੰਜਾਬੀ ਫਿਲਮ ਸਨਅਤ ਦੇ ਉਹ ਵੱਡੇ ਨਾਮ ਹਨ।
ਭਗਵੰਤ ਨੇ ਇੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇੱਕ ਬੇਟਾ ਅਤੇ ਬੇਟੀ ਹਨ।
ਪਤਨੀ ਉਨ੍ਹਾਂ ਤੋਂ ਅਲੱਗ ਅਮਰੀਕਾ ਰਹਿੰਦੀ ਹੈ ਅਤੇ ਭਗਵੰਤ ਆਪਣੀ ਮਾਂ ਨਾਲ ਪਿੰਡ ਸਤੌਜ ਰਹਿੰਦੇ ਹਨ।
ਉਨ੍ਹਾਂ ਦੀ ਇੱਕ ਭੈਣ ਮਨਪ੍ਰੀਤ ਕੌਰ ਹੈ, ਜੋ ਸਤੌਜ ਨੇੜਲੇ ਪਿੰਡ ਵਿਆਹੀ ਹੋਈ ਹੈ।