ਗੁਰਭਜਨ ਗਿੱਲ
ਕੱਲ੍ਹ ਸ਼ਾਮੀਂ ਮੈਨੂੰ ਡਾ: ਤਾਰਾ ਸਿੰਘ ਆਲਮ ਨੇ ਇੰਗਲੈਂਡ ਤੋਂ ਇੱਕ ਗੀਤ ਭੇਜਿਆ। ਪੰਜ ਛੇ ਵਾਰ ਸੁਣ ਕੇ ਵੀ ਰੂਹ ਨਹੀਂ ਰੱਜੀ। ਦਿਲ ਕਰਦੈ ਪੂਰੀ ਕਾਇਨਾਤ ਸੁਣੇ ਇਸ ਸੁਰੀਲੇ ਪੁੱਤਰ ਨੂੰ।
ਮੈਂ ਗਾਇਕ ਦਾ ਨਾਮ ਪਤਾ ਪੁੱਛਿਆ ਤਾਂ ਪਤਾ ਲੱਗਾ ਕਿ ਨੌਜਵਾਨ ਦਾ ਨਾਮ ਦਿਲਬਾਗ ਸਿੰਘ ਹੈ। ਲਹਿਰਾਗਾਗਾ ਨੇੜੇ ਕੋਈ ਨਿੱਕਾ ਜਿਹਾ ਪਿੰਡ ਹੈ। ਘਰ ਦੀ ਗਰੀਬੀ ਨੇ ਮਾਰ ਲਿਆ। ਬਾਪ ਬੜੂ ਸਾਹਿਬ ਵਾਲਿਆਂ ਦੀ ਬੱਸ ਦਾ ਚਾਲਕ ਹੈ।
ਦਿਲਬਾਗ ਨੇ ਨੁਸਰਤ ਫ਼ਤਹਿ ਅਲੀ ਖਾਂ ਸਾਹਿਬ ਦੀ ਗਾਈ ਰਚਨਾ ਬੜੇ ਬੁਲੰਦ ਸੁਰੀਲੇ ਅੰਦਾਜ਼ ਚ ਗਾਈ ਹੋਣ ਕਾਰਨ ਮੈਂ ਯੂ ਟਿਊਬ ਤੇ ਆਪਣੀ ਰਾਇ ਦੱਸੀ , ਨਾਲ ਫੋਨ ਨੰਬਰ ਵੀ ਲਿਖਿਆ।
ਰਾਤੀਂ ਦਿਲਬਾਗ ਦਾ ਫੋਨ ਆਇਆ ਤਾਂ ਉਹ ਬੜੇ ਚਾਅ ਚ ਸੀ। ਮੈਨੂੰ ਉਸ ਦੱਸਿਆ ਕਿ ਉਹ ਬਚਪਨ ਚ ਚੌਥੀ ਤੋਂ ਅੱਗੇ ਗਿਆਨ ਹਾਸਲ ਨਹੀਂ ਕਰ ਸਕਿਆ।
ਵਿਦਿਅਕ ਸੰਸਥਾਵਾਂ ਨੇ ਗੁਰਬਤ ਕਾਰਨ ਉਂਗਲ ਨਾ ਫੜੀ। ਬੜੂ ਸਾਹਿਬ ਵਾਲਿਆਂ ਦੀ ਚੀਮਾ(ਸੰਗਰੂਰ) ਅਕੈਡਮੀ ਦੇ ਸੰਗੀਤ ਉਸਤਾਦ ਸੁਰਜੀਤ ਸਿੰਘ ਨੇ ਬਾਲਕੇ ਨੂੰ ਹਿੱਕ ਨਾਲ ਲਾਇਆ ਤੇ ਆਪਣੇ ਅੰਗ ਸੰਗ ਰੱਖ ਕੇ ਸੰਗੀਤ ਵਿਦਿਆ ਦਾ ਪ੍ਰਚੰਡ ਜਾਣਕਾਰ ਬਣਾ ਦਿੱਤਾ।
ਬਾਦ ਚ ਜਵੱਦੀ ਟਕਸਾਲ ਵਾਲੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੇ ਦਿਲਬਾਗ ਨੂੰ ਗੁਰਬਾਣੀ ਰਾਗ ਵਿਦਿਆ ਦੇ ਨਾਲ ਨਾਲ ਸ਼ਾਸਤਰੀ ਸੰਗੀਤ ਦਾ ਵੀ ਸੰਪੂਰਨ ਗਾਇਕ ਬਣਾ ਦਿੱਤਾ।
ਦਿਲਬਾਗ ਸਿੰਘ ਨੇ ਦੱਸਿਆ ਤਾਂ ਮੈਨੂੰ ਚੇਤੇ ਆਇਆ ਕਿ ਉਸ ਦੀ ਆਵਾਜ਼ ਦਾ ਜਾਦੂ ਮੈਂ ਭਾਈ ਹਰਜਿੰਦਰ ਸਿੰਘ ਦੇ ਬੇਟੇ ਤੇ ਬੇਟੀ ਦੇ ਵਿਆਹ ਮੌਕੇ ਲਾਵਾਂ ਦਾ ਕੀਰਤਨ ਕਰਦਿਆਂ ਵੀ ਮਾਣਿਆ ਸੀ। ਪਰ ਪਹਿਲਾਂ ਮੈਨੂੰ ਯਾਦ ਨਹੀਂ ਸੀ, ਉਸ ਦੇ ਦੱਸਣ ਤੇ ਮੈਨੂੰ ਯਾਦ ਆ ਗਿਆ! ਮੈਂ ਉਸ ਨੂੰ ਸੰਪਰਕ ਚ ਰਹਿਣ ਲਈ ਵੀ ਕਿਹਾ ਸੀ ਪਰ ਮੁਲਾਕਾਤ ਫੋਨ ਤੇ ਵੀ ਨਾ ਹੋ ਸਕੀ।
