ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਰੂ-ਬ-ਰੂ 25 ਜੂਨ ਨੂੰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਜੂਨ 2023 - ਪੰਜਾਬ ਭਵਨ, ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵਲੋਂ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਬੇਮਿਸਾਲ ਕਾਰਜ ਕੀਤੇ ਜਾ ਰਹੇ ਹਨ। ਉਨਾਂ ਵਲੋਂ ਪੰਜਾਬ ਭਵਨ, ਸਰੀ ਕੈਨੇਡਾ ਅਤੇ ਪੰਜਾਬ ਭਵਨ ਜਲੰਧਰ ਵਿਖੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਨਿਰੰਤਰ ਸਮਾਗਮ ਗੋਸ਼ਟੀਆਂ ਕਰਵਾਈਅਂ ਜਾ ਰਹੀਆਂ ਹਨ। ਇਸ ਤੋਂ ਇਲਾਵਾਂ ਪੰਜਾਬੀ ਪੁਸਤਕਾਂ ਛਾਪਣ ਹਿੱਤ ਸਾਹਿਤਕ ਸਭਾਵਾਂ ਦੀ ਆਰਥਿਕ ਮਦਦ ਵੀ ਕਰ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਸ਼੍ਰੀ ਜਸਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਦੇ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਸਾਹਿਤਕਾਰਾਂ ਦੇ ਸਤਿਕਾਰ ਲਈ ਹਮੇਸ਼ਾ ਹੀ ਬਚਨਬੰਧ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਕਪੂਰਥਲਾ ਵਲੋਂ ਮਿਤੀ 25-06-2023 ਨੂੰ ਸਤਿਕਾਰਤ ਸ਼ਖ਼ਸੀਅਤ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ, ਸਰੀ ਕੈਨੇਡਾ ਦਾ ਸਿਰਜਣਾ ਕੇਂਦਰ, ਦਫ਼ਤਰ ਵਿਰਸਾ ਵਿਹਾਰ, ਕਪੂਰਥਲਾ ਸਵੇਰੇ 09.00 ਵਜੇ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਤੇਜਿੰਦਰ ਸਿੰਘ ਗਿੱਲ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਾਲੀਵੁੱਡ ਪੰਜਾਬੀ ਗਾਇਕ ਫ਼ਿਰੋਜ਼ ਖਾਨ ਅਤੇ ਪੰਜਾਬੀ ਗਾਇਕ ਪੇਜੀ ਸ਼ਾਹਕੋਟੀ ਜੀ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪੰਜਾਬੀ ਸੱਭਿਆਚਾਰਕ ਨਾਲ ਸਬੰਧਤ ਵੱਖ-ਵੱਖ ਟੀਮਾਂ ਵਲੋਂ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿੱਚ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਰੂ-ਬ-ਰੂ ਸ਼ਖ਼ਸੀਅਤ ਦੀ ਜਿੰਦਗੀ ਅਤੇ ਸਾਹਿਤਕ ਸਫਰ ਬਾਰੇ ਦੱਸਣਗੇ ਅਤੇ ਪਰਵਿੰਦਰ ਸਿੰਘ ਢੋਟ, ਸਮਾਜ ਸੇਵਕ ਮੌਜ਼ੂਦਾ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਭਰਪੂਰ ਯਤਨਾਂ/ਉਪਰਾਲਿਆ ਬਾਰੇ ਦੱਸਣਗੇ। ਇਸ ਤੋਂ ਇਲਾਵਾ ਡਾ. ਆਸਾ ਸਿੰਘ ਘੁੰਮਣ, ਸਾਬਕਾ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਅਤੇ ਡਾ. ਗੁਰਬਖਸ਼ ਸਿੰਘ ਭੰਡਾਲ ਸ੍ਰੋਮਣੀ ਸਾਹਿਤਕਾਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸੰਖੇਪ ਜਾਣਕਾਰੀ ਦੇਣਗੇ।