ਵੈਨਕੂਵਰ, ਮਾਰਚ 27, 2019: ਕਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਕਨੇਡਾ ਦੀਆਂ ਪੰਦਰਾਂ ਸਨਮਾਨਯੋਗ ਸਖ਼ਸ਼ੀਅਤਾਂ ਨੂੰ ਆਨਰੇਰੀ ਡਿਗਰੀ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਸਾਧੂ ਬਿਨਿੰਗ ਤੋਂ ਇਲਾਵਾ ਤਿੰਨ ਹੋਰ ਸਖਸ਼ੀਅਤਾਂ ਸਾਊਥ ਏਸ਼ੀਅਨ ਭਾਈਚਾਰੇ ਨਾਲ ਸਬੰਧਤ ਹਨ। ਸਾਧੂ ਬਿਨਿੰਗ ਪੰਜਾਬੀ ਦੇ ਉੱਘੇ ਲੇਖਕ, ਸੰਪਾਦਕ, ਅਧਿਆਪਕ ਅਤੇ ਕਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਲਈ ਕਾਰਜਸ਼ੀਲ ਹਨ। ਉਹ 1987-2008 ਤੱਕ ਯੂ ਬੀ ਸੀ ਵਿੱਚ ਪੰਜਾਬੀ ਅਧਿਆਪਕ ਰਹੇ। ਉਨ੍ਹਾਂ ਨੇ ਆਪਣੀਆਂ ਕਲਾਸਾਂ ਲਈ ਮੌਲਿਕ ਸਲੇਬਸ ਤਿਆਰ ਕੀਤਾ, ਜਿਹੜਾ ਹਾਲੇ ਤੱਕ ਵਰਤਿਆ ਜਾਂਦਾ ਹੈ। ਉਹ ਦਰਜਨ ਤੋਂ ਵੱਧ ਪੰਜਾਬੀ ਅਤੇ ਅੰਗ੍ਰੇਜ਼ੀ ਕਿਤਾਬਾਂ ਦੇ ਲੇਖਕ ਹਨ ਅਤੇ 'ਵਤਨ' ਰਸਾਲੇ ਦੇ ਸਹਿ-ਸੰਪਾਦਕ ਹਨ। ਸਾਧੂ ਬਿਨਿੰਗ ਪਿਛਲੀ ਸਦੀ ਦੇ ਸੱਤਵੇਂ ਅਤੇ ਅੱਠਵੇਂ ਦਹਾਕੇ ਵਿੱਚ ਕਨੇਡਾ ਦੇ ਰੰਗਮੰਚ ਵਿੱਚ ਸਰਗਰਮ ਰਹੇ। ਉਹ 1967 ਵਿੱਚ ਕਨੇਡਾ ਪਹੁੰਚੇ ਅਤੇ ਇੱਥੇ ਆ ਕੇ ਉਨ੍ਹਾਂ ਨੇ ਐਮ ਏ ਦੀ ਡਿਗਰੀ ਹਾਸਿਲ ਕੀਤੀ। ਡਾ. ਬਿਨਿੰਗ ਦਾ ਕਨੇਡਾ ਦੇ ਪੰਜਾਬੀ ਸਾਹਿਤ, ਸਭਿੱਆਚਾਰ ਅਤੇ ਬੋਲੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ।