ਦਲਜੀਤ ਅਮੀ ਬਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਲੋਕ ਸੰਪਰਕ
ਜੀ ਐਸ ਪੰਨੂ
ਪਟਿਆਲਾ,17ਨਵੰਬਰ, 2021 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾਇਰੈਕਟਰ ਲੋਕ ਸੰਪਰਕ ਵਿਭਾਗ ਦਾ ਅਹੁਦਾ ਇੱਥੇ ਸਥਿਤ ਐਜ਼ੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਐਮ.ਆਰ.ਸੀ.) ਦੇ ਨਵ-ਨਿਯੁਕਤ ਡਾਇਰੈਕਟਰ ਦਲਜੀਤ ਅਮੀ ਵੱਲੋਂ ਸੰਭਾਲ਼ ਲਿਆ ਗਿਆ ਹੈ। ਜਿ਼ਕਰਯੋਗ ਹੈ ਕਿ ਡਾ. ਹੈਪੀ ਜੇਜੀ ਵੱਲੋਂ ਆਪਣੇ ਨਿੱਜੀ ਕਾਰਨਾਂ ਕਰਕੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
ਦਲਜੀਤ ਅਮੀ ਵੱਲੋਂ ਅਹੁਦਾ ਸੰਭਾਲਣ ਦੀ ਇਸ ਰਸਮ ਸਮੇਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਵੇਲੇ ਯੂਨੀਵਸਿਟੀ ਲਈ ਰਵਾਇਤੀ ਅਤੇ ਸੋਸ਼ਲ ਮੀਡੀਆ ਤਿੰਨ ਪੱਖੋਂ ਅਹਿਮ ਹੈ। ਪਹਿਲਾ ਪੱਖ ਤਾਂ ਇਹ ਕਿ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਯੂਨੀਵਰਸਿਟੀ ਵਿੱਚ ਕੀ ਹੋ ਰਿਹਾ ਹੈ । ਦੂਸਰਾ, ਸਾਰੇ ਕੋਰਸਾਂ ਅਤੇ ਪੜ੍ਹਾਈ ਬਾਰੇ ਵੀ ਮੀਡੀਆ ਰਾਹੀਂ ਹੀ ਸੰਚਾਰ ਹੋਣਾ ਹੈ। ਤੀਸਰਾ, ਯੂਨੀਵਰਸਿਟੀ ਸਾਡੀਆਂ ਸੱਭਿਆਚਾਰਕ ਅਤੇ ਅਕਾਦਮਿਕ ਸਰਗਰਮੀਆਂ ਦਾ ਕੇਂਦਰ ਹੈ ਜਿਸ ਨਾਤੇ ਯੂਨੀਵਰਸਿਟੀ ਦੀ ਇਹ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਲੋੜੀਂਦੇ ਮਾਮਲਿਆਂ ਮਸਲਿਆਂ ਉਪਰ ਇਸ ਖਿੱਤੇ ਵਿੱਚ ਸਮਾਜ ਨੂੰ ਅਗਵਾਈ ਦੇਵੇ।
ਉਨ੍ਹਾਂ ਕਿਹਾ ਕਿ ਦਲਜੀਤ ਅਮੀ ਨੇ ਲੋਕ ਸੰਪਰਕ ਦੇ ਨਿਰਦੇਸ਼ਕ ਵਜੋਂ ਅਹੁਦਾ ਸੰਭਾਲਣ ਨਾਲ ਮੀਡੀਆ ਅਤੇ ਅਕਾਦਮਿਕਤਾ ਦੇ ਸੁਮੇਲ ਵਾਲਾ ਤਜ਼ਰਬਾ ਇਸ ਕੁਰਸੀ ਤਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਕਿਉਂਕਿ ਦਲਜੀਤ ਅਮੀ ਯੂਨੀਵਰਸਿਟੀ ਵਿਚਲੇ ਈ.ਐਮ.ਆਰ.