ਲੰਮੀ ਬਿਮਾਰੀ ਪਿਛੋਂ ਗਾਇਕ ਤੇ ਗੀਤਕਾਰ ਰੰਗਾ ਸਿੰਘ ਮਾਨ ਦਾ ਦੇਹਾਂਤ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2023: ਸ੍ਰੀ ਮੁਕਤਸਰ ਸਾਹਿਬ ਨਿਵਾਸੀ ਅਤੇ ਪੰਜਾਬੀ ਲੋਕ ਗਾਇਕ ਤੇ ਗੀਤ ਲੇਖਕ ਰੰਗਾ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਹੈ। ਰੰਗਾ ਸਿੰਘ ਮਾਨ ਨੇ ਆਪਣੇ ਘਰ ਵਿੱਚ ਅੱਜ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਦੋ ਲੜਕੇ ਅਤੇ ਪਤਨੀ ਛੱਡ ਗਏ ਹਨ। ਸਿਹਤ ਵਿਭਾਗ ਪੰਜਾਬ ਵਿੱਚੋਂ ਸੇਵਾ ਮੁਕਤ ਹੋਏ ਰੰਗਾ ਸਿੰਘ ਮਾਨ ਦੀ ਗਿਣਤੀ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਵਿੱਚ ਹੁੰਦੀ ਸੀ। ਉਨ੍ਹਾਂ ਪੰਜਾਬ ਦੀਆਂ ਕਈ ਨਾਮਵਾਰ ਗਾਇਕਾਂ ਨਾਲ ਗੀਤ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਬੜੇ ਸ਼ੌਕ ਨਾਲ ਸੁਣਿਆ ਜਾਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੰਗਾ ਸਿੰਘ ਮਾਨ ਲਗਭਗ 2 ਸਾਲਾਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ। ਪਰਿਵਾਰ ਵੱਲੋਂ ਕੀਤੀਆਂ ਅਣਥੱਕ ਕੋਸ਼ਿਸ਼ਾਂ ਵੀ ਕੰਮ ਨਾ ਆਈਆਂ ਅਤੇ ਅੰਤ ਨੂੰ ਮੌਤ ਨੇ ਇਸ ਨਾਮੀ ਗਾਇਕ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਰੰਗਾ ਸਿੰਘ ਮਾਨ ਦੇ ਰਿਸ਼ਤੇਦਾਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਰੰਗਾ ਸਿੰਘ ਮਾਨ ਦਾ ਅੱਜ ਦੇਰ ਸ਼ਾਮ ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਨੇਹੀਆਂ ਅਤੇ ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ 24 ਜੂਨ ਦਿਨ ਸ਼ਨੀਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।