ਗੁਰਭਜਨ ਗਿੱਲ
ਲੁਧਿਆਣਾ, 16 ਫਰਵਰੀ 2021 - ਦੇਸ਼ ਵੰਡ ਉਪਰੰਤ ਪੰਜਾਬੀ ਪ੍ਰਕਾਸ਼ਨ ਦੇ ਮੋਢੀਆਂ ਚੋਂ ਪ੍ਰਮੁੱਖ ਮਹਿੰਦਰ ਸਿੰਘ (ਮਹਿੰਦਰਾ ਆਰਟ ਪ੍ਰੈੱਸ ਤੇ ਮਲਿਕ ਪ੍ਰਿੰਟਰਜ਼ ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ ਹਨ।
ਦੇਸ਼ ਵੰਡ ਤੋਂ ਪਹਿਲਾਂ ਉਹ ਸਾਰੇ ਭਰਾ ਆਪਣੇ ਵੱਡੇ ਵੀਰ ਜੀਵਨ ਸਿੰਘ (ਲਾਹੌਰ ਬੁੱਕ ਸ਼ਾਪ) ਦੇ ਸਹਿਯੋਗੀ ਸਾਥੀ ਸਨ। ਪਰ ਦੇਸ਼ ਵੰਡ ਮਗਰੋਂ ਚਾਰੇ ਵੀਰ ਪ੍ਰਕਾਸ਼ਕ ਵੀ ਬਣੇ ਤੇ ਛਾਪਕ ਵੀ। ਮਹਿਤਾਬ ਸਿੰਘ ਨੇ ਜਲੰਧਰ ਚ ਨਿਊ ਬੁੱਕ ਕੰਪਨੀ ਪ੍ਰਕਾਸ਼ਨ ਗ੍ਰਹਿ ਖੋਲ੍ਹਿਆ ਤੇ ਮਹਿੰਦਰ ਸਿੰਘ ਤੇ ਦਲੀਪ ਸਿੰਘ ਨੇ ਲੁਧਿਆਣਾ ਬੁੱਕ ਸ਼ਾਪ।
ਮਹਿੰਦਰ ਸਿੰਘ ਦੇ ਮਹਿੰਦਰਾ ਆਰਟ ਪ੍ਰੈੱਸ ਕੋਲ ਸਾਡੇ ਜੀ ਜੀ ਐੱਨ ਖ਼ਾਲਸਾ ਕਾਲਿਜ ਦਾ ਮੈਗਜ਼ੀਨ ਛਪਦਾ ਹੁੰਦਾ ਸੀ। ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਪਰੂਫ਼ ਪੜ੍ਹਨ ਜਾਂਦੇ। ਮਹਿੰਦਰ ਸਿੰਘ ਸਾਨੂੰ ਕੁਲਚਾ ਨਾਨ ਮੰਗਵਾ ਕੇ ਦੁਪਹਿਰੇ ਖੁਆਉਂਦੇ। ਬਾਪ ਵਾਂਗ ਦੁਲਾਰਦੇ ਪਿਆਰਦੇ। ਅਸੀਂ ਉਨ੍ਹਾਂ ਨੂੰ ਭਾਪਾ ਜੀ ਕਹਿ ਕੇ ਸੰਬੋਧਨ ਕਰਦੇ। ਉਹ ਮੁਹੱਬਤ ਦੇ ਭਰਪੂਰ ਕਟੋਰੇ ਸਨ। ਹਰ ਪਲ ਗੁਰਬਾਣੀ ਪੜ੍ਹਦੇ। ਦੁੱਧ ਚਿੱਟੀ ਦਸਤਾਰ। ਰਾੜ੍ਹਾ ਸਾਹਿਬ ਵਾਲੇ ਸੰਤਾਂ ਦੇ ਸੰਗੀ ਸਨ। ਉਥੋਂ ਦਾ ਸਾਰਾ ਸਾਹਿੱਤ ਉਹੀ ਛਾਪਦੇ। ਭਾਈ ਨਾਹਰ ਸਿੰਘ ਦੀ ਲਿਖੀ ਪੁਸਤਕ ਇਨਕਲਾਬੀ ਸੂਰਮੇ ਭਾਈ ਮਹਾਰਾਜ ਸਿੰਘ ਬਾਰੇ ਕਿਤਾਬ ਉਨ੍ਹਾਂ ਤੋਂ ਹੀ ਮੈਨੂੰ ਮਿਲੀ ਸੀ।
ਜਦ ਸ਼ਮਸ਼ੇਰ ਤੇ ਅਸਾਂ ਕੁਝ ਦੋਸਤਾਂ ਰਲ ਕੇ ਸੰਕਲਪ ਛਾਪਣਾ ਸ਼ੁਰੂ ਕੀਤਾ ਤਾਂ ਇਸ ਨੂੰ ਵੀ ਉਹੀ ਛਾਪਦੇ ਸਨ। ਗੁਰਦੀਪ ਸਿੰਘ ਕੰਪੋਜਿੰਗ ਕਰਦੇ। ਅੱਖਰ ਅੱਖਰ ਜੋੜਦੇ।
ਇੱਕ ਸਮਾਂ ਸੀ ਜਦ ਪੰਜਾਬ ਦੇ ਲਗਪਗ 80 ਕਾਲਜਾਂ ਦੇ ਮੈਗਜ਼ੀਨ ਮਹਿੰਦਰਾ ਤੇ ਮਲਿਕ ਪ੍ਰਿੰਟਰਜ਼ ਤੇ ਛਪਦੇ ਸਨ। ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਬਾਨੀ ਮੈਂਬਰਾਂ ਚ ਸ਼ਾਮਿਲ ਸਨ। ਮੇਰੇ ਤੇ ਹਰ ਵਾਰ ਮਿਹਰ ਭਰਿਆ ਹੱਥ ਰੱਖਦੇ। ਦੁਖ ਸੁਖ ਦੇ ਭਾਈਵਾਲ। ਮੇਰੇ ਪੀ ਏ ਯੂ ਆਉਣ ਉਪਰੰਤ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦੇ ਵੀ ਉਹ ਛਾਪਕ ਬਣੇ।
ਨੇਕ ਰੂਹ ਦੇ ਜਾਣ ਤੇ ਮਨ ਉਦਾਸ ਹੈ।
ਮਹਿੰਦਰ ਸਿੰਘ ਜੀ ਦੇ ਜਾਣ ਨਾਲ ਇੱਕ ਯੁਗ ਦਾ ਖ਼ਾਤਮਾ ਹੋ ਗਿਆ ਹੈ।