ਸੀ. ਦੇ ਨਿਰਦੇਸ਼ਕ ਵਜੋਂ ਵੀ ਕਾਰਜਸ਼ੀਲ ਹਨ ਇਸ ਲਈ ਲੋਕ ਸੰਪਰਕ ਵਿਭਾਗ ਵਿੱਚ ਉਨ੍ਹਾਂ ਰਾਹੀਂ ਇਕ ਇਕ ਨਵਾਂ ਪੱਖ ਜੁੜੇਗਾ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਦਲਜੀਤ ਅਮੀ ਇਸ ਮੌਕੇ ਦੀ ਚੁਣੌਤੀ ਉੱਪਰ ਪੂਰੇ ਉੱਤਰਨਗੇ ਅਤੇ ਇਸ ਨਾਲ ਯੂਨੀਵਰਸਿਟੀ ਅਤੇ ਮੀਡੀਆ ਵਿੱਚ ਸੰਵਾਦ ਦਾ ਮਿਆਰ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਅਤੇ ਯੂਨੀਵਰਸਿਟੀ ਦੇ ਸੰਵਾਦ ਨੂੰ ਹਰ ਪੱਖ ਤੋਂ ਅੱਗੇ ਲਿਜਾਣ ਦੀ ਜ਼ਰੂਰਤ ਹੈ।
ਦਲਜੀਤ ਅਮੀ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਡਾਇਰੈਕਟਰ ਲੋਕ ਸੰਪਰਕ ਵਿਭਾਗ ਦਾ ਕਾਰਜ ਅਸਲ ਵਿੱਚ ਯੂਨੀਵਰਸਿਟੀ ਵਿਚ ਹੋ ਰਹੀਆਂ ਉਸਾਰੂ ਗੱਲਾਂ ਨੂੰ ਸਮਾਜ ਤਕ ਲੈ ਕੇ ਜਾਣਾ ਹੁੰਦਾ ਹੈ। ਯੂਨੀਵਰਸਿਟੀ ਵਿਚਲੇ ਖੋਜ ਕਾਰਜ ਅਤੇ ਅਕਾਦਮਿਕ ਸਰਗਰਮੀਆਂ ਦੀ ਪਹੁੰਚ ਨੂੰ ਸਮਾਜ ਦੇ ਵੱਡੇ ਦਾਇਰੇ ਤਕ ਵਸੀਹ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਾਰਜ ਵਿੱਚ ਅਦਾਰੇ ਅਤੇ ਸਮਾਜ ਦਰਮਿਆਨ ਇਕ ਸਰਗਰਮ ਕੜੀ ਵਜੋਂ ਕਾਰਜ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿੱਦਿਆ, ਵਿਦਿਆਰਥੀ ਅਤੇ ਅਦਾਰਾ ਇਸ ਸਾਰੀ ਕਾਰਜ ਪ੍ਰਕਿਰਿਆ ਦੇ ਕੇਂਦਰ ਵਿਚ ਰਹੇਗਾ।
ਡਾ. ਹੈਪੀ ਜੇਜੀ ਵੱਲੋਂ ਇਸ ਮੌਕੇ ਦਲਜੀਤ ਅਮੀ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪੂਰੀ ਤਨਦੇਹੀ ਅਤੇ ਆਪਣੀ ਪੂਰੀ ਸਮਰਥਾ ਅਤੇ ਕਾਰਜ ਕੁਸ਼ਲਤਾ ਨਾਲ ਇਸ ਅਹੁਦੇ ਦੀ ਜਿ਼ੰਮੇਵਾਰੀ ਨਿਭਾਈ ਹੈ। ਇਸ ਕਾਰਜਕਾਲ ਦਾ ਤਜ਼ਰਬਾ ਉਨ੍ਹਾਂ ਲਈ ਹਮੇਸ਼ਾ ਹੀ ਮਾਣ ਵਾਲਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਖਿੱਤੇ ਦਾ ਇਕ ਅਹਿਮ ਅਦਾਰਾ ਹੈ। ਇਸ ਅਦਾਰੇ ਲਈ ਕਿਸੇ ਵੀ ਰੂਪ ਵਿੱਚ ਆਪਣੀ ਜਿ਼ੰਮੇਵਾਰੀ ਨਿਭਾਉਣਾ ਇਕ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਕਾਰਜ ਦੀ ਜਿ਼ੰਮੇਵਾਰੀ ਹੁਣ ਦਲਜੀਤ ਅਮੀ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਅਧਿਕਾਰੀਆਂ ਅਤੇ ਖਾਸ ਤੌਰ `ਤੇ ਮੀਡੀਆ ਵੱਲੋਂ ਦਿੱਤੇ ਗਏ ਸਹਿਯੋਗ ਸੰਬੰਧੀ ਸਭ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।
