- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨੇ ਸ਼ੋਕ ਸੁਨੇਹੇ ਰਾਹੀਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
- ਸਮਾਜ ਨੂੰ ਵੱਡਾ ਘਾਟਾ ਪਿਆ : ਸੁੰਦਰ ਸ਼ਾਮ ਅਰੋੜਾ
- ਵਿਧਾਇਕ ਪਵਨ ਕੁਮਾਰ ਆਦੀਆ ਨੇ ਵੀ ਕੀਤੇ ਸ਼ਰਧਾ ਦੇ ਫੁੱਲ ਭੇਂਟ
ਹੁਸ਼ਿਆਰਪੁਰ, 11 ਅਕਤੂਬਰ 2020 - ਕੋਰੋਨਾ ਨਾਲ ਜੂਝਦਿਆਂ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀਨੀਅਰ ਪੱਤਰਕਾਰ ਸ੍ਰੀ ਅਸ਼ਵਨੀ ਕਪੂਰ ਨੂੰ ਅੱਜ ਇਥੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਉੱਘੀਆਂ ਸ਼ਖਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸਥਾਨਕ ਭੰਗੀ ਚੋਅ ਰੋਡ ’ਤੇ ਸਥਿਤ ਸ਼ਕਤੀ ਮੰਦਰ ਵਿੱਚ ਹੋਏ ਸ਼ਰਧਾਂਜ਼ਲੀ ਸਮਾਗਮ ਵਿੱਚ ਭਾਰੀ ਗਿਣਤੀ ਸਿਆਸੀ ਧਾਰਮਿਕ ਅਤੇ ਸਮਾਜਿਕ ਹਸਤੀਆਂ ਦੇ ਨਾਲ-ਨਾਲ ਕਪੂਰ ਦੇ ਸਨੇਹੀਆਂ ਵਲੋਂ ਨਿੱਜੀ ਤੌਰ ’ਤੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਦਿੱਤੀ ਗਈ।
ਆਪਣੇ ਸ਼ੋਕ ਸੰਦੇਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਪੂਰ ਦੇ ਚਲਾਣੇ ਉਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿੱਚ ਅਸ਼ਵਨੀ ਕਪੂਰ ਦਾ ਲੰਮਾ ਤਜ਼ਰਬਾ ਰਿਹਾ ਜਿਸ ਦੌਰਾਨ ਉਨ੍ਹਾਂ ਪੱਤਰਕਾਰੀ ਪ੍ਰਤੀ ਆਪਣੇ ਫਰਜ ਪੇਸ਼ੇਵਾਰਾਨਾ ਕਦਰਾਂ-ਕੀਮਤਾਂ ਨਾਲ ਬਾਖੂਬੀ ਨਿਭਾਈ।
ਮੁੱਖ ਮੰਤਰੀ ਵਲੋਂ ਭੇਜੇ ਸ਼ੋਕ ਸੁਨੇਹੇ ਨੂੰ ਪੜ੍ਹਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਚਾਰ ਦਹਾਕਿਆਂ ਦੇ ਲੰਮੇ ਅਰਸੇ ਦੌਰਾਨ ਕਪੂਰ ਵਲੋਂ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਉਦਯੋਗ ਮੰਤਰੀ ਨੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਸ੍ਰੀ ਕਪੂਰ ਬਹੁਤ ਹੀ ਸੁਲਝੇ ਅਤੇ ਤਜ਼ਰਬੇਕਾਰ ਇਨਸਾਨ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਕਪੂਰ ਦਾ ਵਿਛੋੜਾ ਪਰਿਵਾਰ ਅਤੇ ਸਾਕ-ਸਬੰਧੀਆਂ ਲਈ ਅਸਹਿ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਨੇ ਕਪੂਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।