ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਦਰਸ਼ਨ ਸਿੰਘ ਤਾਤਲਾ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ : 06 ਜੁਲਾਈ 2021 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਡਾ. ਦਰਸ਼ਨ ਸਿੰਘ ਤਾਤਲਾ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਗਰਾਂਓ (ਲੁਧਿਆਣਾ) ਦੇ ਨੇੜੇ ਭਰੋਵਾਲ ਕਲਾਂ ਪਿੰਡ ਦੇ 1950 ਵਿੱਚ ਜਨਮੇ ਡਾ. ਤਾਤਲਾ ਇੰਗਲੈਂਡ ਵਿੱਚ ‘ਪੰਜਾਬ ਸਟੱਡੀਜ਼’ ਦੇ ਸਰਗਰਮ ਮੈਂਬਰ ਅਤੇ ਲੇਖਕ ਸਨ। ਉਨ੍ਹਾਂ ਕਿਹਾ ਡਾ. ਦਰਸ਼ਨ ਸਿੰਘ ਤਾਤਲਾ ਦੇ ਤੁਰ ਜਾਣ ਨਾਲ ਸਿੱਖ ਭਾਈਚਾਰੇ ਨੂੰ ਵੱਡਾ ਘਾਟਾ ਪਿਆ। ਪੱਛਮੀ ਦੇਸ਼ਾਂ ਵਿੱਚ ਵੱਸਦੇ ਘੱਟ ਗਿਣਤੀਆਂ ਸਿੱਖ ਪਰਵਾਸੀਆਂ ਦੇ ਸਥਾਨਕ ਲੋਕਾਂ ਨਾਲ ਰਿਸ਼ਤੇ ਅਤੇ ਉਹਨਾਂ ਵੱਲੋਂ ਝੱਲੀਆਂ ਦੁਸ਼ਵਾਰੀਆਂ, ਵਿਤਕਰੇ ਦੀਆਂ ਮੁਸ਼ਕਲਾਂ ਨੂੰ ਤਾਤਲਾ ਨੇ ਬਹੁਤ ਸੂਖਮਤਾ ਨਾਲ ਫੜ੍ਹਿਆਂ ਅਤੇ ਆਪਣੀ ਲਿਖਤਾਂ ਵਿੱਚ ਪੇਸ਼ ਕੀਤਾ। ਸਿੱਖ ਡਾਇਸਪੋਰਾ ਉੱਤੇ ਉਹਨਾਂ ਦੀ ਖੋਜ ਅਤੇ ਲੇਖਣੀ ਨੂੰ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆਂ ਅਤੇ ਜਾਰਜ ਐਡਮਜ਼ ਸੁਸਕੇਹਨਾ ਯੂਨੀਵਰਸਿਟੀਆਂ ਨੇ ਡਾ. ਤਾਤਲਾ ਦੀਆਂ ਡਾਇਸਪੋਰਾ ਉੱਤੇ ਲਿਖੀਆਂ ਕਿਤਾਬਾਂ ਉੱਤੇ 2004 ਵਿੱਚ ਸ਼ਪੈਸ਼ਲ ਅਵਾਰਡ ਦਿੱਤੇ ਹਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਤਾਤਲਾ ਵੱਲੋਂ ਗਦਰ ਲਹਿਰ, ਕਾਮਾ ਗਾਟਾ ਮਾਰੂ ਜਹਾਜ਼ ਘਟਨਾ, 1947 ਦੀ ਵੰਡ ਦੇ ਦੁਖਾਂਤ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਰਹਿੰਦੇ ਸਿੱਖਾਂ ਬਾਰੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਿਸਟਰੀ ਦੀ ਐਮ. ਏ ਕਰਨ ਪਿੱਛੋਂ, ਇੰਗਲੈਂਡ ਵਿੱਚ ਉੱਚ ਵਿਦਿਆ ਪ੍ਰਾਪਤ ਕੀਤੀ ਅਤੇ ਉੱਥੇ ਹੀ ਬਾਰਿੰਗਮ ਕਾਲਜ ਵਿੱਚ ਲੰਬਾ ਸਮਾਂ ਪੜ੍ਹਾਇਆ। ਇਸ ਤੋਂ ਇਲਾਵਾ ਡਾ. ਤਾਤਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ (ਅੰਮਿ੍ਰਤਸਰ) ਉੱਤੇ ਫੌਜੀ ਹਮਲੇ, ਨਵੰਬਰ 84 ਦੇ ਕਤਲੇਆਮ, ਸਿੱਖ ਪਰਵਾਸੀਆਂ ਦੀ ਖਾੜਕੂ ਲਹਿਰ ਵਿੱਚ ਭਾਵਨਾਤਮਿਕ ਸ਼ਮੂਲੀਅਤ ਅਤੇ ਪ੍ਰਤੀਕਰਮ ਅਤੇ ਹੋਰ ਪੰਜਾਬ ਦੇ ਮਸਲਿਆਂ ਬਾਰੇ ਅਨੇਕਾਂ ਲਿਖਤਾਂ ਲਿਖੀਆ।
ਉਨ੍ਹਾਂ ਕਿਹਾ ਡਾ. ਦਰਸ਼ਨ ਸਿੰਘ ਤਾਤਲਾ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਅਤੇ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੇੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ। ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।