ਚੰਡੀਗੜ੍ਹ, 28 ਮਈ 2021 - ਦੇਵਿੰਦਰ ਸਤਿਆਰਥੀ ਜੀ ਦਾ ਜਨਮ ਦਿਨ ਹੈ ਅੱਜ। ਪੰਜਾਬ ਕਲਾ ਪਰਿਸ਼ਦ ਉਨਾ ਦੇ ਸਮੂਹ ਪਾਠਕਾਂ ਤੇ ਪਰਿਵਾਰ ਨੂੰ ਮੁਬਾਰਕ ਆਖਦੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਸਤਿਆਰਥੀ ਜੀ ਦੇ ਜੀਵਨ ਤੇ ਸਾਹਿਤ ਨਾਲ ਜੁੜੀਆਂ ਅਨਮੋਲ ਯਾਦਾਂ ਨੂੰ ਅਭੁੱਲ ਅਤੇ ਮਾਣਮੱਤੀਆਂ ਯਾਦਾਂ ਆਖਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਸ਼੍ਰੀ ਸਤਿਆਰਥੀ ਇਕ ਅਲਬੇਲਾ ਤੇ ਫੱਕਰ ਰੂਹ ਵਾਲਾ ਮਸਤ ਕਲਮਕਾਰ ਸੀ। ਉਨਾ ਆਪਣੀ ਸਾਰੀ ਜਿੰਦਗੀ ਸਾਹਿਤ ਕਲਾ ਨੂੰ ਸਮਰਪਿਤ ਕਰ ਦਿਤੀ।
ਸਤਿਆਰਥੀ ਜੀ ਆਪਣੇ ਜੰਮਣ ਭੋਇੰ ਪਿੰਡ ਭਦੌੜ (ਸੰਗਰੂਰ ਜਿਲਾ,ਹੁਣ ਬਰਨਾਲਾ) ਵੀ ਅਮਰ ਕਰ ਗਏ,ਜਿਥੇ ਉਹ 28 ਮਈ1908 ਵਿਚ ਪੈਦਾ ਹੋਏ ਤੇ ਦਿੱਲੀ ਵਿਚ 94 ਸਾਲ ਦੀ ਆਯੂ ਪੂਰੀ ਕਰ ਕੇ ਸੰਸਾਲ ਉਤੋਂ ਚਲੇ ਗਏ। ਉਨਾ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਸੰਨ 1929 ਵਿਚ ਉਨਾ ਦਾ ਵਿਆਹ ਬੀਬੀ ਸ਼ਾਂਤੀ ਦੇਵੀ ਨਾਲ ਹੋਇਆ ਸੀ।
ਆਪ ਨੇ ਤੁਰ ਫਿਰ ਕੇ ਸਭ ਤੋਂ ਵੱਡਾ ਖੋਜ ਕਾਰਜ ਲੋਕ ਗੀਤ ਇਕੱਠੇ ਕਰਨ ਦਾ ਕੀਤਾ। ਇਨਾਂ ਗੀਤਾਂ ਦੀਆਂ ਕਈ ਕਈ ਕਿਤਾਬਾਂ ਛਪੀਆਂ। 'ਗਿੱਧਾ' ਕਿਤਾਬ 1936 ਵਿਚ ਛਪੀ ਤੇ ਇਹਦਾ ਅੱਠਵਾਂ ਐਡੀਸ਼ਨ 1980 ਵਿਚ ਆਇਆ। 'ਦੀਵਾ ਬਲੇ ਸਾਰੀ ਰਾਤ' 1941 ਵਿਚ ਤੇ 'ਪੰਜਾਬੀ ਲੋਕ ਗੀਤ' ਪੁਸਤਕਾਂ 1960 ਵਿਚ ਪ੍ਰਕਾਸ਼ਤ ਹੋਈਆਂ। 'ਸੂਈ ਬਜਾਰ' ਨਾਵਲ, ਕਹਾਣੀ ਸੰਗ੍ਰਹਿ 'ਸੋਨਾ ਗਾਚੀ', 'ਕੁੰਗ ਪੋਸ਼', ਉਨਾ ਦੀਆਂ ਅਭੁੱਲ ਕਿਤਾਬਾਂ ਹਨ। 'ਘੋੜਾ ਬਾਦਸ਼ਾਹ' ਨਾਵਲ ਵੀ ਕਾਫੀ ਚਰਚਿਤ ਰਿਹਾ ਤੇ ਕਾਵਿ ਸੰਗ੍ਰਹਿ 'ਲਕ ਟੁਣੂੰ ਟੁਣੂੰ' ਵੀ।
ਸਤਿਆਰਥੀ ਜੀ ਦੇ ਮਾਣ ਵਿਚ ਭਾਰਤ ਸਰਕਾਰ ਨੇ ਆਪ ਨੂੰ ਸੰਨ 1976 ਵਿਚ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਤੇ ਮਹਿਕਮਾ ਪੰਜਾਬੀ ਪੈਪਸੂ ਨੇ ਸ਼ਰੋਮਣੀ ਪੁਰਸਕਾਰ ਨਾਲ 1952 ਵਿਚ ਸਨਮਾਨਿਆਂ ਤੇ ਪੰਜਾਬ ਦੇ ਭਾਸ਼ਾ ਵਿਭਾਗ ਨੇ ਸ਼ਰੋਮਣੀ ਹਿੰਦੀ ਪੁਰਸਕਾਰ ਨਾਲ 1977 ਵਿਚ ਸਨਮਾਨਿਆਆਂ। ਆਪ ਨੇ ਨਾਲੋ ਨਾਲ ਆਪਣੀਆਂ ਪੁਸਤਕਾਂ ਹਿੰਦੀ ਵੀ ਅਨੁਵਾਦੀਆਂ।
ਸਤਿਆਰਥੀ ਜੀ ਦੀ ਸਾਹਿਤ ਸੇਵਾ ਬੇਮਿਸਾਲ ਤੇ ਕਮਾਲ ਹੈ। ਉਹ ਮਸਤਾਨੇ ਲਿਖਾਰੀ ਸਨ ਤੇ ਲੋਕ ਗੀਤ ਇਕੱਠੇ ਕਰਦੇ ਕਰਦੇ ਕਈ ਕਈ ਮਹੀਨੇ ਘਰ ਨਾ ਬਹੁੜਦੇ।ਵੱਡੀ ਸਾਹਿਤਕ ਘਾਲਣਾ ਲਈ
ਉਨਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ। ਅਜ ਪੰਜਾਬ ਕਲਾ ਪਰਿਸ਼ਦ ਸਮੂਹ ਸਾਹਿਤਕ ਜਗਤ ਨੂੰ ਸਤਿਆਰਥੀ ਜੀ ਦੇ ਜਨਮ ਦੀ ਵਧਾਈ ਦਿੰਦੀ ਹੈ।
-ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।