ਸਵਰਗੀ ਡਾ. ਸੁਰਜੀਤ ਲੀ ਨੂੰ ਚਿੰਤਕਾਂ, ਬੁੱਧੀਜੀਵੀਆਂ, ਲੇਖਕਾਂ, ਵਿਦਿਅਕ ਮਾਹਰਾਂ, ਕਿਸਾਨ ਆਗੂਆਂ ਤੇ ਹੋਰ ਨਾਮੀ ਹਸਤੀਆਂ ਸਮੇਤ ਸੈਂਕੜੇ ਲੋਕਾਂ ਵਲੋਂ ਭਰਪੂਰ ਸ਼ਰਧਾਂਜਲੀ
ਸਲਾਮ ਕਾਫ਼ਲੇ ਵੱਲੋਂ 11 ਜੂਨ ਨੂੰ ਪਟਿਆਲਾ 'ਚ ਉਨ੍ਹਾਂ ਦੀ ਯਾਦ ਵਿੱਚ ਕੀਤਾ ਜਾਵੇਗਾ ਸਮਾਗਮ
ਪਟਿਆਲਾ, 23 ਅਪ੍ਰੈਲ 2023 - ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਨਾਮਵਰ ਚਿੰਤਕ ਡਾ ਸੁਰਜੀਤ ਲੀ ਨੂੰ ਪਟਿਆਲਾ ਵਿਖੇ ਵੱਡੀ ਗਿਣਤੀ 'ਚ ਜੁੜੇ ਲੋਕਾਂ ਨੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਹਨਾਂ ਦੇ ਪਰਿਵਾਰ ਵੱਲੋਂ ਪਾਮ ਕੋਰਟਸ, ਪਟਿਆਲਾ 'ਚ ਕੀਤੇ ਗਏ ਸ਼ਰਧਾਂਜਲੀ ਸਮਾਗਮ 'ਚ ਪੰਜਾਬ ਦੇ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਦੀਆਂ ਸ਼ੰਘਰਸ਼ਸ਼ੀਲ ਲੋਕ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸਮੁੱਚੇ ਇਕੱਠ ਵੱਲੋਂ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ 2 ਮਿੰਟ ਦਾ ਮੋਨ ਰੱਖਣ ਰਾਹੀਂ ਹੋਈ। ਸਭ ਤੋਂ ਪਹਿਲਾਂ ਉਹਨਾਂ ਦੇ ਮਿੱਤਰ ਤੇ ਚਿੰਤਕ ਡਾ. ਪਰਮਿੰਦਰ ਨੇ ਉਹਨਾਂ ਵੱਲੋਂ ਲੋਕ ਸਭਿਆਚਾਰ ਦੇ ਖੇਤਰ ਵਿੱਚ ਕੀਤੇ ਖੋਜ ਕਾਰਕਾਂ ਨੇ ਬੁਨਿਆਦੀ ਸਰੋਕਾਰਾਂ ਦੀ ਚਰਚਾ ਕੀਤੀ ਅਤੇ ਉਹਨਾਂ ਨੂੰ ਲੋਕ ਪੱਖੀ ਬੁੱਧੀਜੀਵੀ ਕਰਾਰ ਦਿੰਦਿਆਂ ਉਹਨਾਂ ਦੇ ਵਿਚਾਰਾਂ ਦੇ ਮਹੱਤਵ ਨੂੰ ਬੁੱਝਣ ਦਾ ਸੱਦਾ ਦਿੱਤਾ।
