ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਜਲੀਆਂ
ਲੁਧਿਆਣਾਃ 31ਜੁਲਾਈ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅਤੇ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਰਬਪੱਖੀ ਅਧਿਆਪਕ ਸਨ ਜੋ ਸਿੱਖਿਆ , ਖੇਡਾਂ, ਸਮਾਜਿਕ ਚੇਤਨਾ ਤੇ ਸੂਝ ਬੂਝ ਵਿਦਿਆਰਥੀਆਂ ਵਿੱਚ ਵੰਡਣ ਲਈ ਹਰ ਪਲ ਤਿਆਰ ਬਰ ਤਿਆਰ ਰਹਿੰਦੇ ਸਨ। ਮੈਂ 1971 ਵਿੱਚ ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਵਿੱਚ ਉਨ੍ਹਾਂ ਦਾ ਵਿਦਿਆਰਥੀ ਬਣਿਆ ਪਰ ਮੈਥੋਂ ਦਸ ਸਾਲ ਪਹਿਲਾਂ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਉਨ੍ਹਾਂ ਦੇ ਇਸੇ ਕਾਲਿਜ ਚ ਵਿਦਿਆਰਥੀ ਰਹਿ ਚੁਕੇ ਹੋਣ ਕਰਕੇ ਮੇਰੇ ਤੇ ਵਿਸ਼ੇਸ਼ ਨਜ਼ਰ ਰੱਖਦੇ ਸਨ।
ਉਨ੍ਹਾਂ ਵਕਤਾਂ ਦੇ ਅਧਿਆਪਕਾਂ ਪ੍ਰੋਃ ਨਿਰਮਲ ਸਿੰਘ ਮਾਂਗਟ,ਮੇਜਰ ਸ਼ਮਸ਼ੇਰ ਸਿੰਘ ਰੰਗੀ, ਪ੍ਰੋਃ ਰਤਨ ਸਿੰਘ ਵਿਰਦੀ, ਸੁਰਿੰਦਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਪੰਨੂੰ, ਗੁਣਵੰਤ ਸਿੰਘ ਦੂਆ, ਗੁਰਬੀਰ ਸਿੰਘ ਸਰਨਾ ਤੇ ਕਈ ਹੋਰ ਵਿੱਛੜ ਚੁਕੇ ਹਨ ਪਰ ਯਾਦਾਂ ਸਲਾਮਤ ਨੇ। ਪ੍ਰਿੰਸੀਪਲ ਬੈਂਸ ਦੇ ਜਾਣ ਨਾਲ ਅਨੁਸ਼ਾਸਨ ਬੱਧ ਅਧਿਆਪਕ ਦੇ ਰੂਪ ਵਿੱਚ ਇੱਕ ਯੁਗ ਦਾ ਖਾਤਮਾ ਹੋ ਗਿਆ ਹੈ।
ਪ੍ਰਿੰਸੀਪਲ ਬੈਂਸ ਨੇ ਆਪਣੇ ਪਿੰਡ ਕੋਟਲਾ ਨੌਧ ਸਿੰਘ ਨੇੜੇ ਪੈਂਦੇ ਖਾਲਸਾ ਕਾਲਿਜ ਮਾਹਿਲਪੁਰ ਤੋਂ ਬੀ ਏ ਕਰਕੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ। ਇਥੇ ਹੀ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਦੇ ਸਹਿਪਾਠੀ ਬਣੇ।
ਪ੍ਰਿੰਸੀਪਲ ਬੈਂਸ ਹਾਕੀ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਮਾਲਵਾ ਸੈਂਟਰਲ ਕਾਲਿਜ ਆਫ਼ ਐਜੂਕੇਸ਼ਨ ਵਿੱਚ ਕੁਝ ਸਮਾਂ ਪੜ੍ਹਾ ਕੇ ਉਹ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਵਿੱਚ ਪੜ੍ਹਾਉਣ ਲੱਗ ਪਏ ਅਕੇ ਇਥੋਂ ਹੀ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।
ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਦੀ ਯਾਦ ਹਮੇਸ਼ਾਂ ਸਾਡੇ ਮਨਾਂ ਵਿੱਚ ਜਿਉਂਦੀ ਰਹੇਗੀ।