ਡਾ. ਅਜਮੇਰ ਸਿੰਘ ਢੱਟ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਨਿਯੁਕਤ ਹੋਏ
ਲੁਧਿਆਣਾ 14 ਦਸੰਬਰ,2023 - ਉੱਘੇ ਸਬਜ਼ੀ ਵਿਗਿਆਨੀ ਅਤੇ ਖੇਤੀ ਖੇਤਰ ਦੇ ਮਾਹਿਰ ਖੋਜੀ ਡਾ. ਅਜਮੇਰ ਸਿੰਘ ਢੱਟ ਨੂੰ ਪੀ.ਏ.ਯੂ. ਦਾ ਨਿਰਦੇਸ਼ਕ ਖੋਜ ਨਿਯੁਕਤ ਕੀਤਾ ਗਿਆ ਹੈ| ਡਾ. ਢੱਟ ਦੀ ਪਛਾਣ ਸਬਜ਼ੀਆਂ ਦੀ ਬਰੀਡਿੰਗ ਅਤੇ ਖੇਤੀ ਵਿਭਿੰਨਤਾ ਦੇ ਖੇਤਰ ਵਿਚ ਸਬਜ਼ੀਆਂ ਦੀਆਂ ਅਨੁਕੂਲ ਕਿਸਮਾਂ ਦੀ ਪਛਾਣ ਅਤੇ ਤਕਨਾਲੋਜੀਆਂ ਦੀ ਸਿਫ਼ਾਰਸ਼ ਨਾਲ ਜੁੜੀ ਹੋਈ ਹੈ| ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵਿਚ ਇਕ ਖੋਜੀ ਵਿਗਿਆਨੀ ਦੇ ਤੌਰ ਤੇ ਮਿਸਾਲੀ ਕਾਰਜ ਨੂੰ ਅੰਜ਼ਾਮ ਦਿੱਤਾ| ਉਹ ਪਿਛਲੇ ਸਾਲਾਂ ਤੋਂ ਮਹੱਤਵਪੂਰਨ ਅਹੁਦਿਆਂ ਤੇ ਆਸੀਨ ਰਹੇ ਜਿਨ੍ਹਾਂ ਵਿਚ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਤੋਂ ਲੈ ਕੇ ਬਾਗਬਾਨੀ ਅਤੇ ਭੋਜਨ ਵਿਗਿਆਨ ਨਾਲ ਸੰਬੰਧਿਤ ਵਧੀਕ ਨਿਰਦੇਸ਼ਕ ਖੋਜ ਦੇ ਰੁਤਬੇ ਪ੍ਰਮੁੱਖ ਹਨ|
ਸਬਜ਼ੀ ਵਿਗਿਆਨੀ ਦੇ ਤੌਰ ਤੇ ਉਹਨਾਂ ਨੇ ਬੇਮਿਸਾਲ ਕਾਰਜ ਕਰਦਿਆਂ 27 ਕਿਸਮਾਂ ਅਤੇ ਹਾਈਬ੍ਰਿਡ ਦੇ ਵਿਕਾਸ ਅਤੇ ਉਹਨਾਂ ਨੂੰ ਜਾਰੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ| ਇਹਨਾਂ ਵਿੱਚੋਂ 10 ਕਿਸਮਾਂ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪ੍ਰਵਾਨ ਹੋਈਆਂ| ਵਿਸ਼ੇਸ਼ ਤੌਰ ਤੇ ਉਹਨਾਂ ਨੇ ਪਿਆਜ਼ ਅਤੇ ਬੈਂਗਣਾਂ ਦੇ ਨਾਲ-ਨਾਲ ਵਾਇਰਸਾਂ ਦਾ ਸਾਹਮਣਾ ਕਰਨ ਦੇ ਸਮਰੱਥ ਕਿਸਮਾਂ ਦੀ ਖੋਜ ਕੀਤੀ| ਨਾਲ ਹੀ ਡਾ. ਢੱਟ ਦੀ ਪਛਾਣ ਬੀਜ ਮੁਕਤ ਕੱਦੂ ਦੀਆਂ ਕਿਸਮਾਂ ਦੀ ਖੋਜ ਨਾਲ ਵੀ ਪ੍ਰਵਾਨ ਹੋਈ| ਉਹਨਾਂ ਨੇ ਤਰ ਅਤੇ ਵੰਗਾ ਦੇ ਮਿਸ਼ਰਣ ਵਾਲੀ ਸਲਾਦ ਦੀ ਇਕ ਕਿਸਮ ਤਰਵੰਗਾ ਵੀ ਸਬਜ਼ੀ ਕਾਸ਼ਤਕਾਰਾਂ ਦੇ ਰੂਬਰੂ ਕੀਤੀ ਜਿਸ ਨਾਲ ਸਬਜ਼ੀਆਂ ਦੀ ਕਾਸ਼ਤ ਦੀਆਂ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ|