ਉੁੱਘੇ ਕਵੀ ਸੁਰਜੀਤ ਪਾਤਰ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਦੇ ਕੰਨਵੀਨਰ ਜਸਪਾਲ ਜੱਸੀ, ਇਨਕਲਾਬੀ ਕਵੀ ਦਰਸ਼ਨ ਖਟਕੜ, ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਡਾ ਸੁਖਦੇਵ ਸਿਰਸਾ ਨੇ ਸੁਰਜੀਤ ਲੀ ਦੇ ਸਮਾਜਿਕ ਸਰੋਕਾਰਾਂ 'ਚ ਕਿਰਤੀ-ਕਿਸਾਨਾਂ ਦੇ ਕੇਂਦਰੀ ਸਥਾਨ ਬਾਰੇ ਚਰਚਾ ਕੀਤੀ।ਸਾਹਿਤਕ- ਸਭਿਆਚਾਰਕ ਖੇਤਰਾਂ ਤੇ ਲੋਕਾਂ ਦੇ ਹੱਕੀ ਸ਼ੰਘਰਸ਼ਾਂ ਦੇ ਆਪਸੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ 'ਤੇ ਜੋਰ ਦਿੱਤਾ ਅਤੇ ਸਮਾਜਿਕ ਤਬਦੀਲੀ ਲਈ ਲੋਕ ਮਨਾਂ ਦੀ ਹੋਰ ਡੂੰਘੀ ਥਾਂ ਪਾਉਣ ਖਾਤਰ ਲੋਕ ਧਾਰਾ ਦੇ ਅਧਿਐਨ ਦੇ ਮਹੱਤਵ ਨੂੰ ਸਮਝਣ ਦਾ ਮਹੱਤਵ ਉਤਾਰਿਆ।
ਫਿਰਕੂ ਪਾਟਕਾਂ ਦੇ ਦੌਰ 'ਚ ਲੋਕ ਸਭਿਆਚਾਰ ਦੀਆਂ ਹਕੀਕੀ ਬੁਨਿਆਦਾਂ ਦੀ ਪਛਾਣ ਕਰਨ ਅਤੇ ਇਹਨਾਂ ਦਾ ਸੰਚਾਰ ਕਰਨ ਦੇ ਸਰੋਕਾਰਾਂ ਦੀ ਚਰਚਾ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਡਾ ਰਣਜੀਤ ਸਿੰਘ ਘੁੰਮਣ ਨੇ ਜਥੇਬੰਦੀ 'ਚ ਉਹਨਾਂ ਦੇ ਰੋਲ ਦੇ ਮਹੱਤਵ ਬਾਰੇ ਗੱਲਾਂ ਕੀਤੀਆਂ। ਡਾ ਜੋਗਾ ਸਿੰਘ ਅਤੇ ਧਰਮਿੰਦਰ ਨੇ ਉਹਨਾਂ ਦੇ ਵਿਦਿਆਰਥੀ ਵਜੋਂ ਭਾਸ਼ਾ ਦੇ ਖੇਤਰ ਦੀਆਂ ਖੋਜਾਂ ਲਈ ਦਿਖਾਏ ਰਾਹ ਦੀ ਤੇ ਉਹਨਾਂ ਦੇ ਵਿਦਿਆਰਥੀਆਂ ਨਾਲ ਨਿੱਘੇ ਰਿਸ਼ਤੇ ਨੂੰ ਯਾਦ ਕੀਤਾ ਤੇ ਵਿਦਿਆਰਥੀਆਂ ਨਾਲ ਸਾਂਝ ਪਾਉਣ ਦੀ ਤਾਂਘ ਨੂੰ ਸਿਜਦਾ ਕੀਤਾ।
