ਪਟਿਆਲਾ, 18 ਅਕਤੂਬਰ 2020 - ਸ਼੍ਰੋਮਣੀ ਗਿਆਨ ਸਾਹਿਤ ਪੁਰਸਕਾਰ ਵਿਜੇਤਾ ਤੇ ਉਘੇ ਵਾਰਤਕ ਲੇਖਕ ਡਾ. ਕੁਲਦੀਪ ਸਿੰਘ ਧੀਰ ਦੇ ਵਿਛੋੜੇ ਉਤੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਡਾ. ਧੀਰ ਇਕ ਸਿਰੜੀ ਲੇਖਕ ਸਨ ਅਤੇ ਉਹ ਲਗਾਤਾਰ ਕਲਮ ਨੂੰ ਸਮਰਪਿਤ ਰਹੇ। ਡਾ. ਪਾਤਰ ਨੇ ਧੀਰ ਜੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਧੀਰ ਜੀ ਦੀ ਸਾਹਿਤਕ ਸੇਵਾ ਨੂੰ ਪੰਜਾਬ ਕਲਾ ਪਰਿਸ਼ਦ ਸਿਜਦਾ ਕਰਦੀ ਹੈ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਡਾ. ਕੁਲਦੀਪ ਸਿੰਘ ਧੀਰ ਦੇ ਲਿਖੇ ਕਾਲਮ ਵੱਖ ਵੱਖ ਅਖਬਾਰਾਂ ਦੇ ਸੰਪਾਦਕੀ ਪੰਨਿਆਂ ਦਾ ਸ਼ਿੰਗਾਰ ਬਣਦੇ ਰਹੇ।
ਡਾ. ਧੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੀਨ ਸਿਖਿਆ ਤੇ ਭਾਸ਼ਾਵਾਂ ਸ਼ਾਨਦਾਰ ਸੇਵਾਵਾਂ ਦਿਤੀਆਂ। ਉਨ੍ਹਾਂ ਚਾਲੀ ਦੇ ਲਗਪਗ ਪੁਸਤਕਾਂ ਦੀ ਸਿਰਜਣਾ ਕੀਤੀ। ਉਨ੍ਹਾਂ ਵੱਲੋਂ ਆਪਣੇ ਸਮਕਾਲੀ ਲੇਖਕਾਂ ਦੇ ਰਚੇ ਰੇਖਾ ਚਿੱਤਰ "ਦਰਿਆਵਾਂ ਸੰਗ ਦੋਸਤੀ" ਵਿਚ ਛਪੇ। ਡਾ. ਧੀਰ ਨੇ ਗਿਆਨ ਵਿਗਿਆਨ ਵਰਗੇ ਵਿਸ਼ੇ ਨੂੰ ਸਾਹਿਤਕ ਚਾਸ਼ਨੀ ਵਿਚ ਢਾਲ ਕੇ ਅਣਗਿਣਤ ਕਾਲਮ ਲਿਖੇ। ਪੀਪਲਜ ਫੋਰਮ ਬਰਗਾੜੀ ਨੇ "ਨਵਾਂ ਵਿਗਿਆਨ" ਨਾਂਅ ਹੇਠ ਹੁਣੇ ਜਿਹੇ ਕਿਤਾਬ ਛਾਪੀ। ਲੇਖਕ ਤੋਂ ਇਲਾਵਾ ਆਪ ਗੁਰਬਾਣੀ ਦੇ ਚੰਗੇ ਗਿਆਤਾ ਸਨ ਤੇ ਪ੍ਰਭਾਵਸ਼ਾਲੀ ਬੁਲਾਰੇ ਸਨ।
ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਡਾ. ਕੁਲਦੀਪ ਸਿੰਘ ਧੀਰ ਜੀ ਦੀਆਂ ਸਾਹਿਤਕ ਸੇਵਾ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ।
(ਨਿੰਦਰ ਘੁਗਿਆਣਵੀ, ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ)