ਚੰਡੀਗੜ੍ਹ, 27 ਮਾਰਚ 2021 - ਉਘੇ ਟੀ ਵੀ ਐਂਕਰ,ਮੰਚ ਸੰਚਾਲਕ ਤੇ ਜਸ ਪੰਜਾਬੀ ਟੀ ਵੀ ਨਾਲ ਜੁੜੇ ਅਮਰੀਕਾ ਵਸਦੇ ਪੱਤਰਕਾਰ ਹਰਵਿੰਦਰ ਰਿਆੜ ਅਕਾਲ ਚਲਾਣਾ ਕਰ ਗਏ ਹਨ।
ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਕਾਰਟਰੇਟ 'ਚ ਮਾਪਿਆਂ ਤੋਂ ਇਲਾਵਾ ਜੀਵਨ ਸਾਥਣ ਅਮਰਜੀਤ ਕੌਰ ਤੇ ਪੁੱਤਰ ਧੀ ਸਮੇਤ ਵਸਦਿਆਂ ਉਸ ਨੇ ਪਿਛਲੇ ਉੱਨੀ ਸਾਲ ਤੋਂ ਪੱਤਰਕਾਰੀ, ਸਾਹਿਤ ਸਿਰਜਣਾ ਤੇ ਮੰਚ ਪੇਸ਼ਕਾਰੀਆਂ ਕਰਕੇ ਪੂਰੇ ਉੱਤਰੀ ਅਮਰੀਕਾ 'ਚ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ। ਪੰਜਾਬੀ ਰਾਈਟਰ ਵੀਕਲੀ ਤੇ ਪੰਜਾਬੀ ਟੀ. ਵੀ. ਚੈਨਲ ਬਾਜ਼ ਉਸ ਦੇ ਲੰਮੇ ਮੀਡੀਆ ਸਫ਼ਰ ਤੇ ਪਰਿਵਾਰਕ ਘਾਲਣਾ ਸਮੇਤ ਦੂਰ ਦ੍ਰਿਸ਼ਟੀ ਦਾ ਹੀ ਨਤੀਜਾ ਹੈ। ਆਪਣੇ ਰਸਵੰਤੇ ਅੰਦਾਜ਼ ਕਾਰਨ ਉਹ ਅਮਰੀਕਾ ਦੀ ਸਭ ਤੋਂ ਵੱਡੀ ਪੰਜਾਬੀ ਮੀਡੀਆ ਹਸਤੀ ਵਜੋਂ ਉੱਭਰਿਆ। ਨਾਗਮਣੀ 'ਚ ਕਵਿਤਾ ਛਪਣ ਦੇ ਸਫ਼ਰ ਤੋਂ ਲੈ ਕੇ ਉਸ ਦਾ ਕਾਵਿ ਸਫ਼ਰ ਨਿਰੰਤਰ ਜਾਰੀ ਹੈ। ਨੇੜ ਭਵਿੱਖ 'ਚ ਉਸ ਦਾ ਕਾਵਿ ਸੰਗ਼੍ਰਹਿ ਮਨ ਮੰਦਰ ਛਪਣਾ ਸੀ।
ਰਿਆੜ ਦੇ ਬੇਵਕਤ ਵਿਛੋੜੇ ਉਤੇ ਅਫਸੋਸ ਪ੍ਰਗਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਰਿਆੜ ਮਾਂ ਬੋਲੀ ਪੰਜਾਬੀ ਦਾ ਲਾਡਲਾ ਸਪੂਤ ਸੀ ਤੇ ਉਹ ਪੰਜਾਬੀ ਸਾਹਿਤ ਦਾ ਗੰਭੀਰ ਵਿਦਿਆਰਥੀ ਰਿਹਾ ਸੀ। ਉਨਾ ਕਿਹਾ ਕਿ ਰਿਆੜ ਨੇ ਦੇਸ਼ ਬਦੇਸ਼ ਵਿਚ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਇਆ। ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਿਜ ਜੰਡਿਆਲਾ ਸਪੋਰਟਸ ਕਾਲਿਜ ਜਲੰਧਰ ਤੋਂ ਗਰੈਜੂਏਸ਼ਨ ਕਰਕੇ ਲਾਇਲਪੁਰ ਖਾਲਸਾ ਕਾਲਿਜ ਚੋਂ ਐੱਮ. ਏ. ਪੰਜਾਬੀ ਕਰਦਿਆਂ ਦੌਰਾਨ ਉਹ ਦੂਰਦਰਸ਼ਨ ਦਾ ਸਫ਼ਲ ਪੇਸ਼ਕਾਰ ਬਣ ਗਿਆ। ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਲੁਧਿਆਣਾ ਦਾ ਵੀ ਉਹ ਅਹਿਮ ਹਿੱਸਾ ਰਿਹਾ।
ਉਘੇ ਲੇਖਕ ਗੁਰਭਜਨ ਗਿੱਲ ਨੇ ਆਖਿਆ ਕਿ ਯਕੀਨ ਨਹੀ ਆ ਰਿਹਾ ਕਿ ਹਰਵਿੰਦਰ ਚਲੇ ਗਿਆ ਹੈ। ਉਹ ਉਨਾ ਦੀ ਉਂਗਲੀ ਫੜ ਕੇ ਪੋ ਮੋਹਨ ਸਿੰਘ ਮੇਲੇ ਦੇ ਮੰਚ ਉਤੇ ਚੜਿਆ। ਉਨਾ ਕਿਹਾ ਕਿ ਉਹ ਬੇਹਦ ਉਦਾਸ ਹਨ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਰਿਆੜ ਦਾ ਮਿਲਾਪੜਾ ਸੁਭਾਅ ਹਰੇਕ ਨੂੰ ਆਪਣਾ ਬਣਾ ਲੈਂਦਾ ਸੀ ਤੇ ਉਹ ਉਨਾ ਦੇ ਪੁਰਾਣੇ ਮਿੱਤਰਾਂ ਚੋਂ ਇਕ ਸੀ। ਪੰਜਾਬ ਕਲਾ ਪਰਿਸ਼ਦ ਨੇ ਹਰਵਿੰਦਰ ਰਿਆੜ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।