ਉੱਘੇ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬ-ਰੂ
- ਸੁਰਿੰਦਰ ਸ਼ਰਮਾ ਨੇ ਕਿਹਾ ਬੋਲ ਮਰਦਾਨਿਆ ਅਧਿਆਤਮਿਕ ਤੇ ਧਾਰਮਿਕ ਹੋਣਾ ਦੋ ਅੱਡ ਅੱਡ ਗੱਲਾਂ ਹਨ ਅਤੇ ਇਹ ਨਾਵਲ ਅਧਿਆਤਮਿਕ ਹੈ ਧਾਰਮਿਕ ਨਹੀਂ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 24 ਮਾਰਚ 2024:- ਸਾਂਝਾ ਸਾਹਿਤਕ ਮੰਚ ਪਟਿਆਲ਼ਾ ਵੱਲੋਂ ਢੱਲ ਬਿਲਡਰਜ਼ , ਸਰਹਿੰਦ ਰੋਡ , ਪਟਿਆਲ਼ਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌਡ, ਪਾਲ ਖਰੌਡ ਤੇ ਢੱਲ ਗੁਰਮੀਤ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਉੱਘੇ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬ-ਰੂ ਕਰਵਾਇਆ ਗਿਆ ।
ਇਸ ਮੌਕੇ ਤੇ ਸੁਰਿੰਦਰ ਸ਼ਰਮਾ, ਡਾ. ਅਮਰਜੀਤ ਕੌਂਕੇ, ਬਲਬੀਰ ਜਲਾਲਾਬਾਦੀ ਤੇ ਬਲਰਾਮ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੰਚ ਸੰਚਾਲਨ ਕਰਦੇ ਹੋਏ ਨਵਦੀਪ ਸਿੰਘ ਮੁੰਡੀ ਨੇ ਜਸਬੀਰ ਮੰਡ ਨਾਲ ਹਾਜ਼ਰੀਨ ਦੀ ਜਾਣ ਪਛਾਣ ਕਰਵਾਈ । ਜਸਬੀਰ ਮੰਡ ਨੇ ਆਪਣੇ ਸਾਹਿਤਕ ਸਫਰ ਬਾਰੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਕਿਸੇ ਗੱਲ, ਘਟਨਾ ਜਾਂ ਵਸਤੂ ਨੂੰ ਆਦਤ ਅਨੁਸਾਰ ਵੇਖਦੇ ਹਾਂ ਤਾਂ ਅਸੀਂ ਉਸ ਦੇ ਯਥਾਰਥ ਨੂੰ ਨਹੀਂ ਦੇਖ ਸਕਦੇ। ਉਹਨਾਂ ਕਿਹਾ ਕਿ ਲੇਖਕ ਬੇਸ਼ੱਕ ਸਮਾਜ ਵਿਚ ਸਿੱਧੇ ਤੌਰ ਤੇ ਬਦਲਾਅ ਨਹੀਂ ਲਿਆ ਸਕਦਾ ਪਰ ਉਹ ਜਾਗ੍ਰਿਤ ਕਰਨ ਦਾ ਕਾਰਜ ਕਰ ਸਕਦਾ ਹੈ।
