ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਦੇਹਾਂਤ
ਚੰਡੀਗੜ੍ਹ, 24 ਫਰਵਰੀ 2022 - ਪੰਜਾਬ ਦੇ ਮਾਣਮੱਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਜੋ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਦਾ ਦਿਹਾਂਤ ਉਨਾਂ ਦੇ ਪਿੰਡ ਉਦੋ ਵਾਲੀ ਵਿਖੇ ਬਾਅਦ ਦੁਪਹਿਰ ਹੋ ਗਿਆ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ, ਉਪ ਚੇਅਰਮੈਨ ਡਾ ਯੋਗਰਾਜ ਤੇ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਗੁਰਦਾਸਪੁਰੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ ਸੁਰਜੀਤ ਪਾਤਰ ਨੇ ਗੁਰਦਾਸਪੁਰੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿ ਕਲਾ ਪਰਿਸ਼ਦ ਨੇ ਪਿਛਲੇ ਦਿਨੀਂ ਹੀ ਉਨਾਂ ਨੂੰ 'ਗੌਰਵ ਪੰਜਾਬ' ਪੁਰਸਕਾਰ ਦੇਕੇ ਨਿਵਾਜਿਆ ਸੀ। ਡਾ ਲਖਵਿੰਦਰ ਜੌਹਲ ਸਕੱਤਰ ਪੰਜਾਬ ਕਲਾ ਪਰਿਸ਼ਦ ਨੇ ਆਖਿਆ ਕਿ ਉਨਾਂ ਨੂੰ ਮਾਣ ਜਾਂਦਾ ਹੈ ਕਿ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਪਹਿਲੀ ਵਾਰ ਗੁਰਦਾਸਪੁਰੀ ਜੀ ਦੀ ਉਨਾਂ ਰਿਕਾਰਡਿੰਗ ਕੀਤੀ। ਡਾ ਜੌਹਲ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਵੀ ਉਨਾਂ ਨੂੰ ਨਿਘੀ ਸ਼ਰਧਾਂਜਲੀ ਭੇਟ ਕੀਤੀ ਹੈ। ਚੇਤੇ ਰਹੇ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ ਪੱਖੀ ਮੰਚਾਂ ਤੇ ਰੇਡੀਓ ਉਤੇ ਪੰਜਾਹ ਸਾਲ ਤੋਂ ਵਧੇਰੇ ਸਮਾਂ ਗਾਇਆ। ਇਸ ਵੇਲੇ ਉਹ 92 ਸਾਲਾਂ ਦੇ ਸਨ।