ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਾਬਕਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਨਹੀਂ ਰਹੇ
- ਵੱਖ ਵੱਖ ਜਨਤਕ ਜੱਥੇਬੰਦੀਆਂ ਵੱਲੋੰ ਦੁੱਖ ਦਾ ਪ੍ਰਗਟਾਵਾ
- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,1 ਦਸੰਬਰ 2021 - ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਸਦੀਵੀ ਵਿਛੋੜਾ ਦੇ ਗਏ ਹਨ । ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ । ਬਲਾਕ ਕਮੇਟੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ , ਪੰਜਾਬ ਖੇਤ ਮਜ਼ਦੂਰ ਯੂਨੀਅਨ , ਨੌਜਵਾਨ ਭਾਰਤ ਸਭਾ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨਿਹਾਲ ਸਿੰਘ ਵਾਲ਼ਾ ਵੱਲੋੰ ਸਾਬਕਾ ਕਿਸਾਨ ਆਗੂ ਦੀ ਮੌਤ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਬੀ ਕੇ ਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਮਰਜੀਤ ਸੈਦੋਕੇ,ਬਲਾਕ ਪ੍ਰਧਾਨ ਗੁਰਚਰਨ ਰਾਮਾਂ, ਬੂਟਾ ਸਿੰਘ ਭਾਗੀਕੇ,ਕੁਲਦੀਪ ਕੌਰ ਕੁੱਸਾ, ਮਜ਼ਦੂਰ ਆਗੂ ਦਰਸ਼ਨ ਸਿੰਘ ਹਿੰਮਤਪੁਰਾ, ਨੌਜਵਾਨ ਆਗੂ ਕਰਮ ਰਾਮਾਂ, ਗੁਰਮੁੱਖ ਹਿੰਮਤਪੁਰਾ ਅਤੇ ਅਧਿਆਪਕ ਆਗੂ ਅਮਨਦੀਪ ਮਾਛੀਕੇ ਨੇ ਕਿਹਾ ਕਿ ਪ੍ਰਧਾਨ ਤਰਲੋਕ ਹਿੰਮਤਪੁਰਾ ਦਾ ਵਿਛੋੜਾ ਕਿਸਾਨ ਲਹਿਰ ਲਈ ਵੱਡਾ ਘਾਟਾ ਹੈ । ਓਹਨਾਂ ਕਰੀਬ ਦੋ ਦਹਾਕੇ ਕਿਸਾਨ ਜਥੇਬੰਦੀ ਦੀ ਅਗਵਾਹੀ ਕੀਤੀ । ਜ਼ਿਲ੍ਹਾ ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੂੰ ਸਥਾਪਿਤ ਕਰਨ ਅਤੇ ਵਿਕਸਤ ਕਰਨ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਹੈ ।
ਸੂਬਾਈ ਵੱਡੇ ਘੋਲ਼ਾਂ ਵਿੱਚ ਵੀ ਉਹ ਮੂਹਰਲੀਆਂ ਸਫ਼ਾਂ ਵਿੱਚ ਵਿਚਰਦੇ ਰਹੇ । ਸਬਰ ਅਤੇ ਹਲੀਮੀ ਉਹਨਾਂ ਦੇ ਦੋ ਬਹੁਤ ਵੱਡੇ ਗੁਣ ਸਨ । ਓਹਨਾਂ ਨੇ ਵੱਖ ਵੱਖ ਮੌਕਿਆਂ ਤੇ ਸੱਤਾਧਾਰੀ ਗੁੰਡਿਆਂ ਅਤੇ ਹਕੂਮਤ ਦਾ ਜ਼ਬਰ ਝੱਲਿਆ । ਕਿਸਾਨ ਲਹਿਰ ਨੂੰ ਅਜੋਕੇ ਮੁਕਾਮ ਤੱਕ ਪਹੁੰਚਾਉਣ ਵਿੱਚ ਹੋਰਨਾਂ ਤੋਂ ਇਲਾਵਾ ਤਰਲੋਕ ਸਿੰਘ ਹਿੰਮਤਪੁਰਾ ਦਾ ਵੱਡਾ ਯੋਗਦਾਨ ਰਿਹਾ ਹੈ । ਪਿਛਲੇ ਕੁੱਝ ਸਮੇਂ ਤੋਂ ਮਾੜੀ ਸਿਹਤ ਕਾਰਨ ਉਹ ਕਿਸਾਨ ਜਥੇਬੰਦੀ ਦੀਆਂ ਆਗੂ ਸਫ਼ਾਂ ਵਿੱਚ ਨਹੀਂ ਸਨ । ਦਿੱਲੀ ਮੋਰਚੇ ਦੌਰਾਨ ਵੀ ਉਹ ਸਮੇਂ ਸਮੇਂ ਤੇ ਟੀਕਰੀ ਬਾਰਡਰ ਦੀ ਸਟੇਜ ਅਤੇ ਪੰਜਾਬ ਵਿਚਲੇ ਪੱਕੇ ਮੋਰਚਿਆਂ ਵਿੱਚ ਹਾਜ਼ਰੀ ਲਵਾਉਂਦੇ ਰਹੇ ।
ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਡੀ, ਸਾਂਝੀ ,ਇੱਕਜੁਟ ਲੋਕ ਲਹਿਰ ਦੀ ਉਸਾਰੀ ਲਈ ਤਰਲੋਕ ਸਿੰਘ ਹਿੰਮਤਪੁਰਾ ਵਰਗੇ ਘਾਗ ਲੋਕ ਆਗੂਆਂ ਦੀ ਲੋੜ ਹੈ। ਉਹਨਾਂ ਵੱਲੋੰ ਕਿਸਾਨ ਲਹਿਰ ਦੀ ਉਸਾਰੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਆਗੂਆਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਗਲੇ ਕੁੱਝ ਦਿਨਾਂ ਦੌਰਾਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ੋਂ ਆਉਣ ਉਪਰੰਤ ਹਿੰਮਤਪੁਰਾ ਵਿਖੇ ਕੀਤਾ ਜਾਵੇਗਾ ।