ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਡੀਨ ਵਜੋਂ ਡਾ. ਮਨਮੋਹਨਜੀਤ ਸਿੰਘ ਦੀ ਨਿਯੁਕਤੀ ਹੋਈ
ਲੁਧਿਆਣਾ 8 ਨਵੰਬਰ, 2023 - ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੀ 313ਵੀਂ ਮੀਟਿੰਗ ਵਿਚ ਭੂਮੀ ਵਿਗਿਆਨੀ ਡਾ. ਮਨਮੋਹਨਜੀਤ ਸਿੰਘ ਨੂੰ ਚਾਰ ਸਾਲ ਲਈ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਡੀਨ ਨਿਯੁਕਤ ਕੀਤਾ ਗਿਆ| ਡਾ. ਮਨਮੋਹਨਜੀਤ ਸਿੰਘ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਸਾਬਕਾ ਨਿਰਦੇਸ਼ਕ ਅਤੇ ਇਸੇ ਕਾਲਜ ਦੇ ਮੋਢੀ ਡੀਨ ਵੀ ਰਹੇ ਹਨ| ਉਹਨਾਂ ਦੀ ਪੀ.ਏ.ਯੂ. ਵਿਚ ਸੇਵਾ ਸ਼ਾਨਦਾਰ ਉਪਲੱਬਧੀਆਂ ਅਤੇ ਸਮਰਪਣ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ|
ਡਾ. ਮਨਮੋਹਨਜੀਤ ਸਿੰਘ ਨੇ 1996 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਭੂਮੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਅਰੰਭ ਕੀਤਾ| ਇਸ ਤੋਂ ਬਾਅਦ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਮੋਹਾਲੀ ਦੇ ਪਸਾਰ ਮਾਹਿਰ ਵੀ ਰਹੇ| ਸਰਵ ਭਾਰਤੀ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਮਾਰੂ ਖੇਤੀ ਸੰਬੰਧੀ ਪ੍ਰੋਜੈਕਟ ਦੇ ਮੁੱਖ ਨਿਗਰਾਨ ਅਤੇ ਬੱਲੋਵਾਲ ਸੌਂਖੜੀ ਕੇਂਦਰ ਦੇ ਨਿਰਦੇਸ਼ਕ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈਆਂ| ਅੱਠ ਸਾਲ ਤੱਕ ਉਹ ਜੀ ਕੇ ਐੱਮ ਐੱਸ ਪ੍ਰੋਜੈਕਟ ਦੇ ਨੋਡਲ ਅਫਸਰ ਵਜੋਂ ਕਾਰਜਸ਼ੀਲ ਰਹੇ|
ਉਹਨਾਂ ਦੀਆਂ ਪ੍ਰਾਪਤੀਆਂ ਵਿਚ ਡਾ. ਐੱਨ ਐੱਸ ਰੰਧਾਵਾ ਗੋਲਡ ਮੈਡਲ, ਸੁਮੇਰ ਯਾਦਗਾਰੀ ਬੈਸਟ ਪਸਾਰ ਮਾਹਿਰ ਐਵਾਰਡ, ਬੈਸਟ ਬਾਹਰੀ ਖੋਜ ਵਿਗਿਆਨ ਐਵਾਰਡ ਸ਼ਾਮਿਲ ਹਨ| ਉਹਨਾਂ ਨੇ 260 ਖੋਜ ਅਤੇ ਪਸਾਰ ਲੇਖ ਲਿਖੇ| 17 ਤੋਂ ਵਧੇਰੇ ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਜੈਕਟਾਂ ਦਾ ਉਹ ਹਿੱਸਾ ਰਹੇ| 73 ਵਧੇਰੇ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਡਾ. ਸਿੰਘ ਨੇ ਭਾਗ ਲਿਆ ਜੋ ਅਮਰੀਕਾ, ਚੀਨ, ਆਸਟੇਰਲੀਆ, ਇਟਲੀ, ਬੰਗਲਾਦੇਸ਼ ਅਤੇ ਨੇਪਾਲ ਵਿਚ ਹੋਈਆਂ| ਉਹਨਾਂ ਨੇ ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਦੀ ਖੋਜ ਵਿਚ ਨਿਗਰਾਨੀ ਵੀ ਕੀਤੀ| ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੂੰ ਅਰੰਭ ਕਰਨ ਅਤੇ ਸਫਲਤਾ ਨਾਲ ਚਲਾਉਣ ਵਿਚ ਭਰਪੂਰ ਯੋਗਦਾਨ ਪਾਇਆ|
ਇਕ ਖੇਤੀ ਮਾਹਿਰ ਵਜੋਂ ਉਹਨਾਂ ਦੀ ਮੁਹਾਰਤ ਦਾ ਖੇਤਰ ਭੂਮੀ ਨਾਲ ਸੰਬੰਧਤ ਰਿਹਾ| ਇਸ ਤੋਂ ਇਲਾਵਾ ਖੇਤੀ ਦੇ ਪਾਣੀ ਦੀ ਸੰਭਾਲ, ਭੂਮੀ ਦੇ ਮਿਆਰ ਦੀ ਜਾਂਚ ਰਿਹਾ| ਉਹਨਾਂ ਨੇ ਕਿਸਾਨਾਂ ਨਾਲ ਨੇੜਲੇ ਸੰਬੰਧ ਬਣਾਏ ਅਤੇ ਖੇਤੀ ਦੇ ਵਿਕਾਸ ਲਈ ਲਗਾਤਾਰ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ|