ਇੰਦਰਜੀਤ ਸਿੰਘ ਖਾਲਸਾ ਦਾ ਅੰਤਿਮ ਸਸਕਾਰ, ਸਪੀਕਰ ਸੰਧਵਾਂ ਸਮੇਤ ਪੁੱਜੀਆਂ ਨਾਮਵਰ ਸ਼ਖਸ਼ੀਅਤਾਂ
- ਇੰਦਰਜੀਤ ਸਿੰਘ ਖਾਲਸਾ ਦੇ ਅਕਾਲ ਚਲਾਨੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ
- ਇਲਾਕੇ ਨੂੰ ਹੋਇਆ ਨਾ ਪੂਰਾ ਹੋਣ ਵਾਲਾ ਘਾਟਾ- ਸੰਧਵਾਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 11 ਦਸੰਬਰ 2023 - ਇਸ ਇਲਾਕੇ ਦੀ ਮੰਨੀ ਪਰਮੰਨੀ ਸ਼ਖਸ਼ੀਅਤ 96 ਸਾਲਾ ਸ. ਇੰਦਰਜੀਤ ਸਿੰਘ ਖਾਲਸਾ ਜੋ ਕਿ ਲੰਮਾ ਸਮਾਂ ਵਕਾਲਤ ਦੇ ਖਿੱਤੇ ਨਾਲ ਜੁੜੇ ਰਹੇ ਅਤੇ ਕਈ ਸਾਲ ਬਤੌਰ ਮੁੱਖ ਸੇਵਾਦਾਰ ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫਰੀਦ ਸੁਸਾਇਟੀ, ਟਿੱਲਾ ਬਾਬਾ ਫਰੀਦ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਫਰੀਦਕੋਟ, ਚੇਅਰਮੈਨ ਬਾਬਾ ਫਰੀਦ ਲਾਅ ਕਾਲਜ ਅਤੇ ਬਾਬਾ ਫਰੀਦ ਸਕੂਲ ਫਰੀਦਕੋਟ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਕੱਲ ਸ਼ਾਮ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਆਪਣੇ ਸੰਸਾਰਕ ਯਾਤਰਾ ਪੂਰੀ ਕਰ ਗਏ।
ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਮ ਅੱਖਾਂ ਨਾਲ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਬੋਲਦਿਆਂ ਸੰਧਵਾਂ ਨੇ ਕਿਹਾ ਕਿ ਇੰਦਰਜੀਤ ਸਿੰਘ ਖਾਲਸਾ ਦੁਨੀਆਂ ਦੇ ਨਕਸ਼ੇ ਤੇ ਫਰੀਦਕੋਟ ਦਾ ਨਾਮ ਚਮਕਾਉਣ ਵਾਲੇ ਨਿਧੜਕ ਜਰਨੈਲ ਸੀ। ਉਹਨਾਂ ਕਿਹਾ ਕਿ ਕੁਝ ਲੋਕ ਰੂਹਾਂ ਦੇ ਪਹਿਰੇਦਾਰ,ਸੱਚ ਦੇ ਅਲੰਬੜਦਾਰ ਤੇ ਵਾਦਿਆਂ ਦੇ ਵਫਾਦਾਰ ਹੋਇਆ ਕਰਦੇ ਨੇ, ਅਜਿਹੇ ਸਰਦਾਰ ਸੱਚ-ਮੁੱਚ ਹੀ ਕੌਮਾਂ ਦੇ ਸਰਦਾਰ ਹੋਇਆ ਕਰਦੇ ਨੇ। ਉਹਨਾਂ ਦੱਸਿਆ ਕਿ ਇਹ ਨਿਧੜਕ ਜਰਨੈਲ 11 ਮਈ 1927 ਨੂੰ ਪੈਦਾ ਹੋਏ।ਖਾਲਸਾ ਜੀ ਦੇ ਪਿਤਾ ਜੀ ਸ. ਉਦੈ ਸਿੰਘ ਸ਼ਾਇਕ ਆਪਣੇ ਸਮਿਆਂ ਦੇ ਪ੍ਰਸਿੱਧ ਸ਼ਾਇਰ ਅਤੇ ਸਰਕਾਰੀ ਵਕੀਲ ਸਨ। ਉਹਨਾਂ ਦੱਸਿਆ ਕਿ ਇੰਦਰਜੀਤ ਸਿੰਘ ਖਾਲਸਾ ਨੇ ਖੁਦ ਵੀ ਉਰਦੂ ਜ਼ੁਬਾਨ ਵਿੱਚ ਮੁਹਾਰਤ ਹਾਸਿਲ ਕੀਤੀ ਹੋਈ ਸੀ।
