ਇਕਬਾਲ ਰਾਮੂਵਾਲੀਆ ਪੰਜਾਬੀ ਮਾਂ ਬੋਲੀ ਦੇ ਦਮਦਾਰ ਲੇਖਕ ਸਨ- ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ, 22 ਫਰਵਰੀ 2021 -
ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਲੇਖਕ ਸਵ: ਇਕਬਾਲ ਸਿੰਘ ਰਾਮੂਵਾਲੀਆ ਦੇ 75-ਵੇਂ ਜਨਮ ਦਿਨ ਮੌਕੇ ਉਨਾ ਦੇ ਪਰਿਵਾਰ ਨੂੰ ਵਧਾਈ ਦਿਤੀ ਹੈ ਤੇ ਇਕਬਾਲ ਰਾਮੂਵਾਲੀਆ ਨੂੰ ਯਾਦ ਕਰਦਿਆਂ ਉਨਾ ਨੂੰ ਮਾਂ ਬੋਲੀ ਪੰਜਾਬੀ ਦੇ ਦਮਦਾਰ ਲਿਖਾਰੀ ਆਖਿਆ ਹੈ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਇਕਬਾਲ ਜੀ ਨੇ ਆਪਣੀਆਂ 12 ਪੁਸਤਕਾਂ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ। ਉਨਾ ਦੀ ਸਵੈ ਜੀਵਨੀ ਪੁਸਤਕ " ਸੜਦੇ ਸਾਜ ਦੀ ਸਰਗਮ" ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ। ਮੋਗਾ ਦੇ ਆਮ ਪਿੰਡ ਰਾਮੂਵਾਲਾ ਵਿਖੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਪੈਦਾ ਹੋਏ ਇਕਬਾਲ ਸਿੰਘ ਨੇ ਕੈਨੇਡਾ ਜਾਕੇ ਸਖਤ ਮੇਹਨਤ ਤੇ ਉਚ ਵਿੱਦਿਆ ਪ੍ਰਾਪਤ ਕਰ ਗੋਰਿਆਂ ਦੇ ਨਿਆਣਿਆਂ ਨੂੰ ਲਗਨ ਨਾਲ ਪੜਾਇਆ। ਆਪ ਲਗਨਸ਼ੀਲ ਲੇਖਕ ਦੇ ਨਾਲ ਨਾਲ ਪਰਪੱਕ ਲੋਕ ਗਾਇਕ ਵੀ ਸਨ। ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਇਕਬਾਲ ਰਾਮੂਵਾਲੀਆ ਨੂੰ ਜਿਥੇ ਨਿਵੇਕਲੀ ਸ਼ੈਲੀ ਦਾ ਸਿਰਜਕ ਲੇਖਕ ਦਸਿਆ ਉਥੇ ਨਾਲ ਹੀ ਮਿਲਾਪੜਾ ਤੇ ਸੁਹਿਰਦ ਲੇਖਕ ਆਖਿਆ ਹੈ।