ਸ਼ਰਧਾਂਜਲੀ ਸਮਾਗਮ ਦੇ ਅੰਤ 'ਤੇ ਸਲਾਮ ਕਾਫਲੇ ਵੱਲੋਂ ਅਮੋਲਕ ਸਿੰਘ ਨੇ ਐਲਾਨ ਕੀਤਾ ਕਿ ਸਲਾਮ ਕਾਫਲਾ ਵੱਲੋਂ 11 ਜੂਨ ਨੂੰ ਪਟਿਆਲੇ 'ਚ ਉਹਨਾਂ ਨੂੰ ਸਰਧਾਂਜਲੀ ਦੇਣ ਲਈ ਸਮਾਗਮ ਜਥੇਬੰਦ ਕੀਤਾ ਜਾਵੇਗਾ ਜਿੱਥੇ ਬੁੱਧੀਜੀਵੀ ਤੇ ਸਮਾਜਿਕ ਮਹੱਤਵ ਬਾਰੇ ਚਰਚਾ ਕੀਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ ਅਰਵਿੰਦ ਸਮੇਤ ਦੇਸ਼ ਵਿਦੇਸ਼ ਤੋਂ ਬੁੱਧੀਜੀਵੀਆਂ ਤੇ ਉੱਘੀਆਂ ਸਖਸੀਅਤਾਂ ਵੱਲੋਂ ਭੇਜੇ ਸ਼ੋਕ ਸੁਨੇਹੇ ਡਾ ਪਰਮਿੰਦਰ ਨੇ ਮੰਚ ਸੰਚਾਲਕ ਵੱਜੋਂ ਸਾਂਝੇ ਕੀਤੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ, ਰਮਿੰਦਰ ਸਿੰਘ ਪਟਿਆਲਾ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਵਿੱਤ ਸਕੱਤਰ ਹਰਮੇਲ ਮਾਲੜੀ, ਜਗਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਗਮੇਲ ਸਿੰਘ ਤੇ ਸ਼ੀਰੀ ਆਗੂ ਲੋਕ ਮੋਰਚਾ ਪੰਜਾਬ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਤੋਂ ਅਸਵਨੀ ਘੁੱਦਾ, ਡਾ. ਬਰਜਿੰਦਰ ਸਿੰਘ ਸੋਹਲ, ਡੈਮੋਕਰੈਟਿਕ ਟੀਚਰਜ਼ ਫਰੰਟ, ਪੰਜਾਬ ਤੋਂ ਰੇਸ਼ਮ ਸਿੰਘ ਬਠਿੰਡਾ, ਤਲਵਿੰਦਰ ਸਿੰਘ ਖਰੌੜ, ਭਾਕਿਯੂ ਉਗਰਾਹਾਂ ਪਟਿਆਲਾ ਦੇ ਜਿਲ੍ਹਾ ਸਕੱਤਰ ਸੁੱਖਮਿੰਦਰ ਸਿੰਘ ਬਾਰਨ ਤੇ ਹੋਰ ਆਗੂ ਸ਼ਾਮਲ ਹੋਏ।
ਪਰਿਵਾਰ ਵੱਲੋਂ ਸੁਰਜੀਤ ਲੀ ਦੀ ਬੇਟੀ ਸ਼ਾਹੀਨਾਂ ਸੋਹੀ ਨੇ ਸਭਨਾਂ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਰਧਾਂਜਲੀ ਸੁਨੇਹੇ ਭੇਜਣ ਵਾਲਿਆਂ ਵਿੱਚ ਪ੍ਰੋ. ਦਵਿੰਦਰ (PU-Chd), ਅਮਰੀਕ ਗਿੱਲ (ਲੇਖਕ), ਅਮਰਜੀਤ (ਕਹਾਣੀਕਾਰ), ਖਾਲਿਦ ਹੁਸੈਨ (ਜੰਮੂ-ਕਸ਼ਮੀਰ), ਦਵਿੰਦਰ (ਲੇਖਕ), ਪ੍ਰੋ. ਗੁਰਦਿਆਲ ਬਲ (ਕੈਨੇਡਾ), ਜਸਵੰਤ ਬਰਾੜ (ਇੰਗਲੈਂਡ), ਪ੍ਰੋ. ਕਪਿਲ ਕਪੂਰ, ਅਮਰ ਜੋਤੀ (ਕਵੀ-ਇੰਗਲੈਂਡ), ਪ੍ਰੋ. ਅਰਵਿੰਦ (VC PBI-UNI ਪਟਿਆਲਾ ), ਬੀ ਐਸ ਘੁੰਮਣ (ਸਾਬਕਾ VC PBI-UNI ਪਟਿਆਲਾ), ਪ੍ਰੋ. ਐਸ ਪੀ ਸਿੰਘ (ਸਾਬਕਾ VC GNDU), ਪ੍ਰੋ. ਸੁੱਚਾ ਸਿੰਘ ਗਿੱਲ, ਪ੍ਰੋ. ਵਨੀਤਾ, ਪ੍ਰੋ. ਯੋਗਰਾਜ, ਪ੍ਰੋ. ਰਾਣਾ ਨਾਇਰ, ਜਸਬੀਰ ਰਾਣਾ, ਪੰਜਾਬੀ ਗਾਇਕ ਪੰਮੀ ਬਾਈ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਭਾਈ ਕਾਹਨ ਸਿੰਘ ਨਾਭਾ ਵਿਚਾਰ ਮੰਚ ਆਦਿ ਸ਼ਾਮਲ ਸਨ।
ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਇਹ ਲੇਖਕ, ਬੁੱਧੀਜੀਵੀ ਅਤੇ ਨਾਮੀ ਸਖ਼ਸ਼ ਮੌਜ਼ੂਦ ਸਨ। :- ਪੰਜਾਬੀ ਗਾਇਕ ਪੰਮੀ ਬਾਈ, ਸੁਰਜੀਤ ਪਾਤਰ, ਦਰਸ਼ਨ ਸਿੰਘ ਖਟਕੜ, ਬਲਜੀਤ ਬੱਲੀ ਬਾਬੂਸ਼ਾਹੀ ਦੇ ਸੰਪਾਦਕ, ਸੁਖਦੇਵ ਸਿੰਘ ਸਿਰਸਾ, ਪ੍ਰੋਫ਼ੈਸਰ ਸਿੰਦਰਪਾਲ ਸਿੰਘ, ਡਾ. ਹਰਬਾਗ ਸਿੰਘ, ਜਸਪਾਲ ਜੱਸੀ, ਯਸ਼ਪਾਲ ਵਰਗ ਚੇਤਨਾ, ਡਾ. ਜਗਮੋਹਨ ਸਿੰਘ ਬੀਕੇਯੂ, ਤਜਿੰਦਰ ਪਾਲ ਸਿੰਘ ਸੰਧੂ, ਪ੍ਰੋਫ਼ੈਸਰ ਆਰ.ਐਸ. ਘੁੰਮਣ, ਪੰਜਾਬੀ ਲੇਖਿਕਾ ਅਮਰ ਜਯੋਤੀ, ਪ੍ਰੋਫ਼ੈਸਰ ਅਜਾਇਬ ਟਿਵਾਣਾ, ਗੁਰਦਰਸ਼ਨ ਬਾਹੀਆ, ਸੁਰਜੀਤ ਸਿੰਘ ਭੱਟੀ, ਡਾ. ਦੀਪਕ ਮਨਮੋਹਨ ਸਿੰਘ, ਅਮਰਜੀਤ ਗਰੇਵਾਲ, ਅਮਰਜੀਤ ਵੜੈਚ, ਭੁਪਿੰਦਰ ਸਿੰਘ ਪਟਿਆਲਾ, ਟੀਜੈੱਡ ਫ਼ੂਡ ਬਲੌਗਰ ਤ੍ਰਿਪਤਾ ਕੰਧਾਰੀ, ਡਾਕਟਰ ਹਰਵਿੰਦਰ ਭੱਟੀ , ਰਾਮ ਕੁਮਾਰ ਅਤੇ ਰਾਜਿੰਦਰ ਭਦੌੜ , ਡਾਕਟਰ ਲਖਵਿੰਦਰ ਸਿੰਘ , ਦਰੜ੍ਹਾਂ ਬੁੱਟਰ ਅਤੇ ਬਲਵਿੰਦਰ ਟਿਵਾਣਾ ।