35 ਸਾਲ ਦੀ ਉਮਰ ਵਿਚ ਲੋਕ ਸਭਾ ਦੀ ਮੈਂਬਰੀ ਜਿੱਤਣ ਵਾਲੇ ਅਤੇ 40 ਸਾਲ ਦੀ ਛੋਟੀ ਜਿਹੀ ਉਮਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਨੂੰ ਹੱਥ ਪਾਉਣ ਵਾਲੇ ਮਹਿੰਦਰ ਸਿੰਘ ਗਿੱਲ ਕੱਲ੍ਹ ਚੰਡੀਗੜ੍ਹ ਵਿਚ 84 ਸਾਲ ਦੀ ਉਮਰੇ ਫ਼ੌਤ ਹੋ ਗਏ ਹਨ। ਯਕ-ਲਖਤ ਸਿਆਸੀ ਝੜਾਈ ਕਰਨ ਤੋਂ ਬਾਅਦ ਉਹ 41 ਸਾਲ ਦੀ ਉਮਰ ਵਿਚ ਹੀ ਪੰਜਾਬ ਵਿਚ ਸਿਆਸੀ ਮੰਜ਼ਰ 'ਚੋਂ ਗ਼ਾਇਬ ਹੋ ਗਏ। 14 ਸਾਲ ਦੇ ਸਿਆਸੀ ਬਣਵਾਸ ਕੱਟਣ ਤੋਂ ਬਾਅਦ ਉਹਨਾਂ ਨੂੰ 1992 ਵਿਚ ਜਾ ਕੇ ਮੁੜ ਸਿਆਸੀ ਸਾਹ ਆਇਆ। ਪੰਜਾਬ ਦੀ ਸਿਆਸਤ ਵਿਚੋਂ ਆਉਣ ਹੋਣ ਤੇ ਮੁੜ ਪ੍ਰਗਟ ਹੋਣ ਦਾ ਕਿੱਸਾ ਵੀ ਕਾਫ਼ੀ ਦਿਲਚਸਪ ਹੈ।
1936 'ਚ ਜਨਮੇ ਮਹਿੰਦਰ ਸਿੰਘ ਗਿੱਲ 1971 ਦੀ ਆਮ ਚੋਣ ਮੌਕੇ ਅਕਾਲੀ ਦਲ ਦੇ ਸਿਟਿੰਗ ਮੈਂਬਰ ਸਰ: ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੂੰ ਹਰਾ ਕੇ ਐਮ.ਪੀ ਬਣੇ।ਸ੍ਰੀਮਤੀ ਇੰਦਰਾ ਗਾਂਧੀ ਭਰਦਾਨ ਮੰਤਰੀ ਸਨ ਤੇ ਉਹਨਾਂ ਨੇ 1975 ਵਿਚ ਦੇਸ਼ 'ਚ ਐਮਰਜੈਂਸੀ ਲਾ ਕੇ ਅਥਾਹ ਤਾਕਤ ਆਪਦੇ ਹੱਥ 'ਚ ਕਰ ਲਈ ਸੀ। ਸ੍ਰੀਮਤੀ ਗਾਂਧੀ ਦਾ ਛੋਟਾ ਪੁੱਤਰ ਸੰਜੇ ਗਾਂਧੀ ਭਾਵੇਂ ਕੋਈ ਐਮ.ਐਲ.ਏ,ਐਮ ਪੀ ਨਹੀਂ ਸੀ ਬਣਿਆ ਪਰ ਭਰਦਾਨ ਮੰਤਰੀ ਨੇ ਉਹਨੂੰ ਆਪਦਾ ਸਿਆਸੀ ਵਾਰਸ ਬਣਾਉਣ ਦੀ ਗਰਜ਼ ਨਾਲ ਭਰਦਾਨ ਮੰਤਰੀ ਅਤੇ ਕਾਂਗਰਸ ਭਰਦਾਨ ਦੀ ਪੂਰੀ ਤਾਕਤ ਇਸਤੇਮਾਲ ਕਰਨ ਦੀ ਸੰਜੇ ਗਾਂਧੀ ਨੂੰ ਛੁੱਟੀ ਦਿੱਤੀ ਹੋਈ ਸੀ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਭਰਦਾਨ ਸਰ: ਨਿਰੰਜਨ ਸਿੰਘ ਤਾਲਿਬ ਦੀ 1976 'ਚ ਫੌਤਗੀ ਤੋਂ ਬਾਅਦ ਸੰਜੇ ਗਾਂਧੀ ਦੀ ਮਨਸ਼ਾ ਮੁਤਾਬਿਕ ਮਹਿੰਦਰ ਸਿੰਘ ਗਿੱਲ ਨੂੰ ਪੰਜਾਬ ਕਾਂਗਰਸ ਦਾ ਭਰਦਾਨ ਥਾਪਿਆ ਗਿਆ।
ਉਨ੍ਹੀਂ ਦਿਨੀਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ। ਆਮ ਤੌਰ 'ਤੇ ਮੁੱਖ ਮੰਤਰੀ ਕੋਲ ਹੀ ਸੱਤਾ ਦਾ ਚਾਬਕ ਹੁੰਦਾ ਹੈ ਪਰ ਸੰਜੇ ਗਾਂਧੀ ਦੀ ਸਰਪ੍ਰਸਤੀ ਕਰਕੇ ਮਹਿੰਦਰ ਸਿੰਘ ਗਿੱਲ ਦੀ ਵੱਧ ਚੜ੍ਹਤ ਸੀ।