ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਜੋਬਨੇਰ ਯੂਨੀਵਰਸਿਟੀ ਰਾਜਸਥਾਨ ਨੇ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਨਿਵਾਜਿਆ
ਲੁਧਿਆਣਾ 17 ਮਈ 2024 - ਬੀਤੇ ਦਿਨੀਂ ਰਾਜਸਥਾਨ ਦੇ ਕਰਨ ਨਰੇਂਦਰ ਖੇਤੀ ਯੂਨੀਵਰਸਿਟੀ ਜੋਬਨੇਰ ਦੇ ਪਹਿਲੇ ਡਿਗਰੀ ਵੰਡ ਸਮਾਰੋਹ ਵਿਚ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਨਿਵਾਜਿਆ ਗਿਆ| ਇਹ ਡਿਗਰੀ ਡਾ. ਢਿੱਲੋਂ ਨੂੰ ਖੇਤੀ ਵਿਗਿਆਨ ਅਤੇ ਪ੍ਰਸ਼ਾਸਨ ਸੰਬੰਧੀ ਕੀਤੇ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਤੀ ਗਈ| ਇਸ ਸਮਾਰੋਹ ਦੀ ਪ੍ਰਧਾਨਗੀ ਰਾਜਸਥਾਨ ਦੇ ਰਾਜਪਾਲ ਅਤੇ ਜੋਬਨੇਰ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਕਲਰਾਜ ਮਿਸ਼ਰ ਨੇ ਕੀਤੀ| ਸ਼੍ਰੀ ਮਿਸ਼ਰ ਨੇ ਆਪਣੇ ਕਰ-ਕਮਲਾਂ ਨਾਲ ਡਾ. ਢਿੱਲੋਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਪ੍ਰਦਾਨ ਕਰਦਿਆਂ ਉਹਨਾਂ ਦੀ ਸ਼ਖਸ਼ੀਅਤ ਬਾਰੇ ਵਿਸ਼ੇਸ਼ ਟਿੱਪਣੀ ਕੀਤੀ|
ਉਹਨਾਂ ਕਿਹਾ ਕਿ ਡਾ. ਢਿੱਲੋਂ ਨੇ ਨਾ ਸਿਰਫ ਇਕ ਵਿਗਿਆਨੀ ਦੇ ਤੌਰ ਤੇ ਮੱਕੀ ਦੀਆਂ ਨਵੀਆਂ ਕਿਸਮਾਂ ਦੀ ਖੋਜ ਕਰਕੇ ਦੇਸ਼ ਨੂੰ ਖੇਤੀ ਵਿਭਿੰਨਤਾ ਵੱਲ ਤੋਰਨ ਲਈ ਯੋਗਦਾਨ ਪਾਇਆ ਬਲਕਿ ਉਹਨਾਂ ਦੀ ਅਗਵਾਈ ਵਿਚ ਪੀ.ਏ.ਯੂ. ਨੇ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿਚ ਸਿਖਰਾਂ ਛੂਹੀਆਂ| ਸ਼੍ਰੀ ਮਿਸ਼ਰ ਨੇ ਕਿਹਾ ਕਿ ਅਜਿਹੇ ਉੱਚ ਦੁਮਾਲੜੇ ਖੇਤੀ ਵਿਗਿਆਨੀ ਦਾ ਸਨਮਾਨ ਕਰਦਿਆਂ ਸਮੁੱਚੇ ਭਾਰਤ ਦੀ ਖੇਤੀ ਵਿਗਿਆਨ ਖੇਤਰ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ|
ਇਸ ਮੌਕੇ ਆਪਣੀ ਟਿੱਪਣੀ ਵਿਚ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਕ ਵਿਗਿਆਨੀ ਅਤੇ ਪ੍ਰਸ਼ਾਸਕ ਵਜੋਂ ਉਹਨਾਂ ਦੀ ਪ੍ਰਤਿਭਾ ਦੇ ਨਿਖਾਰ ਵਿਚ ਪੀ.ਏ.ਯੂ. ਦਾ ਭਰਪੂਰ ਯੋਗਦਾਨ ਹੈ| ਉਹਨਾਂ ਨਵੇਂ ਖੇਤੀ ਵਿਗਿਆਨੀਆਂ ਨੂੰ ਲਗਾਤਾਰ ਮਿਹਤਨ ਕਰਨ ਅਤੇ ਆਪਣੀ ਨਿਸ਼ਾਨਿਆਂ ਦੀ ਪ੍ਰਾਪਤੀ ਤੱਕ ਡਟੇ ਰਹਿਣ ਲਈ ਪ੍ਰੇਰਿਤ ਕੀਤਾ| ਡਾ. ਢਿੱਲੋਂ ਨੇ ਜੋਬਨੇਰ ਯੂਨੀਵਰਸਿਟੀ ਦੇ ਸਮੂਹ ਪ੍ਰਸ਼ਾਸਕਾਂ ਦਾ ਧੰਨਵਾਦ ਵੀ ਕੀਤਾ|
ਪੀ ਏ ਯੂ ਦੇ ਉੱਚ ਅਧਿਕਾਰੀਆਂ, ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਸਮੁੱਚੇ ਕਰਮਚਾਰੀਆਂ ਨੇ ਡਾ ਬਲਦੇਵ ਸਿੰਘ ਢਿੱਲੋਂ ਦੀ ਇਸ ਪ੍ਰਾਪਤੀ ਉੱਪਰ ਮਾਣ ਮਹਿਸੂਸ ਕੀਤਾ।