ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ
ਲੁਧਿਆਣਾਃ 21 ਮਈ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ ਕਰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਲੰਮੀ ਬੀਮਾਰੀ ਉਪਰੰਤ ਮੌਤ ਦੇ ਮੂੰਹ ਚੋਂ ਬਚ ਕੇ ਆਏ ਸ਼ਾਇਰ ਦੋਸਤ ਬੂਟਾ ਸਿੰਘ ਚੌਹਾਨ ਦੀ ਸਾਹਿੱਤ ਸੇਵਾ ਵਡਮੁੱਲੀ ਹੈ।
ਪੰਜਾਬੀ ਬਾਲ ਨਾਵਲ ਸੱਤਰੰਗੀਆਂ ਚਿੜੀਆਂ,ਜੜ੍ਹਾਂ ਵਾਲੀ ਗੱਲ,ਗ਼ਜ਼ਲ ਸੰਗ੍ਰਹਿ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਤੇ ਖ਼ੁਸ਼ਬੋ ਦਾ ਕੁਨਬਾ ਤੇ ਕਾਵਿ ਪੁਸਤਕ ਦੁੱਖ ਪਰਛਾਵੇਂ ਹੁੰਦੇ , ਵਾਰਤਕ ਪੁਸਤਕ ਬਦਲੇ ਰੰਗ ਸਮੇਂ ਦੇ,ਕਹਾਣੀ ਸੰਗ੍ਰਹਿ ਪੁਰਾਣੀ ਇਮਾਰਤ ਤੇ ਬਾਲ ਪੁਸਤਕਾਂ ਚਿੱਟਾ ਪੰਛੀ,ਨਿੱਕੀ ਜੇਹੀ ਡੇਕ ਤੇ ਤਿੰਨ ਦੂਣੀ ਅੱਠ ਦੇ ਨਾਲ ਨਾਲ ਪੰਜਾਬੀ ਪੱਤਰਕਾਰੀ ਅਤੇ ਅਨੁਵਾਦ ਖੇਤਰ ਵਿੱਚ ਵੀ ਤਿੰਨ ਮਰਾਠੀ ਨਾਵਲ ਅਨੁਵਾਦ ਕੀਤੇ ਹਨ।
ਸਃ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਲਗਪਗ ਪੰਜਾਹ ਦਿਨ ਮੋਹਨ ਦੇਈ ਓਸਵਾਲ ਹਸਪਤਾਲ ਲੁਧਿਆਣਾ ਤੇ ਬਰਨਾਲਾ ਵਾਲੇ ਘਰ ਵਿੱਚ ਕੋਮਾ ਦੀ ਹਾਲਤ ਚ ਰਹੇ ਹਨ। ਇਸ ਲਈ ਇਹ ਮੇਰਾ ਦੂਜਾ ਜਨਮ ਹੈ। ਬੇਹੋਸ਼ੀ ਚੋਂ ਨਿਕਲਣ ਲਈ ਮੇਰੇ ਪਰਿਵਾਰ ਨੇ ਮੈਨੂੰ ਤੁਹਾਡਾ ਨਾਮ ਲੈ ਕੇ ਗੱਲਾਂ ਚੇਤੇ ਕਰਾਈਆਂ ਤਾਂ ਮੇਰੀ ਸੁਰਤ ਪਰਤੀ। ਇਸੇ ਲਈ ਅੱਜ ਮੈਂ ਤੁਹਾਨੂੰ ਮਿਲਣ ਆਇਆ ਹਾਂ।