ਖੰਨਾ ਨਿਵਾਸੀ ਬੁਲੰਦ ਉਰਦੂ ਸ਼ਾਇਰ ‘ਸਰਦਾਰ ਪੰਛੀ' ਨੂੰ ਪੰਜਾਬ ਉਰਦੂ ਅਕਾਡਮੀ ਵੱਲੋਂ ਆਜੀਵਨ ਸਾਹਿਤ ਪ੍ਰਾਪਤੀਆਂ ਲਈ ਪੁਰਸਕਾਰ
ਲੁਧਿਆਣਾਃ 26 ਫ਼ਰਵਰੀ 2024 - ਪੰਜਾਬ ਉਰਦੂ ਅਕਾਡਮੀ ਵੱਲੋਂ ਮਲੇਰਕੋਟਲਾ ਵਿਖੇ ਕਰਵਾਏ ਸਾਹਿੱਤਕ ਸਮਾਗਮ ਤੇ ਸਨਮਾਨ ਸਮਾਗਮ ਵਿੱਚ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਉਰਦੂ ਅਕਾਦਮੀ ਸਾਡੀ ਮਾਣਮੱਤੀ ਸੰਸਥਾ ਹੈ ਜੋ ਕਿ ਉਰਦੂ ਭਾਸ਼ਾ ਦੇ ਪਸਾਰ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਆਪਣੀ ਇਸ ਮਿੱਠੀ ਭਾਸ਼ਾ ਉਰਦੂ ਨਾਲ ਜੋੜ ਕੇ ਰੱਖਿਆ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਪੁਸਤਕ ਮੁੱਖ ਵਿਖਾਈ ਮੌਕੇ ਕੀਤਾ ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਸਰਵਪੱਖੀ ਵਿਕਾਸ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਵਿੱਤੀ ਸਾਲ 2023-24 ਦੇ ਬਜਟ ਵਿੱਚ ਪੰਜਾਬ ਉਰਦੂ ਅਕਾਦਮੀ ਅਤੇ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਕਰੀਬ 02 ਕਰੋੜ 23 ਲੱਖ ਰੁਪਏ ਦਾ ਬਜਟ ਦਾ ਪ੍ਰਬੰਧ ਕੀਤਾ ਗਿਆ ਸੀ।
ਪੰਜਾਬ ਦੇ 08 ਜ਼ਿਲ੍ਹਿਆਂ ਵਿੱਚ ਭਾਸ਼ਾ ਲਈ ਕੇਂਦਰ ਸ਼ੁਰੂ ਕੀਤੇ ਗਏ ਜੋ ਕਿ ਇੱਕ ਸਲਾਘਾਯੋਗ ਉਪਰਾਲਾ ਹੈ ।ਉਨ੍ਹਾਂ ਕਿਹਾ ਕਿ ਰੰਗਲਾ ਤੇ ਸ਼ਹੀਦਾ ਦੇ ਸੁਪਨਿਆ ਦਾ ਪੰਜਾਬ ਬਣਾਉਂਣ ਲਈ ਸਮਾਜ ਨੂੰ ਨਸ਼ਾਬੰਦੀ ਵੱਲ ਪ੍ਰੇਰਿਤ ਕਰਨ ਲਈ ਦੋ ਰੋਜਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ ।ਭਵਿੱਖ ਵਿੱਚ ਪੰਜਾਬੀ ਨੂੰ ਨਸ਼ੇ ਵਿਰੁੱਧ ਲਾਮਵੰਦ ਕਰਨ ਲਈ ਅਜਿਹੇ ਸੈਮੀਨਾਰ ਤੇ ਕਵੀ ਦਰਬਾਰ ਕਰਵਾਏ ਜਾਣਗੇ।
ਇਸ ਮੌਕੇ ਉਨ੍ਹਾਂ ਆਜੀਵਨ ਪ੍ਰਾਪਤੀ ਪੁਰਸਕਾਰ ਨਾਲ ਖੰਨਾ ਨਿਵਾਸੀ ਜਨਾਬ 'ਸਰਦਾਰ ਪੰਛੀ' ਨੂੰ ਇੱਕ ਲੱਖ 50 ਹਜ਼ਾਰ ਰੁਪਏ, ਸ਼ਾਲ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਸਆਦਤ ਹਸਨ ਮੰਟੋ ਉਰਦੂ ਨਸਰ ਐਵਾਰਡ ਮੁਹੰਮਦ ਬਸ਼ੀਰ ਨੂੰ,ਕ੍ਰਿਸ਼ਨ ਚੰਦਰ ਉਰਦੂ ਨਸਰ ਐਵਾਰਡ ਡਾ ਰੇਨੂੰ ਬਹਿਲ ਨੂੰ ,ਰਾਜਿੰਦਰ ਸਿੰਘ ਬੇਦੀ ਉਰਦੂ ਨਸਰ ਐਵਾਰਡ ਡਾ ਅਨਵਾਰ ਅਹਿਮਦ ਅਨਸਾਰੀ ਨੂੰ, ਕੰਵਰ- ਮਹਿੰਦਰ ਸਿੰਘ ਬੇਦੀ ਸ਼ਾਇਰੀ ਐਵਾਰਡ ਖ਼ੁਸ਼ਬੀਰ ਸਿੰਘ ਸ਼ਾਦ,ਤਰਲੋਕ ਚੰਦ ਮਹਿਰੂਮ ਉਰਦੂ ਸ਼ਇਰੀ ਐਵਾਰਡ ਅੰਜੁਮ ਕਾਦਰੀ ਨੂੰ ਅਤੇ ਅੱਲਾਮਾ ਇਕਬਾਲ ਉਰਦੂ ਸ਼ਾਇਰੀ ਐਵਾਰਡ ਡਾ ਨਦੀਮ ਅਹਿਮਦ ਨੂੰ 50-50 ਹਜ਼ਾਰ ਰੁਪਏ ,ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਇਸ ਮੌਕੇ ਪੰਜਾਬ ਉਰਦੂ ਅਕਾਦਮੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਮੁੱਖ ਵਿਖਾਈ ਕੀਤੀ ਗਈ ।
ਉਨ੍ਹਾਂ ਇਸ ਸਮਾਗਮ ਵਿੱਚ ਅਕੈਡਮੀ ਦੀ ਵਿੱਤੀ ਸਹਾਇਤਾ ਨਾਲ ਸਾਹਿਤਕ ਸਮਾਗਮਾਂ ਦਾ ਆਯੋਜਨ ਕਰਨ ਵਾਲੀਆਂ ਸਭਾ-ਸੁਸਾਇਟੀਆਂ ,ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਉਰਦੂ ਵਿਸ਼ੇ ਵਿੱਚ ਤਾਲੀਮ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਨਗਦ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ.ਸਕੱਤਰ ਪੰਜਾਬ ਉਰਦੂ ਅਕਾਦਮੀ ਡਾ ਰਣਜੋਧ ਸਿੰਘ, ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਅਮਿਤ ਜੈਨ, ਸ੍ਰੀ ਗੋਬਿੰਦ ਮਿੱਤਲ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ ਸਨ ।