ਭਾਸ਼ਾ ਵਿਭਾਗ ਵੱਲੋਂ ਪ੍ਰਵਾਸੀ ਲੇਖਕ ਮਿੰਟੂ ਬਰਾੜ ਦਾ ਰੂ-ਬ-ਰੂ ਸਮਾਗਮ ਕਰਵਾਇਆ
- ਮਿਹਨਤ, ਲਗਨ ਤੇ ਹੁਨਰ ਬੰਦੇ ਨੂੰ ਕਾਮਯਾਬ ਬਣਾਉਂਦਾ ਹੈ-ਮਿੰਟੂ ਬਰਾੜ
ਸੰਜੀਵ ਜਿੰਦਲ
ਮਾਨਸਾ, 26 ਜੁਲਾਈ 2022 : ਭਾਸ਼ਾ ਵਿਭਾਗ ਮਾਨਸਾ ਵੱਲੋਂ ਪਰਵਾਸੀ ਲੇਖਕ ਮਿੰਟੂ ਬਰਾੜ ਦਾ ਰੂ-ਬ-ਰੂ ਪਿ੍ਰੰਸੀਪਲ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਇੰਜ. ਵਿਨੋਦ ਜਿੰਦਲ, ਪ੍ਰਧਾਨ, ਐਸ.ਡੀ.ਕਾਲਜ ਨੇ ਸ਼ਿਰਕਤ ਕੀਤੀ।
ਸਮਾਗਮ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਭਾਸ਼ਾ ਵਿਭਾਗ ਦੀਆਂ ਸਕੀਮਾਂ ਅਤੇ ਕਾਰਜਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਲੇਖਕ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਦੀਆਂ ਲਿਖਤਾਂ ਸਦਾ ਹੀ ਸਮਾਜ ਨੂੰ ਸੇਧ ਦਿੰਦੀਆਂ ਹਨ। ਮੰਚ ਸੰਚਾਲਨ ਕਰਦਿਆਂ ਵਿਸਵਦੀਪ ਬਰਾੜ ਨੇ ਮਿੰਟੂ ਬਰਾੜ ਦੇ ਜੀਵਨ ਅਤੇ ਉਸਦੇ ਸਾਹਿਤਕ ਕਾਰਜਾਂ ਬਾਰੇ ਚਾਨਣਾ ਪਾਇਆ।
ਪਰਵਾਸੀ ਲੇਖਕ ਮਿੰਟੂ ਬਰਾੜ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਪਰਵਾਸ ਦੇ ਵੱਖ ਵੱਖ ਪੱਖਾਂ ਅਤੇ ਪੰਜਾਬੀਆਂ ਦੀ ਪੂਰੀ ਦੁਨੀਆਂ ਵਿੱਚ ਮੌਜੂਦਗੀ ਤੇ ਉਨ੍ਹਾਂ ਦੀ ਕਾਰੋਬਾਰੀ ਪਕੜ ਤੋਂ ਇਲਾਵਾ ਬਹੁਤ ਸਾਰੇ ਸਮਾਜਿਕ, ਸੱਭਿਆਚਾਰਕ ਪੱਖਾਂ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਿਹਨਤ, ਲਗਨ ਅਤੇ ਹੁਨਰ ਹੀ ਮਨੁੱਖ ਨੂੰ ਸਫਲ ਬਣਾਉਂਦਾ ਹੈ।
ਸਵਾਲਾਂ-ਜੁਵਾਬਾਂ ਦੇ ਸਿਲਸਲੇ ਵਿਚ ਬਲਰਾਜ ਮਾਨ, ਸੀਮਾ ਜਿੰਦਲ, ਸੁਪਨਦੀਪ ਕੌਰ, ਹਰਦੀਪ ਜਟਾਣਾ ਅਤੇ ਆਈ.ਟੀ.ਆਈ ਦੇ ਵਿਦਿਆਰਥੀਆਂ ਨੇ ਸੁਵਾਲ ਕੀਤੇ ਜਿਨ੍ਹਾਂ ਦੇ ਜਵਾਬ ਮਿੰਟੂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਦਿੱਤੇ। ਇੰਜ. ਵਿਨੋਦ ਜਿੰਦਲ ਅਤੇ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕਿਹਾ ਕਿ ਮਿੰਟੂ ਤੋਂ ਪ੍ਰੇਰਨਾ ਲੈਕੇ ਸਾਡੇ ਨੌਜਵਾਨ ਵੀ ਆਪਣੀ ਅਤੇ ਵਿਦੇਸ਼ੀ ਧਰਤੀ ਤੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਵਿਚ ਵੱਖੋ ਵੱਖਰੀਆਂ ਯੋਗਤਾਵਾਂ ਹੁੰਦੀਆਂ ਹਨ, ਉਨ੍ਹਾਂ ਦੀ ਪਛਾਣ ਕਰਨਾ ਜਰੂਰੀ ਹੈ।
ਜ਼ਿਲ੍ਹਾ ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿੰਟੂ ਬਰਾੜ ਦਾ ਨਾਂ ਜਿੱਥੇ ਪੰਜਾਬੀ ਵਾਰਤਕ ਵਿਚ ਜਾਣਿਆ ਜਾਂਦਾ ਹੈ ਉਥੇ ਨਾਲ ਦੀ ਨਾਲ ਤਕਨੀਕੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਵੀ ਵੱਖਰਾ ਹੈੇ।
ਸਮਾਗਮ ਵਿਚ ਸਥਾਨਕ ਆਈ.ਟੀ.ਆਈ. ਦੇ ਐਨ.ਐੱਸ.ਐੱਸ ਦੇ ਇੰਚਾਰਜ ਜਸਪਾਲ ਸਿੰਘ ਤੇ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਉੱਘੇ ਕਹਾਣੀਕਾਰ ਜਸਬੀਰ ਢੰਡ, ਬਲਵੰਤ ਭਾਟੀਆ, ਰਘਬੀਰ ਮਾਨ, ਵੀਰਪਾਲ ਕੌਰ, ਜਸਪਾਲ ਸਿੰਘ, ਗੁਰਮੇਲ ਕੌਰ ਜੋਸ਼ੀ, ਮਹਿੰਦਰ ਮਾਨਸਾ, ਜਗਤਾਰ ਔਲਖ, ਅਮਨਦੀਪ ਸਿੰਘ, ਜਗਮੋਹਨ ਲਾਟਾ, ਬਿੱਕਰ ਮਘਾਣੀਆ, ਅੰਮ੍ਰਿਤ ਸਮਿਤੋਜ, ਕਰਨ ਭੀਖੀ, ਰਾਜ ਮਾਨਸਾ, ਤੇਜਿੰਦਰ ਸਿੰਘ, ਰਾਜਿੰਦਰ ਕੁਮਾਰ, ਕੁਲਦੀਪ ਚੌਹਾਨ, ਬਲਮ ਲੀਂਬਾ, ਮਹੇਸ਼ਇੰਦਰ, ਮਨਦੀਪ ਸਿੰਘ, ਓਮ ਪ੍ਰਕਾਸ ਅਤੇ ਸਿੱਪੀ ਸਿੱਧੂ ਹਾਜਰ ਸ਼ਾਮਲ ਹੋਏ।