ਡਾ. ਢੱਟ ਨੇ 32 ਉਤਪਾਦਨ ਤਕਨੀਕਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ ਜਿਨ੍ਹਾਂ ਨਾਲ ਨਾ ਸਿਰਫ ਸਬਜ਼ੀਆਂ ਦੇ ਉਤਪਾਦਨ ਵਿਚ ਵਾਧਾ ਦੇਖਿਆ ਗਿਆ ਬਲਕਿ ਇਸ ਖੇਤਰ ਵਿਚ ਮਸ਼ੀਨ ਦੀ ਵਰਤੋਂ ਵੀ ਵਧੀ| ਸਬਜ਼ੀ ਵਿਗਿਆਨੀ ਦੇ ਤੌਰ ਤੇ ਕਾਰਜ ਕਰਦਿਆਂ ਉਹਨਾਂ ਨੇ ਬੀਜ ਉਤਪਾਦਨ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਬਹੁਤ ਸਾਰੀਆਂ ਸੰਧੀਆਂ ਸਿਰੇ ਚੜਾਈਆਂ| ਉਹਨਾਂ ਨੇ ਵੱਖ-ਵੱਖ ਵੱਕਾਰੀ ਏਜੰਸੀਆਂ ਵੱਲੋਂ ਪ੍ਰਾਯੋਜਿਤ 20 ਖੋਜ ਪ੍ਰੋਜੈਕਟਾਂ ਵਿਚ ਮੁੱਖ ਨਿਗਰਾਨ ਦੇ ਤੌਰ ਤੇ ਕਾਰਜ ਕੀਤਾ| ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਡੇਰੇ ਪ੍ਰਭਾਵ ਵਾਲੇ ਰਸਾਲਿਆਂ ਵਿਚ ਉਹਨਾਂ ਦੇ 328 ਲੇਖ ਪ੍ਰਕਾਸ਼ਿਤ ਹੋ ਕੇ ਪਾਠਕਾਂ ਤੱਕ ਪਹੁੰਚੇ|
ਇਕ ਅਧਿਆਪਕ ਦੇ ਤੌਰ ਤੇ ਡਾ. ਢੱਟ ਨੇ 31 ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਖੋਜ ਵਿਚ ਕੀਤੀ| ਉਹਨਾਂ ਵਿੱਚੋਂ ਬਹੁਤੇ ਉੱਚ ਪੱਧਰੀ ਸਨਮਾਨਾਂ ਦੇ ਹੱਕਦਾਰ ਬਣੇ| ਡਾ. ਢੱਟ ਵੱਲੋਂ ਆਲ ਇੰਡੀਆਂ ਕੁਆਰਡੀਨੇਟਿਡ ਖੋਜ ਪ੍ਰੋਜੈਕਟਾਂ ਦੀ ਅਗਵਾਈ ਸਦਕਾ ਪੀ.ਏ.ਯੂ. ਨੂੰ ਸਬਜ਼ੀਆਂ ਦੀਆਂ ਫਸਲਾਂ, ਪਿਆਜ਼ ਅਤੇ ਲਸਣ ਦੇ ਵਰਗ ਵਿਚ ਸਰਵੋਤਮ ਕੇਂਦਰ ਦੇ ਐਵਾਰਡ ਹਾਸਲ ਹੋਏ| ਖੇਤੀ ਵਿਗਿਆਨਾਂ ਬਾਰੇ ਭਾਰਤੀ ਅਕੈਡਮੀ ਦੀ ਫੈਲੋਸ਼ਿਪ ਡਾ. ਢੱਟ ਨੂੰ ਹਾਸਲ ਹੋਈ| ਇਸ ਤੋਂ ਇਲਾਵਾ ਬਾਗਬਾਨੀ ਫਸਲਾਂ ਬਾਰੇ ਭਾਰਤੀ ਅਕੈਡਮੀ ਅਤੇ ਸਬਜ਼ੀ ਵਿਗਿਆਨ ਦੀ ਭਾਰਤੀ ਅਕੈਡਮੀ ਨੇ ਉਹਨਾਂ ਦੇ ਯੋਗਦਾਨ ਨੂੰ ਪਛਾਣਦਿਆਂ ਫੈਲੋਸ਼ਿਪਾਂ ਪ੍ਰਦਾਨ ਕੀਤੀਆਂ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਢੱਟ ਨੂੰ ਨਿਰਦੇਸ਼ਕ ਖੋਜ ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਨਿਗਰਾਨੀ ਵਿਚ ਯੂਨੀਵਰਸਿਟੀ ਖੋਜ ਖੇਤਰ ਦੀਆਂ ਨਵੀਆਂ ਸਿਖਰਾਂ ਛੂਹੇਗੀ| ਡਾ. ਢੱਟ ਨੇ ਇਸ ਮੌਕੇ ਕਿਹਾ ਕਿ ਉਹ ਪੀ.ਏ.ਯੂ. ਦੀ ਖੋਜ ਨੂੰ ਵਿਸ਼ਵ ਪੱਧਰੀ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ|