ਚੰਡੀਗੜ੍ਹ, 15 ਜਨਵਰੀ 2021 - ਪੰਜਾਬ ਦੇ ਮੁੱਖ ਮੰਤਰੀ ਰਹੇ ਕਲਮ ਨੂੰ ਪਰਣਾਈ ਸ਼ਖਸੀਅਤ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦਾ ਅਜ ਜਨਮ ਦਿਨ ਹੈ। ਇਸ ਮੌਕੇ ਉਤੇ ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਲੇਖਕਾਂ, ਪਾਠਕਾਂ ਤੇ ਮੁਸਾਫਿਰ ਜੀ ਦੇ ਪਰਿਵਾਰ ਨੂੰ ਵਧਾਈ ਦਿਤੀ ਹੈ ਤੇ ਆਖਿਆ ਹੈ ਕਿ ਮੁਸਾਫਿਰ ਜੀ ਨੇਕ ਦਿਲ, ਕਵੀ, ਕਹਾਣੀਕਾਰ, ਦੇਸ਼ ਭਗਤ ਤੇ ਸੁਲਝੇ ਹੋਏ ਸਿਆਸਤਦਾਨ ਸਨ। ਉਨਾ ਨੂੰ ਯਾਦ ਕਰਨਾ ਪੰਜਾਬ ਕਲਾ ਪਰਿਸ਼ਦ ਦਾ ਨੇਕ ਉਦਮ ਹੈ। ਸ੍ਰ ਚੰਨੀ ਨੇ ਆਖਿਆ ਕਿ ਮੁਸਾਫਿਰ ਜੀ ਦੀਆਂ ਰਚਿਤ ਕਿਤਾਬਾਂ ਪੰਜਾਬੀ ਸਾਹਿਤ ਦਾ ਸਰਮਾਇਆ ਹਨ।
ਮੁਸਾਫਿਰ ਜੀ ਦਾ ਜਨਮ 15 ਜਨਵਰੀ 1899 ਨੂੰ ਅਧਵਾਲ ਜਿਲਾ ਕੈਂਬਲ ਪੁਰ ਵਿਖੇ ਸ਼੍ਰ ਸੁਜਾਨ ਸਿੰਘ ਦੇ ਘਰ ਹੋਇਆ ਤੇ ਆਪ ਜੀ 18 ਜਨਵਰੀ 1976 ਨੂੰ ਦਿੱਲੀ ਵਿਚ ਪੂਰੇ ਹੋਏ। ਆਪ ਜੀ ਇਕ ਨਵੰਬਰ 1966 ਤੋਂ ਲੈਕੇ 8 ਮਾਰਚ 1967 ਤਕ ਪੰਜਾਬ ਦੇ ਮੁਖ ਮੰਤਰੀ ਰਹੇ। ਗਿਆਨੀ ਜੀ ਹੰਢੇ ਹੋਏ ਕਵੀ ਤੇ ਕਹਾਣੀਕਾਰ ਸਨ। 1978 ਵਿਚ ਆਪ ਦੇ ਕਹਾਣੀ ਸੰਗ੍ਰਹਿ ' ਉਰਵਾਰ ਪਾਰ' ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਮਰਨ ਉਪਰੰਤ ਪਦਮ ਵਿਭੂਸ਼ਣ ਵੀ ਪ੍ਰਦਾਨ ਹੋਇਆ। ਆਪ ਨੇ ਕਵਿਤਾ ਦੀਆਂ 9 ਤੇ ਕਹਾਣੀਆਂ ਦੀਆਂ 8 ਕਿਤਾਬਾਂ ਲਿਖੀਆਂ। ਕਵਿਤਾਵਾਂ ਦੀ ਕਿਤਾਬ 'ਟੁੱਟੇ ਖੰਭ' ਤੇ ਕਹਾਣੀਆਂ ਦੀਆਂ ਕਿਤਾਬ ' ਆਲਣੇ ਦਾ ਬੋਟ' ਕਾਫੀਆਂ ਪੜੀਆਂ ਗਈਆਂ। ਆਪ ਦੀਆਂ ਸਾਰੀਆਂ ਰਚਨਾਵਾਂ ਨੂੰ ਸ੍ਰ ਕਰਤਾਰ ਸਿੰਘ ਦੁੱਗਲ ਨੇ ਸੰਪਾਦਿਤ ਕੀਤਾ ਤੇ ਵੱਡੀਆਂ ਕਿਤਾਬਾਂ ਨਵਯੁੱਗ ਪ੍ਰਕਾਸ਼ਕ ਦਿੱਲੀ ਨੇ ਛਾਪੀਆਂ।
ਅਜ ਆਪ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਆਪ ਜੀ ਦੀ ਘਾਲਣਾ ਨੂੰ ਸਿਜਦਾ ਕਰਦੀ ਹੋਈ ਆਪ ਦੇ ਅਣਗਿਣਤ ਪਾਠਕਾਂ ਨੂੰ ਆਪ ਦੇ ਜਨਮ ਦਿਨ ਦੀ ਵਧਾਈ ਦਿੰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।