ਲੋਕ ਧਾਰਾ ਦੇ ਗੂੜ੍ਹ ਗਿਆਤਾ ਡਾਃ ਗ ਸ ਫਰੈਂਕ ਦਾ ਵਿਗੋਚਾ ਨਾ ਸਹਿਣਯੋਗ - ਗੁਰਭਜਨ ਗਿੱਲ
ਲੁਧਿਆਣਾਃ 14 ਅਪ੍ਰੈਲ 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੰਮਾ ਸਮਾਂ ਪੰਜਾਬੀ ਖੋਜ, ਅਧਿਆਪਨ ਅਤੇ ਆਲੋਚਨਾ ਕਾਰਜਾਂ ਵਿੱਚ ਸਹਿਜ ਵਗਦੇ ਦਰਿਆ ਵਾਂਗ ਲੀਨ ਡਾਃ ਗੁਰਬਖ਼ਸ਼ ਸਿੰਘ ਫਰੈਕ ਦਾ ਵਿਥੋੜਾ ਅਸਹ ਤੇ ਅਕਹਿ ਹੈ। ਉਹ ਭਾਵੇ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ ਪਰ ਉਨ੍ਹਾਂ ਦੇ ਕੀਤੇ ਮੁੱਲਵਾਨ ਕਾਰਜ ਪੰਜਾਬੀ ਕਦੇ ਨਹੀਂ ਵਿਸਾਰ ਸਕਣਗੇ। ਇੱਕ ਸਤੰਬਰ 1935 ਨੂੰ ਛੇਹਰਟਾ (ਅੰਮ੍ਰਿਤਸਰ ) ਵਿੱਚ ਜਨਮੇ ਤੋ ਖਾਲਸਾ ਕਾਲਿਜ ਅੰਮ੍ਰਿਤਸਰ ਤੋਂ ਐੱਮ ਏ ਪਾਸ ਡਾਃ ਫਰੈਂਕ ਪੰਜਾਬੀ ਜ਼ਬਾਨ ਦੀ ਅੰਦਰੂਨੀ ਖ਼ੂਬਸੂਰਤੀ ਦੇ ਪੇਸ਼ਕਾਰ ਸਨ। ਪੀ ਐੱਚ ਡੀ ਦੀ ਡਿਗਰੀ ਉਨ੍ਹਾਂ ਮਾਸਕੋ ਦੇ ਓਰੀਐਂਟਲ ਇੰਸਟੀਚਿਉਟ ਤੋਂ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾਃ ਫਰੈਂਕ ਨੂੰ ਸਤਿਕਾਰ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ 1975 ਵਿੱਚ ਜਦ ਸੋਵੀਅਤ ਯੂਨੀਅਨ ਦੇ ਇੱਕ ਨਿੱਕੇ ਜਹੇ ਖਿੱਤੇ ਦਾਗਿਸਤਾਨ ਦੀ ਅੱਵਾਰ ਜ਼ਬਾਨ ਦੇ ਵੱਡੇ ਲਿਖਾਰੀ ਹਸੂਲ ਹਮਜ਼ਾਤੋਵ ਦੀ ਕਿਤਾਬ ਮੇਰਾ ਦਾਗਿਸਤਾਨ ਦੇ ਸਿਰਜਣਾਤਮਕ ਅਨੁਵਾਦ ਰਾਹੀਂ ਡਾਃ ਫਰੈਂਕ ਵਿਸ਼ਵ ਭਰ ਵਿੱਚ ਪੰਜਾਬੀਆਂ ਵੱਲੋਂ ਸਲਾਹੇ ਗਏ। ਇਸ ਕਿਤਾਬ ਤੇ ਅਨੁਵਾਦਕ ਵਜੋਂ ਉਨ੍ਹਾਂ ਦਾ ਨਾਮ ਗੁਰੂਬਖ਼ਸ਼ ਛਪਿਆ ਸੀ ਪਰ ਜਾਣਕਾਰ ਜਾਣਦੇ ਸਨ ਕਿ ਇਹ ਉਨ੍ਹਾਂ ਦਾ ਕਲਮੀ ਨਾਮ ਹੈ। ਇਸ ਕਿਤਾਬ ਦੇ ਪਹਿਲੇ ਭਾਗ ਦੇ ਅਨੁਵਾਦ ਨੇ ਕਈ ਪੀੜ੍ਹੀਆਂ ਨੂੰ ਸਾਹਿੱਤ ਚੇਤਨਾ ਤੇ ਸਿਰਜਣਾ ਦੇ ਲੜ ਲਾਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਪਾਠਕਾਂ ਲਈ ਉਹਨਾਂ ਨੇ ਸੋਵੀਅਤ ਯੂਨੀਅਨ ਵਿੱਚ ਦਸ ਸਾਲ ਰਹਿ ਕੇ 40 ਮਹੱਤਵਪੂਰਨ ਕਿਤਾਬਾ ਦਾ ਕੀਤਾ। ਜਿੰਨ੍ਹਾਂ ਵਿੱਚੋਂ ਬੋਰਿਸ ਪੋਲੀਵਾਈ ਦੀ ਲਿਖਤ ਅਸਲੀ ਇਨਸਾਨ ਦੀ ਕਹਾਣੀ, ਮੈਕਸਿਮ ਗੋਰਕੀ ਦੀਆਂ ਕਹਾਣੀਆਂ, ਲਿਉ ਤਾਲਸਤਾਏ ਦੇ ਨਾਵਲ ਤੇ ਕਹਾਣੀਆਂ, ਸਰਬਕੀਆਕੋਵ ਸਮੇਤ ਵੱਖ ਵੱਖ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਵਰ੍ਹੇਗੰਢ ਵੇਲੇ ਲਿਖੇ ਲੇਖਾਂ ਦਾ ਸੰਗ੍ਰਹਿ ਗੁਰੂ ਨਾਨਕ ਲੇਖ ਸੰਗ੍ਰਹਿ, ਸੋਸ਼ਲਿਜ਼ਮ: ਯੂਟੋਪੀਆਈ ਅਤੇ ਵਿਗਿਆਨਕ, ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, ਹੋਣੀ ਤੋਂ ਬਲਵਾਨ, ਬੱਚਿਆਂ ਲਈ ਲੈਨਿਨ ਆਦਿ ਕਿਤਾਬਾਂ ਪ੍ਰਮੁੱਖ ਹਨ।
ਡਾਃ ਫਰੈਂਕ ਨੇ ਪਹਿਲਾ ਰੂਸੀ-ਪੰਜਾਬੀ ਸ਼ਬਦਕੋਸ਼ ਵੀ ਤਿਆਰ ਕੀਤਾ। ਸੋਵੀਅਤ ਯੂਨੀਅਨ ਤੋਂ ਵਤਨ ਪਰਤ ਕੇ ਉਹਨਾਂ ਨੇ ਅਨੁਵਾਦ ਦਾ ਕੰਮ ਜਾਰੀ ਰੱਖਿਆ। ਰੂਸੀ ਲੇਖਕ ਲਰਮਨਤੋਵ ਦੇ ਨਾਵਲ 'ਸਾਡੇ ਸਮੇਂ ਦਾ ਨਾਇਕ' ਦਾ ਅਨੁਵਾਦ ਉਹਨਾਂ ਨੇ ਪੰਜਾਬ ਆਉਣ ਤੋਂ ਮਗਰੋਂ ਦਾ ਹੈ। ਡਾਃ ਫਰੈਂਕ ਪੰਜਾਬੀ ਲਿਆਕਤ ਦੀ ਵੱਖਰੀ ਪਛਾਣ ਵਾਲੇ ਵਿਦਵਾਨ ਸਨ।
ਉਨ੍ਹਾਂ ਦਾ ਮੌਲਿਕ ਵਿਸ਼ਲੇਸ਼ਣ ਢੰਗ ਵੀ ਨਿਵੇਕਲਾ ਸੀ। ਡਾਃ ਫਰੈਂਕ ਬਾਰੇ ਵਿਕੀਪੀਡੀਆ ਵਿੱਚ ਅੰਕਿਤ ਹੈ ਕਿ ਉਹ ਮਾਰਕਸਵਾਦੀ ਸੁਹਜ ਸ਼ਾਸ਼ਤਰ ਨੂੰ ਇੱਕ ਪ੍ਰਣਾਲੀ ਵਜੋਂ ਪਰਿਭਾਸ਼ਿਤ ਕਰਨ ਵਾਲੇ ਵਿਦਵਾਨ ਸਨ।
ਕਹਾਣੀ ਸ਼ਾਸ਼ਤਰ ਵਿੱਚ ਦਿਲਚਸਪੀ ਲੈਣ, ਪੰਜਾਬੀ ਸਾਹਿਤ ਆਲੋਚਨਾ ਨਾਲ ਸੰਵਾਦ ਸਿਰਜਣ , ਤੇ ਉਸ ਮਸਲਿਆਂ ਨੂੰ ਘੋਖਣ ਲਈ ਉਸ ਸੰਬਾਦ 1/1984, ਵਿਰੋਧ ਵਿਕਾਸ ਅਤੇ ਸਾਹਿਤ (1985) ਅਤੇ ਨਿੱਕੀ ਕਹਾਣੀ ਅਤੇ ਪੰਜਾਬੀ ਕਹਾਣੀ ਆਦਿ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ ਹੈ। ਸੱਭਿਆਚਾਰ ਵਿਗਿਆਨ ਅਤੇ ਪੰਜਾਬੀ ਸੱਭਿਆਚਾਰ ਦੇ ਖੇਤਰਾਂ ਵਿੱਚ ਉਸਦੀ ਦੀ ਦਿਲਚਸਪੀ ਸੱਭਿਆਚਰ : ਮੁੱਢਲੀ ਜਾਣ ਪਛਾਣ ਅਤੇ ਸਭਿਆਚਾਰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ (1987) ਪੁਸਤਕਾਂ ਵਿਚੋਂ ਪ੍ਰਗਟ ਹੁੰਦੀ ਹੈ।