ਇਸ ਗੱਲ ਦਾ ਜ਼ਾਹਿਰਾ ਸਬੂਤ 1 ਅਪ੍ਰੈਲ 1976 ਨੂੰ ਜੱਗ ਜ਼ਾਹਿਰ ਹੋਇਆ। ਇਸ ਦਿਨ ਸੰਜੇ ਗਾਂਧੀ ਨੇ ਪੰਜਾਬ ਦਾ ਦੌਰਾ ਕੀਤਾ। ਲੁਦੇਹਾਣੇ ਤੋਂ ਲੈ ਕੇ ਫ਼ਿਰੋਜਪੁਰ ਜ਼ਿਲ੍ਹੇ ਦੇ ਫੇਰੂ ਸ਼ਹਿਰ ਤੱਕ ਉਹਨਾਂ ਨੇ ਲਗਭਗ 100 ਕਿੱਲੋਮੀਟਰ ਦਾ ਸਫ਼ਰ ਖੁੱਲ੍ਹੀ ਗੱਡੀ ਵਿਚ ਕੀਤਾ।ਇਹ ਸਿਰਫ਼ ਸਫ਼ਰ ਹੀ ਨਹੀਂ ਸੀ ਬਲਕਿ ਇੱਕ ਜਲੂਸ ਸੀ ਜੀਹਦੇ ਵਿਚ ਸੰਜੇ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਖੁੱਲ੍ਹਾ ਇਸ਼ਾਰਾ ਕੀਤਾ ਕਿ ਮੇਰੀਆਂ ਨਜ਼ਰਾਂ ਵਿਚ ਮਹਿੰਦਰ ਸਿੰਘ ਗਿੱਲ ਦੀ ਅਹਿਮੀਅਤ ਮੁੱਖ ਮੰਤਰੀ ਜ਼ੈਲ ਸਿੰਘ ਤੋਂ ਵੱਧ ਹੈ।
ਜਲੂਸ ਦੀ ਸਭ ਤੋਂ ਮੁਹਰਲੀ ਖੁੱਲ੍ਹੀ ਗੱਡੀ ਵਿਚ ਸੰਜੇ ਗਾਂਧੀ ਖੜ੍ਹਾ ਸੀ ਤੇ ਉਹਦੇ ਨਾਲ ਮਹਿੰਦਰ ਸਿੰਘ ਗਿੱਲ ਖੜ੍ਹਾ ਸੀ।ਮੁੱਖ ਮੰਤਰੀ ਜ਼ੈਲ ਸਿੰਘ ਦਾ ਮਗਰਲੀ ਗੱਡੀ ਵਿਚ ਹੋਣਾ ਇਸ ਗੱਲ ਦੀ ਕਸਰ ਬਾਕੀ ਨਹੀਂ ਸੀ ਛੱਡ ਰਿਹਾ ਕਿ ਕਿ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਮਹਿੰਦਰ ਸਿੰਘ ਗਿੱਲ ਮੁੱਖ ਮੰਤਰੀ ਨਾਲੋਂ ਉੱਤੇ ਹੈ। ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਦਿਨਾਂ ਵਿਚ ਸੰਜੇ ਗਾਂਧੀ ਹੀ ਸਰਕਾਰ ਅਤੇ ਪਾਰਟੀ ਵਿਚ ਆਲ-ਇਨ-ਆਲ ਸੀ। ਲੁਦੇਹਾਣਾ ਫ਼ਿਰੋਜਪੁਰ ਰੋਡ ਤੇ ਜੌੜੀਆਂ ਨਹਿਰਾਂ ਕੋਲ ਫ਼ਿਰੋਜ਼ਸ਼ਾਹ ਦੇ ਮੁਕਾਮ ਤੇ ਸੰਜੇ ਗਾਂਧੀ ਨੇ ਐਂਗਲੋ ਸਿੱਖ ਵਾਰ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ।ਜੋ ਕਿ ਮਹਿੰਦਰ ਸਿੰਘ ਗਿੱਲ ਦੇ ਮੁੱਖ ਸਭਾ ਹਲਕੇ 'ਚ ਪੈਂਦਾ ਸੀ।ਇਹ ਤੋਂ ਅਗਾਂਹ ਸੰਜੇ ਗਾਂਧੀ ਨੇ ਅੰਮ੍ਰਿਤਸਰ ਤੱਕ ਵੀ ਇਵੇਂ ਹੀ ਜਲੂਸ ਕੱਢਿਆ ਸੀ।ਇਹ ਦਿਨ ਮਹਿੰਦਰ ਸਿੰਘ ਗਿੱਲ ਦੇ ਸਿਆਸੀ ਜੀਵਨ ਦੀ ਸਿਖਰ ਦਪੈਹਰ ਹੋ ਨਿੱਬੜਿਆ ।
16 ਮਾਰਚ 1977 'ਚ ਨੂੰ ਹੋਈ ਲੋਕ ਸਭਾ ਇਲੈਕਸ਼ਨ ਵਿਚ ਮਹਿੰਦਰ ਸਿੰਘ ਗਿੱਲ ਮੁੜ ਫ਼ਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਬਣੇ। ਇਸ ਚੋਣ ਵਿਚ ਕਾਂਗਰਸ ਦੀ ਹਮਾਇਤ ਕਰਨ ਵਾਲੀ ਸੀ.ਪੀ.ਆਈ ਨੇ ਵੀ ਮਹਿੰਦਰ ਸਿੰਘ ਗਿੱਲ ਦੇ ਖ਼ਿਲਾਫ਼ ਆਪਦਾ ਸੂਬਾਈ ਭਰਦਾਨ (ਸੂਬਾ ਸੈਕਟਰੀ) ਅਵਤਾਰ ਸਿੰਘ ਮਲਹੋਤਰਾ ਨੂੰ ਗਿੱਲ ਦੀਆਂ ਵੋਟਾਂ ਤੋੜਨ ਖ਼ਾਤਰ ਖੜ੍ਹਾ ਕੀਤਾ ਜੋ ਕਿ 50 ਹਜ਼ਾਰ ਵੋਟਾਂ ਤੋੜ ਗਿਆ। ਸੀ.ਪੀ.ਆਈ ਨੇ ਆਲ-ਇੰਡੀਆ ਪੱਧਰ ਤੇ ਕਾਂਗਰਸ ਨਾਲ ਰਲ ਕੇ ਚੋਣ ਲੜੀ ਸੀ ਪਰ ਕਈ ਥਾਂਵਾਂ ਤੇ ਸੰਜੇ ਗਾਂਧੀ ਦੇ ਉਮੀਦਵਾਰਾਂ ਦੀ ਮੁਖ਼ਾਲਫ਼ਤ ਕਰਨ ਬਹਾਨੇ ਆਪਦੇ ਬੰਦੇ ਖੜ੍ਹੇ ਕੀਤੇ ਸੀ। ਇਹ ਵੀ ਸੁਣਨ 'ਚ ਆਉਂਦਾ ਸੀ ਅਵਤਾਰ ਸਿੰਘ ਮਲਹੋਤਰਾ ਨੂੰ ਮੁੱਖ ਮੰਤਰੀ ਜ਼ੈਲ ਸਿੰਘ ਦੀ ਹਲਾ ਸ਼ੇਰੀ ਸੀ। ਇਸ ਸਭ ਕਾਸੇ ਤੇ ਬਾਵਜੂਦ ਵੀ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਈਂਆਵਾਲਾ ਨਾਲੋਂ ਵੱਧ ਨਿਕਲੀਆਂ ਸੀ ਪਰ ਸਰ: ਗਿੱਲ ਨੂੰ ਧੱਕੇ ਨਾਲ ਹਰਾਇਆ ਗਿਆ।
ਗਿਣਤੀ ਮੌਕੇ ਅਕਾਲੀ ਦਲ ਦੇ ਤੇਜ਼ ਤਰਾਰ ਖਰਾਂਟ ਆਗੂ ਤੇ ਸਰ: ਗਿੱਲ ਪਿਛਲੀ ਚੋਣ ਹਾਰ ਚੁੱਕੇ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਗਿਣਤੀ ਕੇਂਦਰਾਂ ਤੇ ਪਹੁੰਚ ਕੇ ਗਿੱਲ ਨੂੰ ਹਰਾਉਣ 'ਚ ਵੀ ਆਪਦਾ ਰੋਲ ਨਿਭਾਇਆ ਸੁਣਦੇ ਹੁੰਦੇ ਸੀ। ਵੋਟਾਂ ਦੀ ਗਿਣਤੀ 20 ਮਾਰਚ 1977 ਨੂੰ 9 ਕੇਂਦਰਾਂ ਤੇ ਸ਼ੁਰੂ ਹੋਈ।ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੀ ਹੋਈ ਗਿਣਤੀ ਵਿਚ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਵਿਚ ਆਪਦੇ ਨੇੜਲੇ ਵਿਰੋਧੀ ਤੋਂ 1900 ਵੱਧ ਨਿਕਲੀਆਂ। 21 ਮਾਰਚ ਦੁਪਹਿਰ ਤਿੰਨ ਵਜੇ ਡਾਕ ਰਾਹੀਂ ਆਇਆਂ 769 ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ-ਕਮ ਡੀ.ਸੀ ਫ਼ਿਰੋਜਪੁਰ ਦੇ ਦਫ਼ਤਰ ਵਿਚ ਸ਼ੁਰੂ ਹੋਈ ਤਾਂ ਅਚਾਨਕ ਹੀ ਇੱਕ ਵੱਡੀ ਭੀੜ ਨੇ ਅੰਦਰ ਜਾ ਕੇ ਖਰੂਦ ਪਾ ਦਿੱਤਾ। ਦਫ਼ਤਰ ਦੀ ਭੰਨ ਤੋੜ ਕੀਤੀ ਚੋਣ ਅਮਲਾ ਕੁੱਟਿਆ ਤੇ ਡਾਕ ਰਾਹੀਂ ਆਏ ਬੈਲਟ ਪੇਪਰ ਪਾੜ ਦਿੱਤੇ। ਪੁਲਿਸ ਨੇ ਭੀੜ ਨੂੰ ਰੋਕਣ ਖ਼ਾਤਰ ਕੋਈ ਖ਼ਾਸ ਤਰੱਦਦ ਨਾ ਕੀਤਾ।ਗਿੱਲ ਦੀ ਮੁੱਖ ਮੰਤਰੀ ਨਾਲ ਵਿਗੜੀ ਹੋਣ ਦਾ ਪੂਰਾ ਅਸਰ ਦਿਖਾਈ ਦੇ ਰਿਹਾ ਸੀ।
