ਬ੍ਰਿਸਬੇਨ, 5 ਫਰਵਰੀ 2019 - ਆਸਟ੍ਰੇਲੀਆ ਦੀ ਲਗਾਤਾਰ ਕਾਰਜਸ਼ੀਲ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲਿਆ ਦੌਰੇ 'ਤੇ ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਭਵਨ ਸਰੀ ਕੈਨੇਡਾ ਦੇ ਵਫਦ ਦਾ ਬ੍ਰਿਸਬੇਨ ਦੀ ਧਰਤੀ 'ਤੇ ਭਰਵਾਂ ਸਵਾਗਤ ਕੀਤਾ ਗਿਆ। ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 'ਚ ਸਥਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪਲੇਠਾ ਸਮਾਗਮ ਕੀਤਾ ਗਿਆ।
ਇਸ ਬਹੁਪੱਖੀ ਸਮਾਗਮ ਦੇ ਪਹਿਲੇ ਸੈਸ਼ਨ 'ਚ ਕਵੀ ਦਰਬਾਰ ਹੋਇਆ। ਪ੍ਰਧਾਨਗੀ ਮੰਡਲ 'ਚ ਸੁੱਖੀ ਬਾਠ, ਅਮਰੀਕ ਪਲਾਹੀ, ਇਪਸਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਇੰਡੋਜ਼ ਹੋਲਡਿੰਗਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਅਤੇ ਸੈਕਟਰੀ ਪਰਮਜੀਤ ਸਿੰਘ ਸਰਾਏ ਅਤੇ ਦਲਬੀਰ ਸਿੰਘ ਬੋਪਾਰਾਏ ਸੁਸ਼ੋਭਿਤ ਹੋਏ। ਸਮਾਗਮ 'ਚ ਮੁੱਖ ਮਹਿਮਾਨ ਸੁੱਖੀ ਬਾਠ ਨੇ ਇਸ ਸੁਹਿਰਦ ਉਪਰਾਲੇ ਲਈ ਇੰਡੋਜ਼ ਦੇ ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਇਤਿਹਾਸਕ ਪਹਿਲਕਦਮੀ ਦੱਸਿਆ।
ਉਨ੍ਹਾਂ ਅਨੁਸਾਰ ਪੰਜਾਬ ਭਵਨ ਕੈਨੇਡਾ ਹੱਦਾਂ-ਸਰਹੱਦਾਂ ਤੋਂ ਪਾਰ ਜਾ ਕੇ ਵੀ ਪੰਜਾਬੀਅਤ ਲਈ ਯੋਗਦਾਨ ਪਾਵੇਗਾ। ਸਮਾਗਮ ਦੇ ਅੰਤ 'ਚ ਕੈਨੇਡਾ ਤੋਂ ਅਮਰੀਕ ਪਲਾਹੀ ਤੇ ਸੁੱਖੀ ਬਾਠ ਨੂੰ ਇਪਸਾ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਸੋਵੀਨਾਰ ਭੇਟ ਕੀਤੇ ਗਏ। ਅੰਤ 'ਚ ਇਪਸਾ ਦੇ ਚੇਅਰਮੈਨ ਜਰਨੈਸ ਬਾਸੀ ਤੇ ਇੰਡੋਜ਼ ਦੇ ਚੇਅਰਮੈਨ ਅਮਰਜੀਤ ਸਿੰਘ ਮਾਹਲ ਵੱਲੋਂ ਆਏ ਮਹਿਮਾਨਾਂ ਅਤੇ ਹਾਜ਼ਰ ਸ੍ਰੋਤਿਆਂ ਦਾ ਧੰਨਵਾਦ ਕੀਤਾ ਗਿਆ।