ਪੰਜਾਬੀ ਕਹਾਣੀਕਾਰ ਜੋਗਿੰਦਰ ਸਿੰਘ ਭਾਟੀਆ ਨਹੀਂ ਰਹੇ
- ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 1ਦਸੰਬਰ 2022 - ਪੰਜਾਬੀ ਕਹਾਣੀਕਾਰ ਤੇ ਸਫ਼ਲ ਅਨੁਵਾਦਕ ਸਃ ਜੋਗਿੰਦਰ ਸਿੰਘ ਭਾਟੀਆ ਦਾ ਬੀਤੀ ਰਾਤ ਲੁਧਿਆਣਾ ਸ਼ਹਿਰ ਦੇ ਰਣਜੋਧ ਪਾਰਕ ਹੈਬੋਵਾਲ ਵਿਖੇ ਦੇਹਾਂਤ ਹੋ ਗਿਆ ਹੈ। ਉਹ ਪਹਿਲਾਂ ਖੰਨਾ ਚ ਵੱਸਦੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਖੰਨਾ ਤੇਂ ਲੁਧਿਆਣਾ ਆ ਵੱਸੇ ਸਨ।
ਸਃ ਭਾਟੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਅਜੇ ਤਿੰਨ ਕੁ ਨਹੀਨੇ ਪਹਿਲਾਂ ਹੀ ਪਾਕਿਸਤਾਨ ਵੱਸਦੇ ਲੇਖਕ ਇਲਿਆਸ ਘੁੰਮਣ ਨੇ 1947 ਦੀ ਵੰਡ ਬਾਰੇ ਵੱਡ ਆਕਾਰੀ ਪੁਸਤਕ ਵਿੱਚ ਸ਼ਾਮਿਲ ਕਰਨ ਲਈ ਮੇਰੇ ਰਾਹੀਂ ਉਨ੍ਹਾਂ ਤੋਂ ਪ੍ਰਵਾਨਗੀ ਤੇ ਫ਼ੋਟੋ ਮੰਗੀ ਸੀ ਜੋ ਮੈਂ ਭਾਟੀਆ ਜੀ ਤੋਂ ਲੈ ਕੇ ਭੇਜੀ ਸੀ। ਸ਼ਾਹਮੁਖੀ ਚ ਛਪ ਰਹੀ ਵੱਡ ਆਕਾਰੀ ਪੁਸਤਕ ਵੰਡ ਵਿੱਚ ਜੋਗਿੰਦਰ ਸਿੰਘ ਭਾਟੀਆ ਜੀ ਦੀ ਕਹਾਣੀ "ਇਹੋ ਜਿਹੇ ਦਿਨ ਮੁੜ ਕੇ ਨਾ ਵੇਖਣੋ ਪੈਣ" ਤਸਵੀਰ ਸਮੇਤ ਸ਼ਾਮਿਲ ਕੀਤੀ ਗਈ ਹੈ।
ਮੈਨੂੰ ਮਾਣ ਹੈ ਕਿ ਕੁਝ ਸਾਲ ਪਹਿਲਾਂ ਸਾਹਿੱਤ ਸਭਾ ਖੰਨਾ ਦੇ ਸਮਾਗਮ ਤੇ ਮੈਂ ਆਪਣੇ ਸਾਥੀਆਂ ਸਵਰਗੀ ਗੁਰਪਾਲ ਸਿੰਘ ਲਿੱਟ ਅਤੇ ਤ੍ਰੈਲੋਚਨ ਲੋਚੀ ਸਮੇਤ ਉਨ੍ਹਾਂ ਦੀ ਰੂਸੀ ਬਾਲ ਕਹਾਣੀਆਂ ਦੀ ਅਨੁਵਾਦਤ ਪੁਸਤਕ ਕੀੜੀ ਅਤੇ ਤੂਫ਼ਾਨ ਲੋਕ ਅਰਪਣ ਕੀਤੀ ਸੀ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਤੇ ਪ੍ਰਸਿੱਧ ਪੰਜਾਬੀ ਕਹਾਣੀ ਕਾਰ ਸੁਰਿੰਦਰ ਰਾਮਪੁਰੀ ਨੇ ਸਃ ਜੋਗਿੰਦਰ ਸਿੰਘ ਭਾਟੀਆ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਇਕ ਪ੍ਰਾਜੈਕਟ ਲਈ ਉਹਨਾਂ ਦੀਆਂ ਦੋ ਕਹਾਣੀਆਂ ਕਹਾਣੀਕਾਰ ਮੁਖਤਿਆਰ ਸਿੰਘ ਤੋਂ ਮੰਗਵਾਈਆਂ ਸਨ।
ਸਃ ਭਾਟੀਆ ਦੇ ਨਜ਼ਦੀਕੀ ਸਬੰਧੀ ਤੇ ਟਰੇਡ ਯੂਨੀਅਨ ਆਗੂ ਮ ਸ ਭਾਟੀਆ ਨੇ ਦੱਸਿਆ ਕਿ ਉਹ ਪੋਸਟ ਐਂਡ ਟੈਲੀਗ੍ਰਾਫ ਮਹਿਕਮੇ ਵਿੱਚੋਂ ਸੇਵਾ-ਮੁਕਤ ਹੋਣ ਉਪਰੰਤ ਲਿਖਣ ਕਾਰਜ ਵਿਚ ਰੁੱਝੇ ਰਹਿੰਦੇ ਸਨ। ਸਃ ਜੋਗਿੰਦਰ ਸਿੰਘ ਭਾਟੀਆ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 4 ਦਸੰਬਰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਗੁਰਦੁਆਰਾ ਸਾਹਿਬ ਰਣਜੋਧ ਪਾਰਕ ਹੈਬੋਵਾਲ ਲੁਧਿਆਣਾ ਵਿਖੇ ਹੋਵੇਗੀ।