ਇਹੀ ਕੁਝ ਫ਼ਾਜ਼ਿਲਕਾ ਵਿਚ ਹੋਇਆ।ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਬੈਲਟ ਬਾਕਸ ਸਟਰੌਂਗ ਰੂਮ ਵਿਚ ਜਮਾ ਕਰਾ ਦਿੱਤੇ ਗਏ ਸਨ ਤੇ ਮਹਿੰਦਰ ਸਿੰਘ ਗਿੱਲ ਦੀਆਂ ਇੱਥੋਂ ਕਾਫ਼ੀ ਵੋਟਾਂ ਵਧ ਗਈਆਂ ਸੀ।ਭੀੜ ਨੇ ਸਟਰੌਂਗ ਰੂਮ ਤੇ ਜਾ ਕੇ ਹਮਲਾ ਕੀਤਾ ਤੇ ਸਟਰੌਂਗ ਰੂਮ ਵਿਚ ਅੱਗ ਲਾ ਦਿੱਤੀ।ਚੋਣ ਕਮਿਸ਼ਨ ਨੇ ਸਾਰੇ ਲੋਕ ਸਭਾ ਹਲਕੇ ਵਿਚ ਮੁੜ ਵੋਟਾਂ ਪਾਉਣ ਦਾ ਹੁਕਮ ਦੇ ਦਿੱਤਾ। ਸਰ: ਮਹਿੰਦਰ ਸਿੰਘ ਗਿੱਲ ਨੇ ਇਸ ਫ਼ੈਸਲੇ ਨੂੰ ਧੱਕਾ ਕਰਾਰ ਦਿੱਤਾ। ਉਹਨਾਂ ਦਾ ਤਰਕ ਸੀ ਕਿ ਲੋਕ ਸਭਾ ਹਲਕੇ 'ਚ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਪੁਰ ਅਮਨ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਆਪੋ ਆਪਣੇ ਵਿਧਾਨ ਸਭਾ ਹਲਕੇ ਦੀ ਰਿਜ਼ਲਟ ਸ਼ੀਟ ਰਿਟਰਨਿੰਗ ਅਫ਼ਸਰ ਕੋਲ ਜਮ੍ਹਾ ਕਰਵਾ ਦਿੱਤੀ ਸੀ।
ਜਿਸ ਮੁਤਾਬਿਕ ਸਰ: ਗਿੱਲ ਨੂੰ 1 ਲੱਖ 96 ਹਜ਼ਾਰ ਤੇ 16 ਵੋਟਾਂ ਜਦਕਿ ਅਕਾਲੀ ਉਮੀਦਵਾਰ ਨੂੰ 1 ਲੱਖ 94 ਹਜ਼ਾਰ ਤੇ 95 ਵੋਟਾਂ ਮਿਲੀਆਂ ਤਸਦੀਕ ਹੋਈਆਂ ਸਨ। ਜੇ ਸਾਰੇ ਦੇ ਸਾਰੇ 769 ਡਾਕ ਬੈਲਟ ਪੇਪਰ ਉਹਨਾਂ ਦੇ ਖ਼ਿਲਾਫ਼ ਵੀ ਮੰਨ ਲਏ ਜਾਣ ਤਾਂ ਵੀ ਉਹ ਨਤੀਜੇ ਤੇ ਕੋਈ ਅਸਰ ਨਹੀਂ ਪਾ ਸਕਦੇ। ਫ਼ਾਜ਼ਿਲਕਾ ਹਲਕੇ ਦੀ ਜਦੋਂ ਰਿਜ਼ਲਟ ਸ਼ੀਟ ਰਿਟਰਨਿੰਗ ਅਫ਼ਸਰ ਕੋਲ ਪਹੁੰਚ ਚੁੱਕੀ ਹੈ ਤਾਂ ਬਾਅਦ ਵਿਚ ਬੈਲਟ ਬਕਸਿਆਂ ਨੂੰ ਅੱਗ ਲੱਗਣ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ। ਸੋ ਰਿਟਰਨਿੰਗ ਅਫ਼ਸਰ ਮੇਰੇ ਹੱਕ ਜਿੱਤ ਦਾ ਐਲਾਨ ਕਰਨਾ ਚਾਹੀਦਾ ਸੀ।ਇਸ ਰੋਸ ਵਜੋਂ ਸਰ: ਗਿੱਲ ਨੇ ਅਪ੍ਰੈਲ 1977 ਨੂੰ ਸਮੁੱਚੇ ਲੋਕ ਸਭਾ ਹਲਕੇ 'ਚ ਦੁਬਾਰਾ ਕਰਾਈ ਗਈ ਪੋਲਿੰਗ ਦਾ ਬਾਈਕਾਟ ਕੀਤਾ ਜੀਹਦੇ 'ਚ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਈਂਆਵਾਲਾ ਜੇਤੂ ਰਹੇ।
ਮਹਿੰਦਰ ਸਿੰਘ ਗਿੱਲ ਚੋਣ ਕਮਿਸ਼ਨ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਗਏ। ਸੁਪਰੀਮ ਕੋਰਟ ਨੇ ਸਮੁੱਚੇ ਲੋਕ ਸਭਾ ਹਲਕੇ 'ਚ ਦੁਬਾਰਾ ਹੋਈ ਮੁੜ ਪੋਲਿੰਗ ਨੂੰ ਰੱਦ ਕਰ ਦਿੱਤਾ ਤੇ ਆਖਿਆ ਕਿ ਸਿਰਫ਼ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਵਿਚ ਦੁਬਾਰਾ ਪੋਲਿੰਗ ਕਰਾਈ ਜਾਵੇ। ਬਾਕੀ 8 ਵਿਧਾਨ ਸਭਾ ਹਲਕਿਆਂ ਦੀ ਗਿਣਤੀ 16 ਮਾਰਚ ਵਾਲੀ ਹੀ ਮੰਨੀ ਜਾਵੇ ਤੇ ਫ਼ਾਜ਼ਿਲਕਾ ਵਿਚ ਸਿਰਫ਼ ਨਵੀਂ ਪੋਲਿੰਗ ਦੀ ਗਿਣਤੀ ਨੂੰ ਬਾਕੀ 8 ਹਲਕਿਆਂ ਦੀ ਪੁਰਾਣੀ ਗਿਣਤੀ ਵਿਚ ਜੋੜ ਕੇ ਰਿਜ਼ਲਟ ਐਲਾਨਿਆ ਜਾਵੇ।