ਜਿ਼ਕਰਯੋਗ ਹੈ ਕਿ ਦਲਜੀਤ ਅਮੀ ਇਕ ਬਹੁ-ਪਰਤੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਵੱਕਾਰੀ ਮੀਡੀਆ ਹਾਊਸਿਜ਼ ਵਿਚ ਅਹਿਮ ਅਹੁਦਿਆਂ ਉੱਪਰ ਕੰਮ ਕਰਦਿਆਂ ਬਹੁਤ ਸਾਰਾ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਪੰਜਾਬੀ ਟ੍ਰਿਬਿਊਨ ਵਿਚ ਸਹਾਇਕ ਸੰਪਾਦਕ ਦੇ ਤੌਰ `ਤੇ ਵਿਚਰਦਿਆਂ ਉਨ੍ਹਾਂ ਵੱਲੋਂ 700 ਦੇ ਕਰੀਬ ਅਹਿਮ ਸੰਪਾਦਕੀ-ਲੇਖ ਲਿਖੇ ਗਏ। ਇਸੇ ਤਰ੍ਹਾਂ ਡੇਅ ਐਂਡ ਨਾਈਟ ਚੈਨਲ ਵਿਚ ਐਡੀਟੋਰੀਅਲ ਕਨਸਲਟੈਂਟ ਵਜੋਂ ਕਾਰਜ ਕਰਦਿਆਂ ਇਸ ਚੈਨਲ ਦੇ ਪਰਾਈਮ-ਟਾਈਮ ਪ੍ਰੋਗਰਾਮਾਂ ਦੇ ਨਿਰਮਾਣ ਵਿਚ ਮੁੱਖ ਭੂਮਿਕਾ ਨਿਭਾਈ ਗਈ। ਬੀ.ਬੀ.ਸੀ. ਵਿਚ ਕੰਮ ਕਰਦਿਆਂ ਉਹ ਅੰਤਰਰਾਸ਼ਟਰੀ ਪੱਧਰ ਉੱਪਰ ਵੱਖ-ਵੱਖ ਮੁਲਕਾਂ ਨਾਲ ਸੰਬੰਧਤ ਅਹਿਮ ਖ਼ਬਰਾਂ ਦੇ ਨਿਰਮਾਣ ਕਾਰਜ ਨੂੰ ਕੋਆਰਡੀਨੇਟ ਕਰਦੇ ਰਹੇ। ਡਾਕੂਮੈਂਟਰੀ ਫਿ਼ਲਮ ਨਿਰਮਾਣ ਦੇ ਖੇਤਰ ਵਿਚ ਵੀ ਉਹ ਇਕ ਵੱਡਾ ਨਾਮ ਹਨ ਜਿਨ੍ਹਾਂ ਵੱਲੋਂ ਵੱਖ-ਵੱਖ ਵਿਸਿ਼ਆਂ ਨਾਲ ਸੰਬੰਧਤ 12 ਡਾਕੂਮੈਂਟਰੀ ਫਿ਼ਲਮਾਂ ਦਾ ਸ਼ਾਨਦਾਰ ਨਿਰਮਾਣ ਕੀਤਾ ਜਾ ਚੁੱਕਾ ਹੈ।
ਪੱਤਰਕਾਰੀ ਅਤੇ ਫਿਲਮਸਾਜ਼ੀ ਤੋਂ ਇਲਾਵਾ ਉਨ੍ਹਾਂ ਵੱਲੋਂ ਅਕਾਦਮਿਕ ਅਤੇ ਖੋਜ ਖੇਤਰ ਵਿੱਚ ਵੀ ਸਲਾਹੁਣਯੋਗ ਕਾਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਚਾਰ ਅੰਤਰਰਾਸ਼ਟਰੀ ਸਕਾਲਰਸਿ਼ਪ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਵੱਲੋਂ ਇਕ ਸਕਾਲਰਸਿ਼ਪ ਵਿੱਚ ਪੰਜਾਬੀ ਫਿ਼ਲਮਾਂ ਵਿਚਲੇ ਡਿਜੀਟਲ ਅਤੇ ਸੈਲੂਲੋਇਡ ਰੁਝਾਨਾਂ ਸੰਬੰਧੀ ਕਾਰਜ ਕੀਤਾ ਗਿਆ ਅਤੇ ਇਕ ਹੋਰ ਸਕਾਲਰਸਿ਼ਪ ਰਾਹੀਂ ਭਗਤ ਰਵਿਦਾਸ ਜੀ ਬਾਰੇ ਡਿਜੀਟਲ ਪੇਸ਼ਕਾਰੀ ਸੰਬੰਧੀ ਕਾਰਜ ਕੀਤਾ ਗਿਆ। ਇਸੇ ਤਰ੍ਹਾਂ ਰੀ-ਸਾਊਥ ਏਸ਼ੀਆ ਸਕਾਲਰਸਿ਼ਪ ਰਾਹੀਂ ਉਨ੍ਹਾਂ ਵੱਲੋਂ ਦੱਖਣੀ ਏਸ਼ੀਆ ਦੀਆਂ ਪ੍ਰੇਮ ਗਾਥਾਵਾਂ ਦੇ ਸੰਦਰਭ ਵਿਚ 'ਸੋਹਣੀ ਮਹੀਵਾਲ' ਪ੍ਰੇਮ ਗਾਥਾ ਉੱਪਰ ਕਾਰਜ ਕੀਤਾ ਗਿਆ। ਅਨੁਵਾਦ ਦੇ ਖੇਤਰ ਵਿਚ ਵੀ ਉਨ੍ਹਾਂ ਵੱਲੋਂ ਬਹੁਤ ਵੱਕਾਰੀ ਅਤੇ ਸਲਾਹੁਣਯੋਗ ਕਾਰਜ ਕੀਤਾ ਗਿਆ ਜਿਸ ਨੇ ਉਨ੍ਹਾਂ ਦੀ ਇਕ ਪ੍ਰਮਾਣਿਕ ਅਨੁਵਾਦਕ ਵਜੋਂ ਇਕ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਏਸ਼ੀਐਟਿਕ ਸੋਸਾਇਟੀ ਲਈ ਉਨ੍ਹਾਂ ਵੱਲੋਂ ਅਨੁਵਾਦ ਦਾ ਕਾਰਜ ਕੀਤਾ ਗਿਆ।
ਉਨ੍ਹਾਂ ਨੂੰ ਸਿੰਗਾਪੁਰ ਵਿਚ ਚਾਰ ਹਫ਼ਤਿਆਂ ਲਈ ਰੈਜ਼ੀਡੈਂਸੀ ਸਕਾਲਰਸਿ਼ਪ ਹਾਸਿਲ ਹੋਈ। ਉਨ੍ਹਾਂ ਵੱਲੋਂ ਮਸ਼ਹੂਰ ਅੰਗਰੇਜ਼ੀ ਲੇਖਿਕਾ ਅਰੁੰਧਤੀ ਰੋਇ ਦੇ ਪ੍ਰਸਿੱਧ ਨਾਵਲ 'ਦਿ ਮਨਿਸਟਰੀ ਅਫ਼ ਅਟਮੋਸਟ ਹੈਪੀਨੈੱਸ' ਦਾ ਪੰਜਾਬੀ ਅਨੁਵਾਦ 'ਦਰਬਾਰ ਏ ਖੁਸ਼ੀਆਂ ਬੇਪਨਾਹ' ਨਾਮ ਹੇਠ ਕੀਤਾ ਗਿਆ ਜਿਸ ਨੇ ਪੰਜਾਬੀ ਪਾਠਕਾਂ ਅਤੇ ਸਮੀਖਿਅਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਡਾ. ਨਿਵੇਦਿਤਾ ਵੱਲੋਂ ਲਿਖੀ ਇਕ ਪੁਸਤਕ ਦਾ ਵੀ ਉਨ੍ਹਾਂ ਵੱਲੋਂ ਅਨੁਵਾਦ ਕੀਤਾ ਗਿਆ ਜੋ 'ਨਾਰੀਵਾਦੀ ਨਜ਼ਰੀਆ ਇਕਵਚਨ ਤੋਂ ਬਹੁਵਚਨ ਤਕ' ਨਾਮ ਹੇਠ ਛਪਿਆ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੀ ਪੁਸਤਕ 'ਦਿ ਫ਼ਰੀ ਵੋਇਸ' ਦਾ ਅਨੁਵਾਦ ਕੀਤਾ ਗਿਆ ਹੈ ਜੋ ਪ੍ਰਕਾਸ਼ਨ ਅਧੀਨ ਹੈ।
ਪ੍ਰਿੰਟ, ਡਿਜੀਟਲ, ਇਲੈਕਟ੍ਰੌਨਿਕ, ਟੀਵੀ, ਰੇਡੀਓ ਆਦਿ ਮੀਡੀਆ ਦੇ ਵਖ-ਵਖ ਖੇਤਰਾਂ ਵਿਚ ਉਨ੍ਹਾਂ ਕੋਲ 20 ਸਾਲ ਤੋਂ ਵੀ ਵਧੇਰੇ ਦਾ ਤਜ਼ਰਬਾ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਉਨ੍ਹਾਂ ਦੇ ਵੱਕਾਰੀ ਲੇਖ ਅਕਸਰ ਹੀ ਨਾਮੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੇ ਰਹਿੰਦੇ ਹਨ।