ਨਵਦੀਪ ਮੁੰਡੀ ਨੇ ਗੱਲ ਨੂੰ ਹੋਰ ਅੱਗੇ ਤੋਰਨ ਲਈ ਜਸਬੀਰ ਮੰਡ ਦੇ ਨਾਵਲ 'ਬੋਲ ਮਰਦਾਨਿਆ' ਦੇ ਕੁਝ ਅੰਸ਼ ਸਰੋਤਿਆਂ ਨੂੰ ਪੜ੍ਹ ਕੇ ਸੁਣਾਏ। ਸੁਰਿੰਦਰ ਸ਼ਰਮਾ ਨੇ ਬੋਲ ਮਰਦਾਨਿਆ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਅਧਿਆਤਮਿਕ ਤੇ ਧਾਰਮਿਕ ਹੋਣਾ ਦੋ ਅੱਡ ਅੱਡ ਗੱਲਾਂ ਹਨ ਅਤੇ ਇਹ ਨਾਵਲ ਅਧਿਆਤਮਿਕ ਹੈ ਧਾਰਮਿਕ ਨਹੀਂ। ਅਮਰਜੀਤ ਕੌਂਕੇ ਤੇ ਬਲਬੀਰ ਜਲਾਲਾਬਾਦੀ ਨੇ ਜਸਬੀਰ ਮੰਡ ਦੀ ਲੇਖਣ ਸ਼ੈਲੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕੀਤੀ। ਚਰਚਿਤ ਨਾਵਲ ਬੋਲ ਮਰਦਾਨਿਆ ਤੇ ਗੱਲਬਾਤ ਕਰਦੇ ਹੋਏ ਬਲਰਾਮ ਨੇ ਕਿਹਾ ਕਿ ਉਹ ਇਸ ਨਾਵਲ ਤੇ ਸਕ੍ਰੀਨ ਪਲੇਅ ਵੀ ਲਿਖ ਚੁੱਕੇ ਹਨ।
ਇਸ ਚਰਚਾ ਵਿੱਚ ਕੁਲਵੰਤ ਸਿੰਘ ਨਾਰੀਕੇ, ਅਵਤਾਰਜੀਤ ਅਟਵਾਲ, ਚੰਨ ਪਟਿਆਲਵੀ, ਬਚਨ ਸਿੰਘ ਗੁਰਮ, ਨਰਿੰਦਰਪਾਲ ਕੌਰ, ਕਮਲ ਸੇਖੋਂ, ਕੁਲਦੀਪ ਕੌਰ ਭੁੱਲਰ, ਡਾ. ਇੰਦਰਪਾਲ ਕੌਰ, ਰਾਜ ਸਿੰਘ ਬਧੌਛੀ, ਹਰ ਮਨ, ਅਵਤਾਰ ਸਿੰਘ ਮਾਨ, ਅਮਨ ਅਜਨੌਦਾ, ਓਂਕਾਰ ਸਿੰਘ ਤੇਜੇ, ਸਿਮਰਨਜੀਤ ਕੌਰ ਸਿਮਰ, ਗਗਨ ਮੂਣਕ, ਗੁਰਪ੍ਰੀਤ ਸਿੰਘ ਜਖਵਾਲੀ, ਚਿੱਟਾ ਸਿੱਧੂ, ਚਮਕੌਰ ਬਿੱਲਾ, ਅਮਰਜੀਤ ਖਰੋਡ, ਢੱਲ ਗੁਰਮੀਤ, ਨਵਦੀਪ ਸਿੰਘ ਮੁੰਡੀ, ਸੁਖਵਿੰਦਰ ਸਿੰਘ ਚਹਿਲ, ਪਾਲ ਖ਼ਰੋਡ ਤੇ ਹਰਦੀਪ ਸੱਭਰਵਾਲ ਨੇ ਹਿੱਸਾ ਲਿਆ। ਉਪਰੰਤ ਸਾਂਝਾ ਸਾਹਿਤਕ ਮੰਚ ਵਲੋਂ ਜਸਬੀਰ ਮੰਡ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਾਹਿਤਕ ਪਤ੍ਰਿਕਾ ਗੁਸਈਂਆਂ ਦੇ ਅੰਕ ਦਾ ਲੋਕ ਅਰਪਣ ਵੀ ਕੀਤਾ ਗਿਆ। ਗੁਰਮੀਤ ਢੱਲ , ਅਮਰਜੀਤ ਖਰੌਡ, ਪਾਲ ਖਰੌਡ ਤੇ ਹਰਦੀਪ ਸੱਭਰਵਾਲ ਨੇ ਮੇਜ਼ਬਾਨ ਦੀ ਭੂਮਿਕਾ ਬਾਖੂਬੀ ਨਿਭਾਈ। ਅੰਤ ਵਿਚ ਸੁਖਵਿੰਦਰ ਸਿੰਘ ਚਹਿਲ ਨੇ ਸਾਂਝਾ ਸਾਹਿਤਕ ਮੰਚ ਵਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।