ਭਾਰਤ ਵਿੱਚ ਬਾਗਬਾਨੀ ਸੰਦਾਂ ਦੇ ਪਿਤਾਮਾ ਸਰਬੱਗ ਸਿੰਘ ਪਾਸੀ ਦੀ ਪਤਨੀ ਬੀਬੀ ਕੁਲਵੰਤ ਕੌਰ ਦਾ ਦੇਹਾਂਤ
ਲੁਧਿਆਣਾ: 23 ਜੂਨ 2021 - ਭਾਰਤ ਵਿੱਚ ਬਾਗਬਾਨੀ ਸੰਦਾਂ ਦੇ ਨਿਰਮਾਤਾ (ਪਾਸੀ ਮਕੈਨੀਕਲ ਵਰਕਸ ਫੁੱਲਾਂਵਾਲ ਲੁਧਿਆਣਾ) ਸਰਬੱਗ ਸਿੰਘ ਪਾਸੀ ਦੀ ਜੀਵਨ ਸਾਥਣ ਸਰਦਾਰਨੀ ਕੁਲਵੰਤ ਕੌਰ ਦਾ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 54 ਸਾਲ ਦੇ ਸਨ।
ਸਰਦਾਰਨੀ ਕੁਲਵੰਤ ਕੌਰ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਦੇ ਨਾਲ ਹੱਥ ਵਟਾਉਂਦਿਆਂ ਬਾਗਬਾਨੀ ਸੰਦਾਂ ਵਿੱਚ ਕਾਰੋਬਾਰ ਨੂੰ ਸਿਖਰਾਂ ਤੇ ਪਹੁੰਚਾਇਆ।
ਆਪਣੇ ਪਤੀ ਸ: ਸਰਬੱਗ ਸਿੰਘ ਪਾਸੀ ਤੇ ਪਰਿਵਾਰ ਨਾਲ ਸਹਿਯੋਗ ਕਰਕੇ ਪੱਖੋਵਾਲ ਰੋਡ ਤੇ ਪਾਸੀ ਨਗਰ ਦਾ ਸਰਬਪੱਖੀ ਵਿਕਾਸ ਕਰਵਾਇਆ ਅਤੇ ਗੁਰਦੁਆਰਾ ਗੁਰੂ ਗਰੰਥ ਸਾਹਿਬ ਦੀ ਸਥਾਪਨਾ ਤੋਂ ਇਲਾਵਾ ਪਾਸੀ ਨਗਰ ਡਾਕਘਰ ਸਥਾਪਤ ਕਰਨ ਵਿੱਚ ਵੀ ਵਡਮੁੱਲਾ ਹਿੱਸਾ ਪਾਇਆ।
ਉਹ ਆਪਣੇ ਪਿੱਛੇ ਭਰਿਆ ਪਰਿਵਾਰ ਛੱਡ ਗਏ ਹਨ। ਸਰਦਾਹਨੀ ਕੁਲਵੰਤ ਕੌਰ ਪਾਸੀ ਦੇ ਦਾਮਾਦ ਸ: ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ
27 ਜੂਨ ਦੁਪਹਿਰ 12 ਵਜੇ ਤੋਂ 2 ਵਜੇ ਵਿਚਕਾਰ ਗੁਰਦਵਾਰਾ ਸ਼੍ਰੀ ਗੁਰੂ ਗਰੰਥ ਸਾਹਿਬ ਪਾਸੀ ਨਗਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ।
ਸਰਬੱਗ ਸਿੰਘ ਪਾਸੀ ਦੀ ਜੀਵਨ ਸਾਥਣ ਸਰਦਾਰਨੀ ਕੁਲਵੰਤ ਕੌਰ ਪਾਸੀ ਦੇ ਦੇਹਾਂਤ ਤੇ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਨਗਰ ਨਿਗਮ ਮੇਅਰ ਸ: ਬਲਕਾਰ ਸਿੰਘ ਸੰਧੂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਸਾਬਕਾ ਵੀ ਸੀ ਡਾ: ਕਿਰਪਾਲ ਸਿੰਘ ਔਲਖ, ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ ਸੀ ਡਾ: ਸ ਪ ਸਿੰਘ , ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮੱਕੜ, ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।