ਲੁਧਿਆਣਾ, 28 ਜੁਲਾਈ 2020 - ਟਰਾਂਸਜੈਂਡਰ ਯਾਨੀ ਕਿੰਨਰ ਜਾਂ ਮਹੰਤ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਨੇ। ਸਾਡੇ ਸੱਭਿਆਚਾਰ ਦਾ ਹਿੱਸਾ ਨੇ। ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਚ ਇਨ੍ਹਾਂ ਦਾ ਅਹਿਮ ਰੋਲ ਹੈ। ਪਰ ਅੱਜ ਸਮਾਜ ਬਦਲ ਰਿਹੈ। ਇਨ੍ਹਾਂ ਪ੍ਰਤੀ ਸਮਾਜ ਦਾ ਰਵੱਈਆ ਪੁਰਾਣਾ ਹੀ ਹੈ। ਸਾਡੀ ਟੀਮ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਉਸ ਪੱਖ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਜਿਸ ਨੂੰ ਉਹ ਅਣਗੌਲਿਆ ਕਰ ਰਹੇ ਨੇ। ਲੁਧਿਆਣਾ 'ਚ ਮੋਹਨੀ ਮਹੰਤ ਪੰਜਾਬ ਦਾ ਪਹਿਲਾ ਕਿੰਨਰ ਹੈ ਜਿਸ ਨੇ ਕੌਮੀ ਲੋਕ ਅਦਾਲਤਾਂ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ ਅਤੇ ਹੁਣ ਪੀ.ਐੱਚ.ਡੀ ਕਰ ਰਿਹਾ ਹੈ। ਜਲਦ ਹੀ ਉਸ ਦਾ ਨਾਂਅ ਮੋਹਨੀ ਤੋਂ ਡਾਕਟਰ ਮੋਹਨੀ ਹੋ ਜਾਵੇਗਾ।
ਕਿੰਨਰ ਮੋਹਣੀ ਨੇ ਦੱਸਿਆ ਕਿ ਉਸ ਨੇ ਰੈਗੂਲਰ ਸਕੂਲ ਦੇ ਵਿੱਚ 6 ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਵੀ ਬਾਕੀ ਕਿੰਨਰਾਂ ਵਾਂਗ ਡੇਰੇ ਚ ਭੇਜ ਦਿੱਤਾ ਗਿਆ ਉੱਥੇ ਉਸ ਨੂੰ ਤਾੜੀਆਂ ਵਜਾਉਣਾ ਨੱਚਣਾ ਟੱਪਣਾ ਸਿਖਾਇਆ ਅਤੇ ਫਿਰ ਉਹ ਵੀ ਬਾਕੀ ਕਿੰਨਰਾਂ ਵਾਂਗ ਵਧਾਈਆਂ ਮੰਗਣ ਜਾਣ ਲੱਗੀ ਪਰ ਉਸ ਨੂੰ ਇਹ ਗਵਾਰਾ ਨਹੀਂ ਸੀ ਉਸ ਨੇ ਅੱਗੇ ਪੜ੍ਹਨ ਦਾ ਸੋਚਿਆ ਡੇਰੇ ਤੋਂ ਚੋਰੀ ਛਿਪੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਅਤੇ ਫਿਰ ਪਾਸ ਹੋ ਗਿਆ। ਪਰ ਉਸ ਤੋਂ ਬਾਅਦ ਪੜ੍ਹਨ ਦੀ ਅੱਗੇ ਹੋਰ ਇੱਛਾ ਜਾਗੀ ਫਿਰ ਬਾਰ੍ਹਵੀਂ ਕੀਤੀ ਅਤੇ ਫਿਰ ਕਾਫੀ ਅਰਸੇ ਪੜ੍ਹਾਈ ਛੱਡਣ ਤੋਂ ਬਾਅਦ ਗ੍ਰੈਜੂਏਸ਼ਨ ਫਿਰ ਐਮ.ਏ ਅਤੇ ਹੁਣ ਪੀ.ਐੱਚ.ਡੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਪੜ੍ਹਾਈ ਦੇ ਦੌਰਾਨ ਵੀ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰੈਗੂਲਰ ਤਾਂ ਨਹੀਂ ਪੜ੍ਹ ਸਕਦੀ ਸੀ ਇਸ ਕਰਕੇ ਪ੍ਰਾਈਵੇਟ ਹੀ ਪੜ੍ਹਨਾ ਪਿਆ।