ਇਨਾਂ ਹੀ ਨਹੀਂ ਵਕਾਲਤ ਵਿੱਚ ਵੀ ਉਹਨਾਂ ਨੇ ਖੂਬ ਤਰੱਕੀ ਕਰਦਿਆਂ ਆਪਣਾ ਨਾਮ ਪੂਰੇ ਪੰਜਾਬ ਵਿੱਚ ਚਮਕਾਇਆ। ਸ. ਸਪੀਕਰ ਨੇ ਇਸ ਮੌਕੇ ਅਤੀਤ ਦੇ ਪੰਨਿਆਂ ਨੂੰ ਫਰੋਲਦਿਆਂ ਦੱਸਿਆ ਕਿ ਪੈਪਸੂ ਸਰਕਾਰ ਸਮੇਂ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਪਹਿਲਾਂ ਇੰਦਰਾ ਗਾਂਧੀ ਨੂੰ ਮਿਲੇ ਅਤੇ ਫਿਰ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਬੜੀ ਹਲੀਮੀ ਪ੍ਰੰਤੂ ਦ੍ਰਿੜਤਾ ਨਾਲ ਜਦੋਂ ਆਪਣੀ ਗੱਲ ਰੱਖੀ ਤਾਂ ਉਹਨਾਂ ਦੇ ਵਿਚਾਰਾਂ ਤੇ ਪੰਡਿਤ ਨਹਿਰੂ ਬਹੁਤ ਪ੍ਰਭਾਵਿਤ ਹੋਏ। ਜਿਸ ਦੇ ਸਦਕਾ ਆਪਣੀਆਂ ਮੰਗਾਂ ਪ੍ਰਵਾਨ ਕਰਾ ਕੇ ਹੀ ਖਾਲਸਾ ਜੀ ਵਾਪਸ ਫਰੀਦਕੋਟ ਪਰਤੇ।
ਸੰਧਵਾਂ ਨੇ ਕਿਹਾ ਕਿ ਇੰਦਰਜੀਤ ਸਿੰਘ ਖਾਲਸਾ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਸਾਫ ਸੁਥਰੇ ਅਕਸ,ਇਮਾਨਦਾਰੀ, ਦਲੇਰੀ ਤੇ ਪੂਰੀ ਸ਼ਾਨ ਨਾਲ ਤੈਅ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਦੇ ਅਤੀ ਕਰੀਬੀ ਰਹੇ ਖਾਲਸਾ ਜੀ ਦਾ ਰਾਜਨੀਤੀ ਵਿੱਚ ਸਰਗਰਮ ਪ੍ਰਮੁੱਖ ਨੇਤਾਵਾਂ ਦੇ ਨਾਲ ਖਾਸ ਲਗਾਵ ਰਿਹਾ ਸੀ।
ਇਸ ਮੌਕੇ ਬੋਲਦਿਆਂ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇੰਦਰਜੀਤ ਸਿੰਘ ਖਾਲਸਾ ਜਿਹੇ ਇਨਸਾਨ ਧਰਤੀ ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਕਿਉਂਕਿ ਅਜਿਹੇ ਇਨਸਾਨਾਂ ਨੂੰ ਕੁਦਰਤ ਨੇ ਬੜੀ ਕੰਜੂਸੀ ਨਾਲ ਬਣਾਇਆ ਹੁੰਦਾ ਹੈ।
ਉਹਨਾਂ ਕਿਹਾ ਕਿ ਇੰਦਰਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਜ਼ਿਲ੍ਹੇ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਇੰਦਰਜੀਤ ਸਿੰਘ ਖਾਲਸਾ ਨੇ ਇਸ ਇਲਾਕੇ ਲਈ ਇਤਿਹਾਸਿਕ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ। ਜਿਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਖਾਲਸਾ ਜੀ ਦੀ ਦੂਰ ਅੰਦੇਸ਼ੀ ਅਤੇ ਵਿਲੱਖਣ ਸੋਚ ਤੋਂ ਸਾਨੂੰ ਸਾਰਿਆਂ ਨੂੰ ਹਮੇਸ਼ਾ ਪ੍ਰੇਰਨਾ ਤੇ ਅਗਵਾਈ ਮਿਲਦੀ ਰਹੇਗੀ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ.ਗੁਰਤੇਜ ਸਿੰਘ ਖੋਸਾ,ਮਨਪ੍ਰੀਤ ਸਿੰਘ ਧਾਲੀਵਾਲ, ਨਵਦੀਪ ਸਿੰਘ ਬੱਬੂ, ਮੱਘਰ ਸਿੰਘ, ਹਰਵਿੰਦਰ ਸਿੰਘ, ਅਰਸ਼, ਲਵਪ੍ਰੀਤ ਸਿੰਘ ਅਤੇ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।