ਸੋ ਫ਼ਾਜ਼ਿਲਕਾ ਵਿਚ ਦੁਬਾਰਾ ਪੋਲਿੰਗ ਹੋਈ ਉਦੋਂ ਤੱਕ ਸਿਆਸੀ ਹਾਲਾਤ ਬਦਲ ਚੁੱਕੇ ਸਨ।
ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਜਨਤਾ ਪਾਰਟੀ ਦੀ ਸਰਕਾਰ ਕਾਇਮ ਹੋ ਚੁੱਕੀ ਸੀ ਤੇ ਹਰਿਆਣੇ ਵਿਚ ਵੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਸੀ ਜਿਸ ਵਿਚ ਬਿਸ਼ਨੋਈ ਬਿਰਾਦਰੀ ਨਾਲ ਸੰਬੰਧਿਤ ਭਜਨ ਲਾਲ ਸਹਿਕਾਰਤਾ ਮੰਤਰੀ ਸੀ। ਫ਼ਾਜ਼ਿਲਕਾ ਹਲਕੇ ਵਿਚ ਵੱਡੀ ਗਿਣਤੀ ਵਿਚ ਬਿਸ਼ਨੋਈ ਵੋਟਰ ਹੋਣ ਕਰਕੇ ਸਰਦਾਰ ਬਾਦਲ ਨੇ ਭਜਨ ਲਾਲ ਨੂੰ ਵੀ ਅਕਾਲੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸੱਦਿਆ ਸੀ। ਸੋ ਇੱਥੋਂ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਬਹੁਤ ਘੱਟ ਗਈਆਂ। ਜਦੋਂ ਇਹਨਾਂ ਨੂੰ ਬਾਕੀ 8 ਵਿਧਾਨ ਸਭਾ ਹਲਕਿਆਂ ਦੀਆਂ ਪਹਿਲੀਆਂ ਵੋਟਾਂ ਨਾਲ ਜੋੜ ਕੇ ਦੇਖਿਆ ਗਿਆ ਤਾਂ ਕੁੱਲ ਮਿਲਾ ਕੇ ਗਿੱਲ ਦੀਆਂ ਵੋਟਾਂ ਘੱਟ ਗਈਆਂ ਤੇ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ।
1977 'ਚ ਹੋਈ ਲੋਕ ਸਭਾ ਚੋਣ ਦੌਰਾਨ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਸਣੇ ਸਾਰੀ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ ਤੇ ਜਨਤਾ ਪਾਰਟੀ ਸਰਕਾਰ ਬਣ ਗਈ ਸੀ।ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਕਾਂਗਰਸ ਨੂੰ ਇੱਕ ਵੀ ਸੀਟ ਹਾਸਲ ਨਹੀਂ ਸੀ ਹੋਈ, ਸੋ ਅਜਿਹੇ ਹਾਲਾਤ ਵਿਚ ਵੀ ਮਹਿੰਦਰ ਸਿੰਘ ਗਿੱਲ ਦਾ ਚੋਣ ਵਿਚ ਆਪਦੇ ਵਿਰੋਧੀ ਉਮੀਦਵਾਰ ਤੋਂ ਵੱਧ ਵੋਟਾਂ ਲੈ ਜਾਣਾ ਮਾਅਨੇ-ਖੇਜ ਹੈ। ਕਾਂਗਰਸ ਪਾਰਟੀ ਨੇ ਇਸ ਹਾਰ ਲਈ ਇੰਦਰਾ ਗਾਂਧੀ ਨੂੰ ਜ਼ੁੰਮੇਵਾਰ ਕਰਾਰ ਦੇ ਕੇ ਦਰ-ਕਿਨਾਰ ਕਰਨਾ ਸ਼ੁਰੂ ਕਰ ਦਿੱਤਾ। 1978 'ਚ ਇੰਦਰਾ ਗਾਂਧੀ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਇਹਦਾ ਨਾਂ ਕਾਂਗਰਸ (ਇੰਦਰਾ) ਰੱਖ ਲਿਆ।ਮਹਿੰਦਰ ਸਿੰਘ ਗਿੱਲ ਇੰਦਰਾ ਵਾਲੀ ਕਾਂਗਰਸ ਵਿਚ ਨਾ ਗਏ। ਇੰਦਰਾ ਕਾਂਗਰਸ ਦੀ ਚੜ੍ਹਤ ਹੋ ਗਈ ਤੇ ਉਹ 1980 'ਚ ਮੁੜ ਸੱਤਾ 'ਚ ਆ ਗਈ। ਮੇਨ ਕਾਂਗਰਸ ਸਿਆਸੀ ਤੌਰ 'ਤੇ ਖ਼ਤਮ ਹੋ ਗਈ ਤੇ ਨਤੀਜੇ ਵਜੋਂ ਮਹਿੰਦਰ ਸਿੰਘ ਗਿੱਲ ਵੀ ਸਿਆਸੀ ਤੌਰ 'ਤੇ ਲੋਪ ਹੋ ਗਏ।
ਹੁਣ ਗੱਲ ਕਰੀਏ ਉਸ ਦਿਲਚਸਪ ਕਿੱਸੇ ਦੀ ਜਦੋਂ ਇੱਕ ਟੈਲੀਫ਼ੋਨ ਕਾਲ ਨੇ ਉਹਨਾਂ ਦਾ ਸਿਆਸੀ ਬਣਵਾਸ ਤੋੜਿਆ। ਇਹ ਗੱਲ 1992 ਦੀ ਹੈ ਜਦੋਂ ਪੰਜਾਬ ਵਿਚ ਬਾਈਕਾਟ ਵਾਲੀ ਵਿਧਾਨ ਸਭਾ ਚੋਣ ਹੋਈ। ਮਹਿੰਦਰ ਸਿੰਘ ਗਿੱਲ ਆਪਣੇ ਪੁਰਾਣੇ ਸਿਆਸੀ ਰਿਸ਼ਤਿਆਂ ਦੀ ਬਦੌਲਤ ਬਨੂੜ ਹਲਕੇ ਤੋਂ ਟਿਕਟ ਲੈ ਆਏ। ਉਸ ਮੌਕੇ ਖਾੜਕੂਵਾਦ ਦੀ ਵਜ੍ਹਾ ਕਰਕੇ ਹਰੇਕ ਬੰਦਾ ਚੋਣ ਲੜਨ ਤੋਂ ਡਰਦਾ ਸੀ। 1991 ਵਾਲੀ ਰੱਦ ਹੋਈ ਚੋਣ 'ਚ ਕਾਂਗਰਸ ਨੇ ਬਾਈਕਾਟ ਕੀਤਾ ਸੀ ਤੇ ਅਕਾਲੀ ਦਲ ਨੇ ਚੋਣ ਲੜੀ ਸੀ ਤੇ ਅਕਾਲੀ ਦਲ ਸਮੇਤ ਹੋਰ ਦਰਜਨਾਂ ਉਮੀਦਵਾਰਾਂ ਦਾ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ।
ਐਤਕੀਂ ਅਕਾਲੀ ਦਲ ਦਾ ਬਾਈਕਾਟ ਸੀ ਤੇ ਕਾਂਗਰਸ ਚੋਣ ਲੜ ਰਹੀ ਸੀ।ਖਾੜਕੂਆਂ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਵੋਟਾਂ ਪਾਉਣ ਵਾਲੀਆਂ ਤੇ ਹਮਲਿਆਂ ਦੀ ਚੇਤਾਵਨੀ ਦਿੱਤੀ ਹੋਈ ਸੀ। ਸੋ ਇਸ ਹਾਲਾਤ ਵਿਚ ਟਿਕਟ ਹਾਸਲ ਕਰਨ ਖ਼ਾਤਰ ਕੋਈ ਖ਼ਾਸ ਤਰੱਦਦ ਨਹੀਂ ਸੀ ਕਰਨਾ ਪਿਆ ਬਲਕਿ ਕਈ ਥਾਈ ਤਾਂ ਬਹੁਤ ਜ਼ੋਰ ਪਾਕੇ ਉਮੀਦਵਾਰਾਂ ਨੂੰ ਕਾਂਗਰਸ ਦਾ ਟਿਕਟ ਲੈਣ ਲਈ ਮਨਾਇਆ ਗਿਆ। ਸੋ ਇਸ ਹਾਲਾਤ 'ਚ ਟਿਕਟ ਤਾਂ ਸੁਖਾਲਾ ਮਿਲ ਗਿਆ ਪਰ ਅਗਾਂਹ ਦੀ ਰਾਹ ਮਹਿੰਦਰ ਸਿੰਘ ਗਿੱਲ ਵਾਸਤੇ ਔਖੀ ਸੀ।ਬਨੂੜ ਹਲਕਾ ਉਹਨਾਂ ਦੇ ਆਪਦੇ ਹਲਕੇ ਤੋਂ 250 ਕਿੱਲੋਮੀਟਰ ਦੂਰ ਪੰਜਾਬ ਦੇ ਦੂਜੇ ਸਿਰੇ ਤੇ ਪੈਂਦਾ ਹੋਣ ਕਰਕੇ ਉਹਨਾਂ ਦੀ ਨਾ ਕੋਈ ਜਾਣ ਪਛਾਣ ਤੇ ਨਾ ਕੋਈ ਰਿਸ਼ਤੇਦਾਰੀ ਸੀ। ਪਾਰਟੀ ਵੱਲੋਂ ਕੋਈ ਚੋਣ ਮੁਹਿੰਮ ਨਹੀਂ ਸੀ ਤੇ ਸਾਰਾ ਕੰਮ ਉਮੀਦਵਾਰਾਂ ਖ਼ੁਦ ਹੀ ਕਰਨਾ ਪੈਣਾ ਸੀ।