ਉਹ ਕੀਰਤਨ ਜਥਾ ਲੈ ਕੇ ਕੈਨੇਡਾ ਵੀ ਗਿਆ ਪਰ ਆਤਮ ਸਨਮਾਨ ਜ਼ਖ਼ਮੀ ਕਰਵਾ ਕੇ ਪਰਤਿਆ। ਪਰ ਉਹ ਉਦਾਸ ਨਹੀਂ। ਕਹਿੰਦੈ! ਹੋਰ ਮਿਹਨਤ ਕਰਾਂਗਾ। ਨਾ ਡੋਲਾਂਗਾ, ਨਾ ਡਿੱਗਾਂਗਾ ਕਿਉਂਕਿ ਗੁਰਬਾਣੀ ਦੀ ਅਖੁੱਟ ਪੂੰਜੀ ਮੇਰੇ ਸਾਹਾਂ ਸਵਾਸਾਂ ਚ ਹੈ।
ਦੋ ਵਾਰ ਗੁਰਬਾਣੀ ਸੰਥਿਆ ਲੈ ਚੁਕਾ ਦਿਲਬਾਗ ਸਿਹਤਮੰਦ ਗੀਤ ਗ਼ਜ਼ਲ ਪਰੰਪਰਾ ਦਾ ਵੀ ਸੁਰਵੰਤਾ ਗਾਇਕ ਹੈ।
ਉਸ ਦੇ ਸੰਗੀਤਕਾਰ ਦੋਸਤ ਮੋਹਕਮ ਸਿੰਘ ਦਾ ਜਨਤਾ ਨਗਰ ਲੁਧਿਆਣਾ ਚ ਆਪਣਾ ਸਟੁਡੀਉ ਹੈ। ਇਸ ਗੀਤ ਦਾ ਸੰਗੀਤ ਵੀ ਉਸ ਨੇ ਹੀ ਆਪਣੇ ਸਟੁਡੀਉ ਚ ਰੀਕਾਰਡ ਕੀਤਾ ਹੈ।
ਇਹ ਨੌਜਵਾਨ ਭਵਿੱਖ ਦਾ ਇਕਰਾਰਨਾਮਾ ਹਨ। ਸ਼ੌਕਤ ਢੰਡਵਾੜਵੀ ਜੀ ਦਾ ਸ਼ਿਅਰ ਹੈ।
‘ਨ੍ਹੇਰੀ ਵੀ ਵਗ ਰਹੀ ਏ ,
ਦੀਵੇ ਵੀ ਜਗ ਰਹੇ ਨੇ।
ਜਦ ਮੈਂ ਕਾਲੇ ਕੁਰਖ਼ਤ ਕਿਸਮ ਦੇ ਗੀਤਾਂ ਨੂੰ ਸੁਣਦਾ ਹਾਂ ਤਾਂ ਉਦਾਸ ਹੋ ਜਾਂਦਾ ਹਾਂ।
ਦਿਲਬਾਗ ਵਰਗੇ ਚੰਗੇ ਜੀਅ ਮੈਨੂੰ ਹੌਸਲਾ ਦਿੰਦੇ ਨੇ, ਬਾਬਲਾ! ਡੋਲ ਨਾ, ਅਸੀਂ ਹਨ੍ਹੇਰ ਖਾਤਾ ਬੰਦ ਕਰਾਂਗੇ। ਆਪਣੇ ਵੱਡੇ ਵੀਰਾਂ ਕਲੇਰ ਕੰਠ, ਲਖਵਿੰਦਰ ਵਡਾਲੀ, ਫੀਰੋਜ਼ ਖ਼ਾਨ, ਸਲੀਮ, ਖ਼ਾਨ ਸਾਹਿਬ, ਕਮਾਲ ਖ਼ਾਨ ਤੇ ਹੋਰ ਸੁਰਵੰਤੇ ਭਰਾਵਾਂ ਨਾਲ ਮਿਲ ਕੇ।
ਮੈਂ ਆਸਵੰਦ ਹੋ ਜਾਂਦਾ ਹਾਂ ਪਰ ਬੇਰਹਿਮ ਮੰਡੀ ਤੋਂ ਡਰ ਜਾਂਦਾ ਹਾਂ। ਇਹ ਕਿਤੇ ਸਾਡੇ ਇਹ ਪੁੱਤਰ ਵੀ ਉਧਾਲ ਕੇ ਨਾ ਲੈ ਜਾਵੇ।
ਲੋਕਾਂ ਨੂੰ ਅਪੀਲ ਕਰਾਂਗਾ ਕਿ ਸੋਨਾ ਸਾਂਭੋ, ਖੋਟੇ ਗਹਿਣੇ ਨਕਾਰੋ।
ਦਿਲਬਾਗ ਦਾ ਗੀਤ ਨਾਲ ਭੇਜ ਰਿਹਾਂ।
ਸੁਣ ਕੇ ਉਸ ਨੂੰ ਥਾਪੜਾ ਜ਼ਰੂਰ ਦੇਣਾ।
ਚੰਗੇ ਕਲਾਕਾਰ ਦਾ ਉਦਾਸ ਹੋਣਾ ਹੀ ਕੌਮਾਂ ਨੂੰ ਸੁਰ ਸ਼ਬਦ ਸੰਗੀਤ ਤੋਂ ਤੋੜਦਾ ਹੈ।
ਦਿਲਬਾਗ ਸਿੰਘ ਦਾ ਸੰਪਰਕ ਹੈ :
95207 00013
ਵੀਡੀੳ ਵੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ
https://youtu.be/Wosy8q0VlSc