ਮੋਹਨੀ ਨੇ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੌਕਰੀ ਲਈ ਵੀ ਕਾਫੀ ਜੱਦੋ ਜਹਿਦ ਕੀਤੀ। ਕਈ ਕੰਪਨੀਆਂ 'ਚ ਇੰਟਰਵਿਊ ਦੇ ਨੰਬਰ ਵੀ ਚੰਗੇ ਸਨ ਪਰ ਉਸ ਦੇ ਥਰਡ ਜੈਂਡਰ ਹੋਣ ਕਰਕੇ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਅਤੇ ਥੱਕ ਹਾਰ ਕੇ ਉਸਨੇ ਆਪਣਾ ਐੱਨ.ਜੀ.ਓ ਸ਼ੁਰੂ ਕਰ ਦਿੱਤਾ ਜੋ ਉਸ ਵਰਗਿਆਂ ਨੂੰ ਨਾ ਸਿਰਫ ਸਿਲਾਈ ਕਢਾਈ ਦਾ ਕੰਮ ਸਿਖਾਉਂਦਾ ਹੈ ਸਗੋਂ ਆਤਮ ਨਿਰਭਰ ਬਣਾਉਣ ਲਈ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਵੀ ਕਰਦਾ ਹੈ। ਮੋਹਨੀ ਨੇ ਦੱਸਿਆ ਕਿ ਜੇਕਰ ਸਰਕਾਰਾਂ ਚਾਹੁਣ ਤਾਂ ਉਨ੍ਹਾਂ ਲਈ ਰਾਖਵੀਆਂ ਨੌਕਰੀਆਂ ਹੋ ਸਕਦੀਆਂ ਨੇ ਪਰ ਸਰਕਾਰ ਉਨ੍ਹਾਂ ਬਾਰੇ ਕਦੇ ਨਹੀਂ ਸੋਚਦੀ। ਉਨ੍ਹਾਂ ਕਿਹਾ ਕਿ ਉਹ ਪੜ੍ਹੇ ਲਿਖੇ ਨੇ ਦਿਮਾਗ ਵੀ ਆਮ ਪੁਰਸ਼ ਜਾਂ ਔਰਤ ਵਰਗਾ ਹੈ। ਕੰਮ ਕਰਨ ਦੀ ਯੋਗਤਾ ਵੀ ਹੈ। ਪਰ ਸਰਕਾਰਾਂ ਨੂੰ ਜਾਂ ਨਿੱਜੀ ਕੰਪਨੀਆਂ ਨੂੰ ਇਹ ਗਵਾਰਾ ਨਹੀਂ। ਜਦੋਂ ਉਸਨੂੰ ਫੌਜ ਵਿਚ ਟਰਾਂਸਜੈਂਡਰਾਂ ਨੂੰ ਭਰਤੀ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਚੰਗਾ ਉਪਰਾਲਾ ਹੈ ਸਿਰਫ ਫੌਜ 'ਚ ਹੀ ਨਹੀਂ ਸਗੋਂ ਪੁਲਿਸ ਪ੍ਰਸ਼ਾਸਨ ਦੀ ਜਾਂ ਸਿਵਲ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾਅ ਸਕਦੇ ਨੇ। ਮੋਹਨੀ ਨੇ ਕਿਹਾ ਕਿ ਸਿਰਫ ਨੱਚ ਟੱਪ ਕੇ ਵਧਾਈਆਂ ਮੰਗਣਾ ਹੀ ਕਿੰਨਰ ਦੇ ਹਿੱਸੇ ਨਹੀਂ ਉਨ੍ਹਾਂ ਦੇ ਹਿੱਸੇ ਵੀ ਇੱਜ਼ਤ ਦੀ ਜ਼ਿੰਦਗੀ ਹੋਣੀ ਚਾਹੀਦੀ ਹੈ।
ਹਾਲਾਂਕਿ ਸਾਡੀਆਂ ਸਰਕਾਰਾਂ ਵੱਲੋਂ ਸਾਲ 2014 ਦੇ ਵਿੱਚ ਟਰਾਂਸਜੈਂਡਰਾਂ ਨੂੰ ਮਾਨਤਾ ਦੇ ਦਿੱਤੀ ਗਈ ਪਰ ਅੱਜ ਵੀ ਉਨ੍ਹਾਂ ਨੂੰ ਆਪਣੀ ਹੋਂਦ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈ। ਵੋਟਰ ਕਾਰਡ ਬਣਾਉਣਾ ਵੀ ਇੱਕ ਵੱਡੀ ਸਮੱਸਿਆ ਹੈ। ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੱਜ ਤੱਕ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲ ਰਿਹਾ ਹੁਣ ਸ਼ੁਰੂਆਤ ਤਾਂ ਹੋਈ ਹੈ। ਪਰ ਰਫਤਾਰ ਬਹੁਤ ਹੌਲੀ ਹੈ। ਉਹ ਵੀ ਆਤਮ ਨਿਰਭਰ ਬਣਨਾ ਚਾਹੁੰਦੇ ਨੇ ਕਿਸੇ ਦੇ ਵਿਹੜੇ ਜਾ ਕੇ ਵਧਾਈਆਂ ਮੰਗਣ ਤੋਂ ਜ਼ਿਆਦਾ ਮਿਹਨਤ ਕਰਕੇ ਆਪਣੀ ਕਾਬਲੀਅਤ ਨਾਲ ਨੌਕਰੀ ਹਾਸਲ ਕਰਕੇ ਆਪਣਾ ਜੀਵਨ ਬਸਰ ਕਰਨਾ ਚਾਹੁੰਦੇ ਨੇ।