ਟਿਕਟ ਲੈ ਕੇ ਚੰਡੀਗੜ੍ਹੋਂ ਹਲਕੇ ਵਿਚ ਵੜਨ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਦੱਸ ਪਾਈ ਸੀ ਕਿ ਲਾਲੜੂ ਮੰਡੀ ਵਿਚ ਇੱਕ ਪੈਟਰੋਲ ਪੰਪ ਦਾ ਮਾਲਕ ਲਾਲਾ ਵਾਸਦੇਵ ਕਾਂਗਰਸੀ ਹੈਗਾ ਸੋ ਤੂੰ ਉਹਦੇ ਕੋਲ ਚਲਿਆ ਜਾਹ। ਸੋ ਉਹਨਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਇਉਂ ਸ਼ੁਰੂ ਹੋਈ।ਮੇਨ ਅਕਾਲੀ ਦਲ ਭਾਵੇਂ ਬਾਈਕਾਟ ਸੀ ਪਰ ਇੱਕ ਛੋਟਾ ਜਿਹਾ ਬਰਨਾਲਾ ਅਕਾਲੀ ਦਲ ਪੰਜਾਬ ਦੀਆਂ 5-7 ਸੀਟਾਂ ਤੇ ਚੋਣ ਲੜ ਰਿਹਾ ਸੀ। ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਉਮੀਦਵਾਰ ਸਨ ਜੋ ਕਿ ਕਾਂਗਰਸ ਅਤੇ ਮਹਿੰਦਰ ਸਿੰਘ ਦੇ ਮੁੱਖ ਵਿਰੋਧੀ ਉਮੀਦਵਾਰ ਸਨ।
ਖਾੜਕੂਆਂ ਦੀ ਦਹਿਸ਼ਤ ਕਰਕੇ ਵੋਟਰਾਂ ਦੀ ਗਿਣਤੀ ਨਾ ਮਾਤਰ ਹੋਣ ਦਾ ਅੰਦਾਜ਼ਾ ਸਰਕਾਰ ਨੂੰ ਸੀ।ਅਕਾਲੀ ਵੋਟਰਾਂ ਨੇ ਤਾਂ ਆਪਦੀ ਮਰਜ਼ੀ ਨਾਲ ਹੀ ਘਰੇ ਬੈਠਣਾ ਸੀ ਜਦਕਿ ਦੂਜੇ ਵੋਟਰਾਂ ਨੇ ਦਹਿਸ਼ਤ ਕਰਕੇ ਪੋਲਿੰਗ ਬੂਥਾਂ ਤੇ ਨਹੀਂ ਸੀ ਆਉਣਾ ਜੀਹਦੇ ਕਰਕੇ ਕੇਂਦਰ ਸਰਕਾਰ ਦੀ ਫਜੀਹਤ ਹੋਣੀ ਸੀ। ਵੋਟਰਾਂ ਦੀ ਗਿਣਤੀ ਵਧਾਉਣ ਲਈ ਚੋਣ ਅਮਲੇ ਨੂੰ ਹਦਾਇਤ ਸੀ ਕਿ ਜਿਹੜਾ ਮਰਜ਼ੀ ਵੋਟ ਪਾਉਣ ਆਵੇ ਤੁਸੀਂ ਉਹਨੂੰ ਰੋਕਣਾ ਟੋਕਣਾ ਨਹੀਂ ਤੇ ਨਾਂ ਹੀ ਉਸਦੀ ਸ਼ਨਾਖ਼ਤ ਪੁੱਛਣੀ ਹੈ, ਬੱਸ ਵੋਟ ਪਰਚੀ ਉਹਦੇ ਹੱਥ 'ਚ ਫੜਾ ਦੇਣੀ ਹੈ।
ਮਹਿੰਦਰ ਸਿੰਘ ਗਿੱਲ ਆਪਦੀ ਜਿੱਤ ਬਾਬਤ ਇਸ ਅੰਦਾਜ਼ੇ ਕਰਕੇ ਆਸਵੰਦ ਸਨ ਕਿ ਅਕਾਲੀ ਵੋਟਰਾਂ ਨੇ ਤਾਂ ਘਰੋਂ ਵੋਟ ਪਾਉਣ ਨਿਕਲਣਾ ਨਹੀਂ ਜਿੰਨੀਆਂ ਕੁ ਵੋਟਾਂ ਪਈਆਂ ਉਹ ਕਾਂਗਰਸ ਦੀਆਂ ਹੀ ਹੋਣਗੀਆਂ।
ਮਹਿੰਦਰ ਸਿੰਘ ਗਿੱਲ ਨੇ ਮੈਨੂੰ ਚੰਡੀਗੜ੍ਹ ਵਿਚਲੀ ਦੋ ਸੈਕਟਰ ਵਾਲੀ ਕੋਠੀ ਵਿਚ 1998 ਦੌਰਾਨ ਇਹ ਗੱਲ ਸੁਣਾਈ ਕੇ 1992 ਵਾਲੀ ਇਲੈਕਸ਼ਨ 'ਚ ਬਨੂੜ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਜਾ ਕੇ ਮੈਂ ਦੇਖਿਆ ਕਿ ਕੈਪਟਨ ਕੰਵਲਜੀਤ ਸਿੰਘ ਦੇ ਬੰਦੇ ਭਈਆਂ ਦੀਆਂ ਵੋਟਾਂ ਭੁਗਤਾ ਰਹੇ ਸੀ। ਦੋ ਟਰੱਕਾਂ ਵਿਚ ਉਹਨਾਂ ਨੇ ਭਈਏ ਭਰੇ ਹੋਏ ਸੀ ਜੀਹਨਾ ਦਾ ਪ੍ਰੋਗਰਾਮ ਇਹ ਸੀ ਕਿ ਇੱਕ ਬੂਥ ਵਿਚ ਵੋਟਾਂ ਭੁਗਤਾ ਕੇ ਓਹੀ ਵੋਟਾਂ ਦੂਜੇ ਬੂਥਾਂ ਵਿਚ ਜਾ ਕੇ ਵੋਟਾਂ ਭੁਗਤਾ ਦੇਣ। ਕਿਉਂਕਿ ਰੋਕ ਟੋਕ ਕੋਈ ਨਹੀਂ ਸੀ ਤੇ ਇਹ ਵੀ ਹਦਾਇਤ ਸੀ ਕਿ ਜੇ ਕੋਈ ਉਂਗਲੀ ਤੇ ਨਿਸ਼ਾਨ ਲਵਾਉਣ ਤੋਂ ਮਨ੍ਹਾ ਕਰੇ ਤਾਂ ਨਿਸ਼ਾਨ ਨਾ ਲਾਇਆ ਜਾਵੇ। ਗਿੱਲ ਸਾਹਿਬ ਨੇ ਦੱਸਿਆ ਕਿ ਮੈਨੂੰ ਜਿੱਤਣ ਦੀ ਉਮੀਦ ਖ਼ਤਮ ਹੁੰਦੀ ਜਾਪੀ। ਨਿਰਾਸ ਹੋ ਕੇ ਮੈਂ ਬਨੂੜ ਚੰਡੀਗੜ੍ਹ ਰੋਡ ਤੇ ਬੱਸ ਸਟਾਪ ਕੋਲ ਇੱਕ ਬੈਂਚ ਤੇ ਆ ਕੇ ਬੈਠ ਗਿਆ। ਸੜਕ ਦੇ ਦੂਜੇ ਪਾਰ ਮੈਨੂੰ ਇੱਕ ਟੈਲੀਫ਼ੋਨ ਪੀ.ਸੀ.ਓ ਨਜ਼ਰ ਆਇਆ। ਮੇਰੇ ਕੋਲ ਪੰਜਾਬ ਸਰਕਾਰ ਦੀ ਸਰਕਾਰੀ ਟੈਲੀਫ਼ੋਨਾਂ ਵਾਲੀ ਡਾਇਰੀ ਸੀ। ਮੈਂ ਇੱਕ ਬੇਉਮੀਦਾ ਜਿਹਾ ਹੰਭਲਾ ਮਾਰਨ ਦੀ ਕੋਸ਼ਿਸ਼ ਕੀਤੀ।
ਪੀ.ਸੀ.ਓ ਤੇ ਜਾ ਕੇ ਮੈਂ ਡੀ.ਜੀ.ਪੀ ਪੰਜਾਬ ਦੀ ਰਿਹਾਇਸ਼ ਦਾ ਫ਼ੋਨ ਨੰਬਰ ਮਿਲਾਇਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੁਹਰਿਓਂ ਅਵਾਜ਼ ਆਈ, “ਮੈਂ ਕੇ.ਪੀ.ਐਸ. ਗਿੱਲ ਬੋਲਦਾ ਹਾਂ, ਦੱਸੋ ਕੀ ਪ੍ਰਾਬਲਮ ਹੈ” ਮੈਂ ਜਵਾਬ ਦਿੱਤਾ ਗਿੱਲ ਸਾਹਿਬ , ਮੈਂ ਤੁਹਾਡਾ ਗੋਤੀ ਮਹਿੰਦਰ ਸਿੰਘ ਗਿੱਲ ਬੋਲਦਾ ਹਾਂ। ਅੱਜ ਤੁਹਾਡੇ ਗਿੱਲ ਭਰਾ ਦੀ ਜਿੱਤ ਹਾਰ ਤੁਹਾਡੀ ਮੁੱਠੀ ਵਿਚ ਹੈ। “ਹਾਂ ਹਾਂ ਦੱਸੋ ਕੀ ਚਾਹੁੰਦੇ ਹੋ” ਡੀ.ਜੀ.ਪੀ ਨੇ ਜਵਾਬ ਦਿੱਤਾ। ਮੈਂ ਕਿਹਾ ਜਨਾਬ ਬਨੂੜ ਕਸਬੇ 'ਚ ਭਈਆਂ ਦੇ ਟਰੱਕ ਵੋਟਾਂ ਭੁਗਤਾ ਰਹੇ ਨੇ ਜੇ ਇਹ ਟਰੱਕ ਰੋਕ ਦਿਓ ਤਾਂ ਮੈਂ ਜਿੱਤ ਸਕਦਾ ਹਾਂ। ਕੇ.ਪੀ.ਐਸ ਗਿੱਲ ਨੇ ਮੇਰੀ ਗੱਲ ਅੱਧ ਵਿਚਾਲਿਓਂ ਬੁੱਚ ਕੇ ਕਿਹਾ, “ਹੁਣੇ ਲੈ, ਇਕੱਲੇ ਬਨੂੜ ਕਸਬੇ ਕੀ ਮੈਂ ਹੁਣੇ ਸਮੁੱਚੇ ਹਲਕੇ 'ਚ ਹੀ ਘੁੰਮ ਰਹੇ ਸਾਰੇ ਟਰੱਕ ਜ਼ਬਤ ਕਰਨ ਦਾ ਹੁਕਮ ਦੇ ਦਿਨਾਂ ਵਾਂ, ਇੰਨੇ ਨਾਲ ਸਰ ਜਾਊ ?” ਮੈਂ ਕਿਹਾ ਨਹੀਂ ਗਿੱਲ ਭਰਾਵਾ ਇੰਨਾ ਹੀ ਬਥੇਰਾ ਹੈ। ਦਸਾਂ ਮਿੰਟਾਂ 'ਚ ਪੁਲਿਸ ਟਰੱਕਾਂ ਨੂੰ ਘੇਰ ਕੇ ਠਾਣੇ ਲੈ ਗਈ। ਟਰੱਕ ਰੁਕਣ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਿੱਤ ਗਿਆ। ਇਹ ਮਹਿੰਦਰ ਸਿੰਘ ਗਿੱਲ ਵੱਲੋਂ ਨਵਾਂ ਸਿਆਸੀ ਜਨਮ ਲੈਣ ਦੀ ਕਹਾਣੀ ਜਿਹੜੀ ਉਹਨਾਂ ਨੇ ਮੈਨੂੰ ਖ਼ੁਦ ਸੁਣਾਈ।