ਪੰਜਾਬੀ ਨਾਵਲ ਪਿਤਾਮਾ ਨਾਨਕ ਸਿੰਘ ਨਾਵਲਕਾਰ ਦੇ ਵੱਡੇ ਸਪੁੱਤਰ ਦਾ ਦੇਹਾਂਤ
ਇੱਕ ਹੋਰ ਪਾਟੀ ਚਿੱਠੀ ਆ ਗਈ ਹੈ।
ਪਤਾ ਨਹੀਂ ਕਿਉਂ? ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿਸ ਦਿਨ ਅੱਖਾਂ ਸਿੱਲ੍ਹੀਆਂ ਨਾ ਹੋਣ।
ਪੰਜਾਬੀ ਨਾਵਲ ਪਿਤਾਮਾ ਨਾਨਕ ਸਿੰਘ ਨਾਵਲਕਾਰ ਦੇ ਵੱਡੇ ਸਪੁੱਤਰ ਸਃ ਕੁਲਵੰਤ ਸਿੰਘ ਸੂਰੀ ਅੱਜ ਤੜਕਸਾਰ 1.30 ਵਜੇ ਸਾਨੂੰ ਅੰਮ੍ਰਿਤਸਰ ਵਿੱਚ ਸਦੀਵੀ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਸਭ ਤੋ ਨਿੱਕੇ ਵੀਰ ਡਾਃ ਕੁਲਬੀਰ ਸਿੰਘ ਨੇ ਦੱਸਿਐ।
ਹੁਣ ਕਦੇ ਫੋਨ ਦੀ ਘੰਟੀ ਨਹੀਂ ਖੜਕੇਗੀ ਇਹ ਕਹਿ ਕੇ, ਜਾਗ ਪਏ ਓ, ਜ਼ਰੂਰੀ ਗੱਲ ਕਰਨੀ ਸੀ।
ਕਦੇ ਵੀ ਉਰਦੂ ਸ਼ਾਇਰੀ ਦੀ ਕੋਈ ਕਿਤਾਬ ਗੁਰਮੁਖੀ ਅੱਖਰਾਂ ਚ ਚਾਹੀਦੀ ਹੋਵੇ ਤਾਂ ਦੱਸ ਦਿਆ ਕਰੋ।
ਬਿਨ ਦਾਮ ਭੇਜਾਂਗਾ।
ਚੰਗਾ ਲਿਖਦੇ ਰਹਿਣਾ, ਬਹੁਤ ਲੋੜ ਹੈ ਇਸ ਵਕਤ।
ਕਦੇ ਕਹਿਣਾ ਬਾਊ ਜੀ ਦੀ ਖ਼ੂਨੀ ਵਿਸਾਖੀ ਛਾਪੀ ਹੈ। ਨਵਦੀਪ ਬੇਟੇ ਨੇ ਅੰਗਰੇਜ਼ੀ ਚ ਵੀ ਕਾਫ਼ੀ ਕੁਝ ਕੀਤੈ। ਦਾਦੇ ਦੀ ਕੀਰਤੀ ਵਧਾ ਰਿਹੈ।
ਤੁਹਾਨੂੰ ਪਤੈ ਨਾ ਰਾਜਦੂਤ ਹੈ ਅੱਜ ਕੱਲ੍ਹ।
ਸੰਨ ਸੰਤਾਲੀ ਦੀ ਗੱਲ ਕਰਦੇ ਤਾਂ ਲੰਮਾ ਸਮਾਂ ਦਿੱਲੀ ਵਾਸ ਦੌਰਾਨ ਸੰਘਰਸ਼ ਦੀ ਗੱਲ ਸੁਣਾਉਂਦੇ।
ਹੁਣ ਕਦੇ ਨਹੀਂ ਆਵੇਗਾ ਵੱਡੇ ਭਾਅ ਦਾ 98141 90504 ਫੋਨ।
ਹੁਣ ਜੀ ਕਿੱਥੇ ਜਾ ਵੱਸੇ ਹੋ ਚਿਰ ਹੋਇਆ ਸੀ ਦਰਸ਼ਨ ਕੀਤੇ।
ਇਹ ਅੰਦਾਜ਼ ਭਲਾ ਕੀ ਹੋਇਆ ਦਿਲ ‘ਚੋਂ ਜਾਣਾ ਚੁੱਪ ਚੁਪੀਤੇ।
ਧੜਕਣ ਰੋਜ਼ ਦਿਹਾੜੀ ਪੁੱਛੂ ਕਿੱਧਰ ਤੁਰ ਗਈ ਉਹ ਖ਼ੁਸ਼ਬੋਈ,
ਜਲ ਬਿਨ ਪਿਆਸ ਨਾ ਜਾਏ ਬੁਝਾਈ ਸੱਜਣਾਂ ਮਗਰੋਂ ਅੱਥਰੂ ਪੀਤੇ।
ਗੁਰਭਜਨ ਗਿੱਲ