ਚੰਡੀਗੜ੍ਹ, 13 ਜਨਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਲੇਖਕ ਡਾ ਕੁਲਬੀਰ ਸਿੰਘ ਕਾਂਗ ਦੇ ਜਨਮ ਦਿਨ ਮੌਕੇ ਉਨਾ ਦੇ ਪਾਠਕਾਂ ਤੇ ਚਹੇਤਿਆਂ ਨੂੰ ਆਖਿਆ ਹੈ ਕਿ ਡਾ ਕਾਂਗ ਬਹੁਪੱਖੀ ਪ੍ਰਤਿਭਾ ਦੇ ਮਾਲਕ ਤੇ ਮਹਾਨ ਲੇਖਕ ਸਨ। ਸ੍ਰ ਚੰਨੀ ਨੇ ਆਖਿਆ ਕਿ ਡਾ ਕੁਲਬੀਰ ਸਿੰਘ ਕਾਂਗ ਨੇ ਇਕੋ ਸਮੇਂ ਸਾਹਿਤ ਜਗਤ ਵਿਚ ਇਕ ਸਮੱਰਥ ਆਲੋਚਕ ਵਜੋਂ ਹੀ ਆਪਣੀ ਥਾਂ ਨਹੀਂ ਬਣਾਈ, ਸਗੋਂ ਉਨਾ ਨੇ ਆਪਣੇ ਸਮਕਾਲੀ ਲੇਖਕਾਂ ਦੇ ਰੇਖਾ ਚਿਤਰ ਵੀ ਆਪਣੀ ਖੂਬਸੂਰਤ ਕਲਮ ਨਾਲ ਚਿਤਰੇ ਤੇ ਲਗਪਗ 50 ਸਾਲ ਤਕ ਸਾਹਿਤ ਦੀ ਸੇਵਾ ਵੀ ਕੀਤੀ।
13 ਜਨਵਰੀ 1936 ਨੂੰ ਜਨਮੇ ਤੇ 1 ਨਵੰਬਰ 2008 ਵਿਚ ਪੂਰੇ ਹੋਏ ਡਾ ਕਾਂਗ ਦੀ ਕਲਮ ਵਿਚ ਇਕ ਜਾਦੂ ਸੀ, ਜੋ ਪਾਠਕਾਂ ਨੂੰ ਆਪਣੇ ਨਾਲ ਹੀ ਵਹਾਅ ਕੇ ਲੈ ਜਾਂਦਾ ਸੀ। ਉਨਾ ਦੀ ਕਲਮ ਦਾ ਜਾਦੂ ਪਾਠਕਾਂ ਦੇ ਸਿਰ ਚੜ ਕੇ ਬੋਲਦਾ ਸੀ। ਉਨਾ ਨੇ ਬਹੁਤ ਸਾਰੇ ਲਲਿਤ ਨਿਬੰਧ ਵੀ ਲਿਖੇ ਤੇ ਸਫਰਨਾਮਾ - "ਗੁਲਾਬੀ ਰਾਤਾਂ ਦਾ ਦੇਸ਼" ਵੀ ਪਾਠਕਾਂ ਦੀ ਝੋਲੀ ਪਾਇਆ। ਉਨਾ ਨੇ "ਪੱਕੀਆਂ ਇੱਟਾਂ" ਕਿਤਾਬ ਰਾਹੀਂ ਆਪਣੇ ਦੋਸਤ ਲੇਖਕਾਂ ਨੂੰ ਚੇਤੇ ਕੀਤਾ ਤੇ "ਹਰਿਮੰਦਰ ਉਦਾਸ ਹੈ" ਉਨਾ ਦੀ ਲਲਿਤ ਨਿਬੰਧਾਂ ਦੀ ਕਿਤਾਬ ਬੜੀ ਮਸ਼ਹੂਰ ਹੋਈ। ਆਪ ਨੇ ਪੰਤਾਲੀ ਸਾਲ ਤੋਂ ਵਧ ਸਮਾਂ ਪੜਾਇਆ ਵੀ ਤੇ ਆਪ ਦੇ ਭਰਾਤਾ ਡਾ ਜਸਪਾਲ ਸਿੰਘ ਕਾਂਗ ਵੀ ਮੰਨੇ ਪਰਮੰਨੇ ਲੇਖਕ ਤੇ ਵਿਦਵਾਨ ਸਨ ਤੇ ਆਪ ਦਾ ਭਤੀਜਾ ਡਾ ਮਨਿੰਦਰ ਸਿੰਘ ਕਾਂਗ ਸਫਲ ਕਹਾਣੀਕਾਰ ਸੀ।
ਨਿੰਦਰ ਘੁਗਿਆਣਵੀ
- ਪੰਜਾਬ ਕਲਾ ਪਰਿਸ਼ਦ ਅਜ ਆਪ ਦੇ ਜਨਮ ਦਿਨ ਮੌਕੇ ਆਪ ਨੂੰ ਸਿਜਦਾ ਕਰਦੀ ਹੈ।