ਜੰਮੂ ਕਸ਼ਮੀਰ ਦੇ ਪ੍ਰਮੁੱਖ ਲੇਖਕ ਇੱਛੂਪਾਲ ਨਹੀਂ ਰਹੇ
ਲੁਧਿਆਣਾ, 29 ਅਗਸਤ 2021 - ਜੰਮੂ ਕਸ਼ਮੀਰ ਦੇ ਪ੍ਰਸਿੱਧ ਲੇਖਕ ਸਰਦਾਰ ਇੱਛੂਪਾਲ ਸਿੰਘ ਜੀ 29 ਅਗਸਤ 3 ਵਜੇ ਜੀਵਨ ਯਾਤਰਾ ਪੂਰੀ ਕਰ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 30 ਅਗਸਤ ਦੁਪਹਿਰ 12 ਵਜੇ ਉਨ੍ਹਾਂ ਦੇ ਪਿੰਡ ਦਿਹਾਰਨ ਵਿਖੇ ਕੀਤਾ ਜਾਵੇਗਾ ।
ਉਹ ਕਸ਼ਮੀਰ ਵਾਦੀ ਦੇ ਬਹੁ ਚਰਚਿੱਤ ਲੇਖਕ ਤੇ ਸ਼ੀਰਾਜ਼ਾ ਪੰਜਾਬੀ ਦੇ ਸਾਬਕਾ ਸੰਪਾਦਕ ਸਨ।
ਇਛੂਪਾਲ ਜੀ ਨੇ ਨਿੱਠ ਕੇ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਤੇ ਆਖਰੀ ਸਾਹਾਂ ਤੀਕ ਲਿਖਦੇ ਰਹੇ।
ਉਨ੍ਹਾਂ ਨੇ 30 ਤੋਂ ਵੱਧ ਪੁਸਤਕਾਂ ਲਿਖੀਆਂ। ਇਹ ਜਾਣਕਾਰੀ ਡਾ. ਬਲਜੀਤ ਸਿੰਘ ਰੈਣਾ ਸੰਪਾਦਕ ਆਬਰੂ ਨੇ ਦਿੱਤੀ ਹੈ।
ਉਹ ਮੇਰੇ ਪੁਰਾਣੇ ਸੱਜਣਾਂ ਭੁਪਿੰਦਰ ਸੂਦਨ, ਕੰਵਲ ਕਸ਼ਮੀਰੀ, ਡਾ. ਗੁਰਚਰਨ ਸਿੰਘ ਗੁਲਸ਼ਨ, ਖਾਲਿਦ ਹੁਸੈਨ ਵਾਂਗ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬ ਦੀਆਂ ਸਾਹਿੱਤ ਸਰਗਰਮੀਆਂ ਨਾਲ ਜੁੜਨ ਵਾਲੇ ਪਹਿਲੇ ਪੂਰ ਦੇ ਲੇਖਕਾਂ ਵਿੱਚੋਂ ਸਨ।
ਉਨ੍ਹਾਂ ਦਾ ਵਿਛੋੜਾ ਮੇਰੇ ਲਈ ਨਿੱਜੀ ਘਾਟਾ ਹੈ।
ਉਦਾਸ ਖ਼ਬਰ ਮਿਲਣ ਤੇ ਮੇਰਾ ਮਿੱਤਰ ਦਾਇਰਾ ਗ਼ਮਜ਼ਦਾ ਹੈ।.....ਗੁਰਭਜਨ ਗਿੱਲ